ਗੁ. ਬੇਰ ਸਾਹਿਬ ਵਿਖੇ ਹੁਣ ਡਰਾਈ ਸਟੀਮ ਨਾਲ ਤਿਆਰ ਹੋਵੇਗਾ ਲੱਖਾਂ ਸੰਗਤਾਂ ਲਈ ਲੰਗਰ
Tuesday, Nov 04, 2025 - 01:56 PM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 21 ਲੱਖ ਦੀ ਲਾਗਤ ਨਾਲ ਲਗਾਏ ਗਏ ਬੋਇਲਰ ਸਟੀਮਰ ਰਾਹੀਂ ਗਰਮ ਭਾਫ ਨਾਲ ਲੱਖਾਂ ਸੰਗਤਾਂ ਲਈ ਗੁਰੂ ਕਾ ਲੰਗਰ ਤਿਆਰ ਹੋਵੇਗਾ । ਵਿਰਕ ਬੋਇਓਲਰ ਇੰਡਸਟਰੀਜ ਜੰਡਿਆਲਾ ਗੁਰੂ ਵੱਲੋਂ ਸੇਵਾ ਭਾਵਨਾ ਨਾਲ ਲਗਾਏ ਗਏ ਇਸ ਬੋਇਲਰ ਸਟੀਮਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਅਰਦਾਸ ਕੀਤੀ ਤੇ ਉਪਰੰਤ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਬਟਨ ਦੱਬ ਕੇ ਸਟੀਮਰ ਚਾਲੂ ਕੀਤਾ। ਮੈਨੇਜਰ ਨੇ ਦੱਸਿਆ ਕਿ ਇਹ ਬੋਇਲਰ ਸਟੀਮਰ 21 ਲੱਖ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਹੈ, ਜਿਸਦੀ ਮੱਦਦ ਨਾਲ ਹੁਣ ਸੰਗਤਾਂ ਲਈ ਗੁਰੂ ਕਾ ਲੰਗਰ, ਸਬਜ਼ੀਆਂ, ਪ੍ਰਸ਼ਾਦਿ ਆਦਿ ਡਰਾਈ ਸਟੀਮ (ਭਾਫ) ਨਾਲ ਤਿਆਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸਦੀ ਸੇਵਾ ਵਿਰਕ ਬੋਇਲਰ ਇੰਡਸਟਰੀਜ ਜੰਡਿਆਲਾ ਗੁਰੂ ਵੱਲੋਂ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਰਬਾਰ ਸਾਹਿਬ ਅੰਦਰ 57 ਟਨ ਦਾ ਏ.ਸੀ. ਸਿਸਟਮ ਲਗਵਾਉਣ ਦੀ ਸੇਵਾ ਕਰਵਾਈ ਗਈ ਹੈ ਜਿਸ 'ਤੇ ਤਕਰੀਬਨ 33 ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ ।
ਮੈਨੇਜਰ ਅਵਤਾਰ ਸਿੰਘ ਤੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਅੱਜ ਸੰਗਤਾਂ ਲਈ ਏ.ਸੀ. ਸਿਸਟਮ ਨੂੰ ਵੀ ਚਾਲੂ ਕਰ ਦਿੱਤਾ ਗਿਆ ਹੈ ਜਿਸ ਨਾਲ ਦਰਬਾਰ ਸਾਹਿਬ ਅੰਦਰੋਂ ਹੁੰਮਸ ਦੀ ਸਮੱਸਿਆ ਦੂਰ ਹੋਵੇਗੀ। ਉਨ੍ਹਾਂ ਸੇਵਾ ਕਰਨ ਵਾਲੇ ਗੁਰੂ ਘਰ ਦੇ ਪ੍ਰੇਮੀ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਵਿਰਕ ਬੋਇਲਰ ਇੰਡਸਟਰੀਜ ਦੇ ਐੱਮ.ਡੀ. ਸੂਬਾ ਸਿੰਘ ਤੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਹ ਇਕ ਟਨ ਦਾ ਬੋਇਲਰ ਸਟੀਮਰ ਇਕ ਘੰਟੇ ਵਿਚ 3000 ਕਿਲੋਗਰਾਮ ਲੰਗਰ ਤਿਆਰ ਕਰਦਾ ਹੈ ਤੇ ਇਕੋ ਸਮੇਂ ਇਸ ਨਾਲ 6 ਬਰਤਨ ਰਾਹੀਂ ਲੰਗਰ ਪਕਾਇਆ ਜਾ ਸਕੇਗਾ। ਇਸ ਸਮੇ ਉਨ੍ਹਾਂ ਨਾਲ ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ, ਭਾਈ ਦਿਆਲ ਸਿੰਘ ਮੁੱਖ ਰਾਗੀ ਬੇਰ ਸਾਹਿਬ, ਭਾਈ ਸਰਵਣ ਸਿੰਘ ਇੰਚਾਰਜ ਦਰਬਾਰ ਸਾਹਿਬ, ਉਕਾਰ ਸਿੰਘ ਲੰਗਰ ਇੰਚਾਰਜ, ਗੁਰਦੁਆਰਾ ਇੰਸਪੈਕਟਰ ਜਤਿੰਦਰ ਸਿੰਘ ਗਿੱਲ , ਅੰਗਰੇਜ਼ ਸਿੰਘ , ਜਤਿੰਦਰ ਸਿੰਘ ਚਾਨੇਵਾਲ, ਸਨਮਪ੍ਰੀਤ ਸਿੰਘ ਤੇ ਹੋਰ ਸੇਵਾਦਾਰਾਂ ਸ਼ਿਰਕਤ ਕੀਤੀ ।
