ਮੁਅੱਤਲ ਡੀ.ਆਈ.ਜੀ. ਭੁੱਲਰ ਦੇ ਮਾਮਲੇ ''ਚ CBI ਮੁੜ ਮਾਛੀਵਾੜਾ ’ਚ ਜਾਂਚ ਲਈ ਪੁੱਜੀ
Tuesday, Nov 04, 2025 - 05:16 PM (IST)
ਮਾਛੀਵਾੜਾ ਸਾਹਿਬ (ਟੱਕਰ) : 5 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿਚ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿਚ ਸੀ.ਬੀ.ਆਈ. ਟੀਮ ਅੱਜ ਮੁੜ ਮਾਛੀਵਾੜਾ ਇਲਾਕੇ ਵਿਚ ਜਾਂਚ ਲਈ ਪੁੱਜੀ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਟੀਮ ਵਲੋਂ ਡੀ.ਆਈ.ਜੀ. ਭੁੱਲਰ ਦੇ ਘਰ ਮਿਲੇ ਪ੍ਰਾਪਰਟੀ ਦਸਤਾਵੇਜ਼ ਜਿਸ ਵਿਚ ਨੇੜਲੇ ਪਿੰਡ ਮੰਡ ਸ਼ੇਰੀਆਂ ਵਿਖੇ 55 ਏਕੜ ਜ਼ਮੀਨ ਅਤੇ ਸ਼ਹਿਰ ਵਿਚ ਜੋ ਦੁਕਾਨਾਂ ਹਨ ਉਸ ਸਬੰਧੀ ਜਾਂਚ ਵਿਚ ਜੁਟੀ ਹੈ। ਸੀ.ਬੀ.ਆਈ. ਟੀਮ ਵਲੋਂ ਅੱਜ ਜਿਨ੍ਹਾਂ ਵਿਅਕਤੀਆਂ ਤੋਂ ਮੁਅੱਤਲ ਡੀ.ਆਈ.ਜੀ. ਭੁੱਲਰ ਨੇ ਜਾਇਦਾਦਾਂ ਖਰੀਦੀਆਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਡ ਸ਼ੇਰੀਆਂ ਵਿਖੇ ਜੋ ਜ਼ਮੀਨ ਡੀ.ਆਈ.ਜੀ. ਭੁੱਲਰ ਵਲੋਂ ਕੁਝ ਸਾਲ ਪਹਿਲਾਂ ਖਰੀਦੀ ਗਈ ਹੈ ਉਸਨੂੰ ਵੇਚਣ ਵਾਲਿਆਂ ਨੂੰ ਸੀ.ਬੀ.ਆਈ. ਜਲਦ ਤਲਬ ਕਰ ਸਕਦੀ ਹੈ। ਸੀ.ਬੀ.ਆਈ. ਵਲੋਂ ਇਹ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਪਿੰਡ ਮੰਡ ਸ਼ੇਰੀਆਂ ਵਿਖੇ ਫਾਰਮ ਹਾਊਸ ਤੇ ਦੁਕਾਨਾਂ ਤੋਂ ਇਲਾਵਾ ਉਸਦੀ ਕੋਈ ਬੇਨਾਮੀ ਜਾਇਦਾਦ ਤਾਂ ਨਹੀਂ ਅਤੇ ਜੇਕਰ ਹੈ ਤਾਂ ਉਹ ਕਿਸਦੇ ਨਾਮ ’ਤੇ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, ਤਰੱਕੀ ਨੂੰ ਲੈ ਕੇ ਆਖਿਰ ਆ ਗਿਆ ਵੱਡਾ ਫ਼ੈਸਲਾ
ਸੀ.ਬੀ.ਆਈ. ਟੀਮ ਵਲੋਂ ਅੱਜ ਕੂੰਮਕਲਾਂ ਦੇ ਇਕ ਪਿੰਡ ਵਿਚ ਵੀ ਛਾਪੇਮਾਰੀ ਕੀਤੀ ਗਈ ਅਤੇ ਉੱਥੇ ਲਗਾਤਾਰ ਤਲਾਸ਼ੀ ਲਈ ਗਈ ਜਿਸਦੇ ਤਾਰ ਵੀ ਮੁਅੱਤਲ ਡੀ.ਆਈ.ਜੀ. ਭੁੱਲਰ ਨਾਲ ਜੁੜੇ ਹੋਏ ਹਨ। ਅੱਜ ਮਾਛੀਵਾੜਾ ਇਲਾਕੇ ਵਿਚ ਛਾਪੇਮਾਰੀ ਸਬੰਧੀ ਜਦੋਂ ਸੀ.ਬੀ.ਆਈ. ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ।
