ਗਵਾਹੀ ਲਈ ਅਦਾਲਤ ’ਚ ਨਾ ਆਉਣ ’ਤੇ ਥਾਣੇਦਾਰ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ, ਪੜ੍ਹੋ ਪੂਰਾ ਮਾਮਲਾ
Tuesday, Nov 04, 2025 - 11:14 AM (IST)
ਮੋਹਾਲੀ (ਜੱਸੀ) : ਇਕ ਹਿੰਦੂ ਆਗੂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਫਿਰ ਤੋਂ ਅਦਾਲਤ ’ਚ ਪੇਸ਼ ਨਹੀਂ ਕੀਤਾ ਗਿਆ। ਅਦਾਲਤ ’ਚ ਸਰਕਾਰੀ ਵਕੀਲ (ਪੀ.ਪੀ.) ਨੇ ਕਿਹਾ ਕਿ ਇਸ ਕੇਸ ਦਾ ਗਵਾਹ ਥਾਣੇਦਾਰ ਹਰਜੀਤ ਸਿੰਘ ਜਾਣ-ਬੁੱਝ ਕੇ ਅਦਾਲਤ ’ਚ ਪੇਸ਼ ਨਹੀਂ ਹੋ ਰਿਹਾ, ਇਸ ਲਈ ਉਕਤ ਥਾਣੇਦਾਰ ਦੇ ਗੈਰ-ਜ਼ਮਾਨਤੀ ਵਾਰੰਟ ਰਾਹੀਂ ਸੰਮਨ ਜਾਰੀ ਕੀਤੇ ਜਾਣ। ਅਦਾਲਤ ਵੱਲੋਂ ਥਾਣੇਦਾਰ ਹਰਜੀਤ ਸਿੰਘ ਵੱਲੋਂ ਬਤੌਰ ਗਵਾਹ ਅਦਾਲਤ ’ਚ ਪੇਸ਼ ਨਾ ਹੋਣ ’ਤੇ ਉਸ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ ਅਤੇ ਤਤਕਾਲੀ ਐੱਸ. ਐੱਚ. ਓ. ਭਗਵੰਤ ਸਿੰਘ ਨੂੰ ਦੁਬਾਰਾ ਅਦਾਲਤ ’ਚ ਹਾਜ਼ਰ ਹੋਣ ਲਈ ਸੰਮਨ ਭੇਜਣ ਦੇ ਹੁਕਮ ਦਿੱਤੇ ਹਨ।
ਅਦਾਲਤ ਵੱਲੋਂ ਸੁਖਪ੍ਰੀਤ ਬੁੱਢਾ ਨੂੰ ਪੇਸ਼ ਕਰਨ ਲਈ 11 ਨਵੰਬਰ ਲਈ ਉਸ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਖਰੜ ਦੇ ਇਕ ਹਿੰਦੂ ਆਗੂ ਨੇ ਥਾਣਾ ਸਿਟੀ ਖਰੜ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਨੂੰ ਖ਼ਾਲਿਸਤਾਨ ਸਮਰਥਕ ਅੱਤਵਾਦੀਆਂ ਅਤੇ ਗੈਂਗਸਟਰ ਸੁਖਪ੍ਰੀਤ ਬੁੱਢਾ ਵੱਲੋਂ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਸ ਨੂੰ ਜਾਅਲੀ ਨੰਬਰ ਪਲੇਟ ਵਾਲੀ ਇਕ ਗੱਡੀ ਰਾਹੀਂ ਰਸਤਾ ਰੋਕ ਕੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਉਕਤ ਗੱਡੀ ’ਤੇ ਲੱਗਾ ਨੰਬਰ ਮੋਟਰਸਾਈਕਲ ਦਾ ਨਿਕਲਿਆ, ਜਿਸ ’ਚ 4 ਵਿਅਕਤੀ ਬੈਠੇ ਹੋਏ ਸਨ। ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਉਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਗੈਂਗਸਟਰਾਂ ਨੂੰ ਨਸੀਹਤ ਦਿੱਤੀ ਗਈ ਸੀ ਕਿ ਉਹ ਪੰਜਾਬ ਪੁਲਸ ਸਾਹਮਣੇ ਆਤਮ-ਸਮਰਪਣ ਕਰ ਦੇਣ ਨਹੀਂ, ਪੰਜਾਬ ਪੁਲਸ ਉਨ੍ਹਾਂ ਦਾ ਵੀ ਹਾਲ ਗੈਂਗਸਟਰ ਵਿੱਕੀ ਗੌਂਡਰ ਵਰਗਾ ਕਰੇਗੀ।
ਉਸ ਦੀ ਇਸ ਪੋਸਟ ਕਾਰਨ ਕਈ ਅੱਤਵਾਦੀ ਅਤੇ ਗੈਂਗਸਟਰ ਸਖਪ੍ਰੀਤ ਬੁੱਢਾ ਭੜਕ ਗਿਆ ਅਤੇ ਉਸ ਨੂੰ ਫੋਨ ਕਰਕੇ ਉਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ, ਜਿਸ ਨੂੰ ਉਸ ਵੱਲੋਂ ਦੂਜੇ ਫੋਨ ਤੋਂ ਰਿਕਾਰਡ ਕਰ ਲਿਆ ਗਿਆ। ਉਕਤ ਫੋਨ ਕਰਨ ਵਾਲਿਆਂ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੇ ਕਈ ਮੈਸਜ ਵੀ ਭੇਜੇ ਗਏ ਅਤੇ ਵਿਦੇਸ਼ੀ ਨੰਬਰਾਂ ਤੋਂ ਉਸ ਨੂੰ ਕਈ ਧਮਕੀ ਭਰੀਆਂ ਕਾਲਾਂ ਆਈਆਂ, ਜਿਸ ’ਚ ਉਸ ਸਮੇਤ ਉਸ ਦੇ ਪਰਿਵਾਰ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੁਲਸ ਨੇ ਇਸ ਮਾਮਲੇ ’ਚ ਗੈਂਗਸਟਰ ਸੁਖਪ੍ਰੀਤ ਬੁੱਢਾ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ-307, 116, 506, 341 ਅਤੇ ਅਨ ਲਾਅ ਫੁਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ।
