'ਇਤਿਹਾਸ ਦੀ ਡਾਇਰੀ': ਆਜ਼ਾਦ ਹਿੰਦ ਫੌਜ ਦਾ ਬੋਸ, ਸੁਭਾਸ਼ ਚੰਦਰ ਬੋਸ (ਵੀਡੀਓ)
Thursday, Jan 23, 2020 - 10:54 AM (IST)
ਜਲੰਧਰ (ਬਿਊਰੋ): ਨਵੀਂ ਸਵੇਰ ਦੇ ਨਾਲ 'ਇਤਿਹਾਸ ਦੀ ਡਾਇਰੀ' ਦੇ ਇੱਕ ਹੋਰ ਨਵੇਂ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਤਾਰੀਖ ਦਰ ਤਾਰੀਖ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਇਤਿਹਾਸ ਦੀਆਂ ਕੁਝ ਜ਼ਰੂਰੀ ਘਟਨਾਵਾਂ ਦੇ ਨਾਲ ਰੂ-ਬੂ-ਰੂ ਕਰਵਾਈਏ। ਅੱਜ ਅਸੀਂ ਯਾਦ ਕਰਾਂਗੇ ਉਸ ਮਹਾਨ ਯੋਧੇ ਨੂੰ ਜਿਸਨੇ ਪਹਿਲਾਂ ਅੰਗਰੇਜ਼ੀ ਹਕੂਮਤ ਦੀ ਸਰਕਾਰੀ ਨੌਕਰੀ ਨੂੰ ਲੱਤ ਮਾਰੀ ਤੇ ਫਿਰ ਅੰਗਰੇਜ਼ਾਂ ਨੂੰ ਹੀ ਦੇਸ਼ 'ਚੋਂ ਬਾਹਰ ਭਜਾਉਣ 'ਚ ਲੱਗ ਗਿਆ। ਅਸੀਂ ਗੱਲ ਕਰ ਰਹੇ ਹਾਂ ਸੁਭਾਸ਼ ਚੰਦਰ ਬੌਸ ਦੀ, ਜਿਨ੍ਹਾਂ ਤੋਂ ਗੋਰੀ ਸਰਕਾਰ ਥਰ-ਥਰ ਕੰਬਦੀ ਸੀ। ਆਓ ਉਨ੍ਹਾਂ ਦੇ ਜੀਵਨ ਦੀਆਂ ਕੁੱਝ ਖਾਸ ਗੱਲਾਂ 'ਤੇ ਨਜ਼ਰ ਮਾਰਦੇ ਹਾਂ।
ਸੁਭਾਸ਼ ਚੰਦਰ ਬੋਸ
ਨਾਮ- 23 ਜਨਵਰੀ 1897 ਨੂੰ ਨੇਤਾ ਜੀ ਸੁਭਾਸ਼ ਚੰਦਰ ਬੌਸ ਦਾ ਜਨਮ ਹੋਇਆ ਸੀ ਤੇ ਅੱਜ ਉਹ 123 ਸਾਲ ਦੇ ਹੋ ਗਏ ਹਨ। ਨੇਤਾ ਜੀ ਭਾਂਵੇ ਅੱਜ ਇਸ ਦੁਨੀਆ 'ਚ ਮੌਜੂਦ ਨਹੀਂ ਹਨ ਪਰ ਫਿਰ ਵੀ ਉਹ ਸਾਡੇ ਆਦਰਸ਼ ਹਨ, ਨੌਜਵਾਨ ਪੀੜ੍ਹੀ ਦੇ ਮਾਰਗਦਰਸ਼ਕ ਹਨ ਤੇ ਅੱਜ ਵੀ ਉਨ੍ਹਾਂ ਤੋਂ ਸੇਧ ਲੈ ਕੇ ਅਸੀਂ ਦੇਸ਼-ਪ੍ਰੇਮ ਦਾ ਪਾਠ ਪੜ੍ਹਦੇ ਹਾਂ।
ਨੇਤਾ ਜੀ ਦੀ ਪ੍ਰੇਮ ਕਹਾਣੀ
1934 ਦੀ ਗੱਲ ਹੈ ਜਦੋਂ ਸੁਭਾਸ਼ ਚੰਦਰ ਬੌਸ ਆਸਟ੍ਰੀਆ 'ਚ ਸਨ। ਉਨਾਂ ਨੂੰ ਆਪਣੀ ਇੱਕ ਸਾਥੀ ਏਮਿਲੀ ਸ਼ੇਂਕਲ ਨਾਲ ਪਿਆਰ ਹੋ ਗਿਆ। ਦੋਵਾਂ ਨੇ ਕੁਝ ਸਾਲ ਬਾਅਦ ਵਿਆਹ ਕਰਵਾ ਲਿਆ ਪਰ ਜਨਤਾ ਨੂੰ ਇਸਦੀ ਖਬਰ ਬਹੁਤ ਸਾਲਾਂ ਬਾਅਦ ਪਤਾ ਚੱਲੀ। ਪਤਨੀ ਏਮਿਲੀ ਸ਼ੇਂਕਲ ਦੀ ਮੌਤ ਮਾਰਚ 1996 'ਚ ਹੋ ਚੁੱਕੀ ਹੈ। ਨੇਤਾ ਜੀ ਦੀ ਇੱਕ ਪੁੱਤਰੀ ਵੀ ਹੈ ਜੋ ਕਦੇ-ਕਦਾਰ ਆਪਣੇ ਪਿਤਾ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਭਾਰਤ ਆ ਜਾਂਦੀ ਹੈ।
ਪਰਿਵਾਰ ਤੋਂ ਆਦਰਸ਼ ਵੱਡੇ
ਸੁਭਾਸ਼ ਚੰਦਰ ਬੌਸ ਪੜ੍ਹਨ 'ਚ ਹੁਸ਼ਿਆਰ ਸੀ ਤੇ ਨੌਕਰੀ ਖੁਦ ਕਾਬਲੀਅਤ ਨੂੰ ਆਵਾਜ਼ ਮਾਰ ਰਹੀ ਸੀ। ਨੇਤਾ ਜੀ ਨੇ ਗੋਰਿਆਂ ਦੀ ਆਈ.ਸੀ.ਐਸ. ਦੀ ਨੌਕਰੀ 'ਤੇ ਸਿਰਫ ਇਸ ਲਈ ਲੱਤ ਮਾਰ ਦਿੱਤੀ ਕਿਉਂਕਿ ਉਹ ਅੰਗਰੇਜ਼ਾਂ ਪ੍ਰਤੀ ਵਫਾਦਾਰੀ ਦੀ ਸਹੁੰ ਨਹੀਂ ਖਾ ਸਕਦੇ ਸੀ। ਇਤਿਹਾਸ ਦੀ ਡਾਇਰੀ 'ਚ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਪਿਤਾ ਇਸ ਹਰਕਤ ਤੋਂ ਖਾਸੇ ਨਾਰਾਜ਼ ਹੋਏ ਤਾਂ ਸੁਭਾਸ਼ ਚੰਦਰ ਨੇ ਆਪਣੇ ਦੋਸਤ ਨੂੰ ਕਿਹਾ ਜੇਕਰ ਅਸੀਂ ਆਪਣੇ ਪਰਿਵਾਰ ਦੀ ਖੁਸ਼ੀ ਦੇ ਆਧਾਰ 'ਤੇ ਆਪਣੇ ਆਦਰਸ਼ ਤੈਅ ਕਰਾਂਗੇ ਤਾਂ ਉਹ ਅਸਲ 'ਚ ਆਦਰਸ਼ ਨਹੀਂ ਹੋਣਗੇ।
ਸੁਭਾਸ਼ ਚੰਦਰ ਬੌਸ ਇੱਕ ਜਾਂਬਾਜ ਨੇਤਾ
ਸੁਭਾਸ਼ ਚੰਦਰ ਬੌਸ, ਜਿਨ੍ਹਾਂ ਨੂੰ ਅਸੀਂ ਨੇਤਾ ਜੀ ਦੇ ਨਾਮ ਨਾਲ ਵੀ ਜਾਣਦੇ ਹਾਂ। ਉਹ ਅਸਲ 'ਚ ਇੱਕ ਨੇਤਾ ਸੀ, ਜਿਨ੍ਹਾਂ ਦੀਆਂ ਰਗਾਂ 'ਚ ਖੂਨ ਦੇ ਨਾਲ ਜਨੂੰਨ ਵੀ ਦੌੜਦਾ ਸੀ। ਜੈ ਹਿੰਦ ਦਾ ਨਾਅਰਾ ਨੇਤਾ ਜੀ ਨੇ ਹੀ ਦਿੱਤਾ ਸੀ ਜੋ ਅੱਜ ਰਾਸ਼ਟਰੀ ਨਾਰਾ ਹੈ। ਭਾਰਤੀ ਸੈਨਾ ਜਿਵੇਂ ਹੀ ਇਹ ਨਾਅਰਾ ਲਗਾਉਂਦੀ ਹੈ ਤਾਂ ਦੁਸ਼ਮਣਾਂ ਦੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ।
'ਤੁਮ ਮੁਝੇ ਖੂਨ ਦੋ, ਮੈਂ ਤੁਮਹੇ ਆਜ਼ਾਦੀ ਦੂੰਗਾ'
'ਤੁਮ ਮੁਝੇ ਖੂਨ ਦੋ, ਮੈਂ ਤੁਮਹੇ ਆਜ਼ਾਦੀ ਦੂੰਗਾ' ਇਹ ਉਹ ਨਾਅਰਾ ਹੈ ਜਿਸਨੇ ਲੋਕਾਂ ਦੇ ਦਿਲਾਂ 'ਚ ਆਜ਼ਾਦੀ ਦੀ ਅਜਿਹੀ ਅਲਖ ਜਗਾਈ ਕਿ ਅੰਗਰੇਜ਼ੀ ਹਕੂਮਤ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ। ਆਜ਼ਾਦੀ ਅੰਦੋਲਨ ਦਾ ਇਹ ਸਭ ਤੋਂ ਮਸ਼ਹੂਰ ਨਾਅਰਾ ਸੀ। ਲੋਕ ਨੇਤਾ ਜੀ ਦੀ ਇੱਕ ਆਵਾਜ਼ 'ਤੇ ਦੇਸ਼ ਲਈ ਜਾਨ ਲੁਟਾਉਣ ਨੂੰ ਤਿਆਰ ਸੀ।
ਆਜ਼ਾਦ ਹਿੰਦ ਫੌਜ
ਨੇਤਾ ਜੀ ਸੁਭਾਸ਼ ਚੰਦਰ ਬੌਸ ਨੇ ਦੇਸ਼ ਦੀਆਂ ਗੁਲਾਮੀ ਵਾਲੀਆਂ ਜ਼ੰਜੀਰਾਂ ਤੋੜਣ ਲਈ ਆਜ਼ਾਦ ਹਿੰਦ ਫੌਜ ਬਣਾਈ। ਦੂਸਰੇ ਵਿਸ਼ਵ ਯੁੱਧ 'ਚ ਜਾਪਾਨ ਦੀ ਮਦਦ ਨਾਲ ਆਜ਼ਾਦ ਹਿੰਦ ਫੌਜ ਦਾ ਗਠਨ ਹੋਇਆ, ਜਿਸਨੇ ਬ੍ਰਿਟਿਸ਼ ਰਾਜ ਦੀਆਂ ਜੜਾਂ ਪੁੱਟਣ 'ਚ ਵੱਡੀ ਭੂਮਿਕਾ ਅਦਾ ਕੀਤੀ। 5 ਜੁਲਾਈ 1943 ਨੂੰ ਸਿੰਗਾਪੁਰ 'ਚ ਆਜ਼ਾਦ ਹਿੰਦ ਫੌਜ ਦੇ ਸੁਪਰੀਮ ਕਮਾਂਡਰ ਦੇ ਰੂਪ 'ਚ 'ਦਿੱਲੀ ਚਲੋ' ਦਾ ਨਾਅਰਾ ਦਿੱਤਾ।
ਮੌਤ ਦਾ ਰਹੱਸ
ਸੁਭਾਸ਼ ਚੰਦਰ ਬੌਸ ਦੀ ਮੌਤ ਅੱਜ ਵੀ ਇੱਕ ਰਹੱਸ ਬਣੀ ਹੋਈ ਹੈ, ਜਿਸ 'ਤੇ ਕਾਫੀ ਸਿਆਸੀ ਘਮਾਸਾਣ ਹੋ ਚੁੱਕਿਆ ਹੈ। 23 ਅਗਸਤ 1945 ਨੂੰ ਜਪਾਨ ਦੇ ਟੋਕੀਓ ਰੇਡੀਓ 'ਤੇ ਅਨਾਊਂਸਮੈਂਟ ਹੋਈ ਕਿ 18 ਅਗਸਤ ਨੂੰ ਨੇਤਾ ਜੀ ਇੱਕ ਵੱਡੇ ਜਹਾਜ਼ ਹਾਦਸੇ 'ਚ ਸ਼ਹੀਦ ਹੋ ਗਏ ਹਨ। ਥਾਂ ਸੀ ਤਾਈਹੋਕੂ ਉਸ ਵੇਲੇ ਜਪਾਨ ਦੇ ਅਧਿਕਾਰ ਖੇਤਰ 'ਚ ਸੀ ਤੇ ਅੱਜ ਤਾਈਵਾਨ ਦਾ ਹਿੱਸਾ ਹੈ। ਮਤਲਬ 18 ਅਗਸਤ 1945 ਨੂੰ ਜਹਾਜ਼ ਹਾਦਸੇ 'ਚ ਨੇਤਾ ਜੀ ਦੀ ਮੌਤ ਹੋਣ ਦਾ ਜ਼ਿਕਰ ਹੈ ਪਰ ਨੇਤਾ ਜੀ ਦਾ ਪਰਿਵਾਰ ਇਹ ਮੰਨਣ ਨੂੰ ਤਿਆਰ ਨਹੀਂ ਹੈ। ਪਰਿਵਾਰ ਵੱਲੋਂ ਸੁਭਾਸ਼ ਜੀ ਦੇ ਮੌਤ ਸਬੰਧੀ ਦਸਤਾਵੇਜ਼ ਜਨਤਕ ਕਰਨ ਦੀ ਮੰਗ ਕਰਦਾ ਰਿਹਾ ਹੈ। ਪਰਿਵਾਰ ਦਾ ਤਰਕ ਹੈ ਕਿ ਉਹ ਰੂਸ 'ਚ ਨਜ਼ਰਬੰਦ ਸਨ।
ਭਾਰਤ ਦੀ ਆਜ਼ਾਦੀ ਤੋਂ ਬਾਅਦ 1956 ਤੇ 1977 'ਚ ਦੋ ਵਾਰ ਮੌਤ ਦੀ ਪੁਖਤਾ ਜਾਣਕਾਰੀ ਲਈ ਆਯੋਗ ਬਣਿਆ। ਦੋਵਾਂ 'ਚ ਇਹ ਕਿਹਾ ਗਿਆ ਕਿ ਨੇਤਾ ਜੀ ਦੀ ਮੌਤ ਜਹਾਜ਼ ਹਾਦਸੇ 'ਚ ਹੀ ਹੋਈ ਸੀ।ਫਿਰ 1999 'ਚ ਦੀ ਅਗੁਆਈ 'ਚ ਤੀਸਰਾ ਆਯੋਗ ਬਣਿਆ। 2005 'ਚ ਤਾਈਵਾਰ ਸਰਕਾਰ ਨੇ ਮੁਖਰਜੀ ਆਯੋਗ ਨੂੰ ਕਿਹਾ ਕੀ 1945 'ਚ ਉਨਾਂ ਦੀ ਧਰਤੀ 'ਤੇ ਕੋਈ ਜਹਾਜ਼ ਹਾਦਸਾ ਨਹੀਂ ਹੋਇਆ ਤੇ ਨਾ ਹੀ ਨੇਤਾ ਜੀ ਸੁਭਾਸ਼ ਚੰਦਰ ਬੌਸ ਦੀ ਮੌਤ ਦਾ ਕੋਈ ਪੁਖਤਾ ਸਬੂਤ ਹੈ।ਇਸ ਤੋਂ ਬਾਅਦ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਮੁਖਰਜੀ ਆਯੋਗ ਦੀ ਰਿਪੋਰਟ ਨੂੰ ਸਵੀਕਾਰ ਨਹੀਂ ਕੀਤਾ।
ਨੇਤਾ ਜੀ ਦਾ ਅੰਤਿਮ ਸਮਾਂ ਅੱਜ ਵੀ ਰਹੱਸ ਹੈ। 18 ਅਗਸਤ 1945 ਤੋਂ ਬਾਅਦ ਸੁਭਾਸ਼ ਚੰਦਰ ਬੌਸ ਕਿੱਥੇ ਗਏ ਭਾਰਤ ਦੇ ਇਤਿਹਾਸ ਦਾ ਇਹ ਇੱਕ ਅਣਸੁਲਝਿਆ ਪੰਨਾ ਹੈ।
23 ਜਨਵਰੀ ਦਾ ਇਤਿਹਾਸ ਸਾਡੇ ਵਰਤਮਾਨ ਨਾਲ ਹੋਰ ਕਿਵੇਂ ਜੁੜਿਆ ਹੋਇਆ ਹੈ ਇਸ 'ਤੇ ਵੀ ਨਜ਼ਰ ਮਾਰ ਲੈਂਦੇ ਹਾਂ।
23 ਜਨਵਰੀ 1926 ਨੂੰ ਬਾਲਾ ਸਾਹਿਬ ਠਾਕਰੇ ਦਾ ਜਨਮ ਹੋਇਆ ਸੀ। ਮਹਾਰਾਸ਼ਟਰ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਚਿਹਰਾ ਦੀ ਬਾਲਾ ਸਾਹਿਬ ਠਾਕਰੇ। 1966 'ਚ ਉਨਾਂ ਨੇ ਸ਼ਿਵ ਸੈਨਾ ਪਾਰਟੀ ਬਣਾਈ। ਉਨਾਂ ਦੀ ਇਜਾਜ਼ਤ ਤੋਂ ਬਿਨਾਂ ਮਹਾਰਾਸ਼ਟਰਾ 'ਚ ਪੱਤਾ ਵੀ ਹਿੱਲਣ ਦੀ ਜ਼ੁੱਰਤ ਨਹੀਂ ਕਰਦਾ ਸੀ।
23 ਜਨਵਰੀ 1973 'ਚ ਅੱਜ ਦੇ ਹੀ ਦਿਨ ਲੰਬੇ ਸੰਘਰਸ਼ ਤੋਂ ਬਾਅਦ ਅਮਰੀਕਾ ਤੇ ਵਿਅਤਨਾਮ 'ਚ ਸ਼ਾਂਤੀ ਸਮਝੌਤਾ ਹੋਇਆ ਸੀ।
23 ਜਨਵਰੀ 1977 'ਚ ਜਨਤਾ ਪਾਰਟੀ ਦਾ ਗਠਨ ਹੋਇਆ ਸੀ। ਇੰਦਰਾ ਗਾਂਧੀ ਵੱਲੋਂ ਐਮਰਜੰਸੀ ਲਗਾਉਣ ਤੋਂ ਬਾਅਦ ਜਨਸੰਘ ਸਮੇਤ ਹੋਰ ਸਿਆਸੀ ਦਲਾਂ ਇੱਕ ਹੋ ਗਏ ਤੇ ਨਵਾਂ ਸੰਗਠਨ ਸਾਹਮਣੇ ਆਇਆ ਨਾਮ ਸੀ ਜਨਤਾ ਪਾਰਟੀ। ਜਨਤਾ ਪਾਰਟੀ ਦਾ ਸਾਲ 2013 'ਚ ਬੀ.ਜੇ.ਪੀ 'ਚ ਵਿਲਯ ਹੋ ਗਿਆ।