ਡੀ. ਐੱਸ. ਪੀ. ਭੁਲੱਥ ਨੇ ਕੀਤੀ ਥਾਣਾ ਸੁਭਾਨਪੁਰ ਦੀ ਚੈਕਿੰਗ

02/21/2018 12:33:47 PM

ਕਪੂਰਥਲਾ (ਭੂਸ਼ਣ)— ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੇ ਹੁਕਮਾਂ 'ਤੇ ਜ਼ਿਲੇ ਭਰ ਵਿਚ ਚਲਾਈ ਜਾ ਰਹੀ ਮੁਹਿੰਮ ਸਦਕਾ ਵੱਡੀ ਗਿਣਤੀ ਵਿਚ ਅਪਰਾਧੀ ਸਲਾਖਾਂ ਪਿੱਛੇ ਪੁੱਜ ਗਏ ਹਨ। ਇਸ ਪੂਰੀ ਮੁਹਿੰਮ ਦੌਰਾਨ ਸਾਰੇ ਪੁਲਸ ਕਰਮਚਾਰੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਥਾਣਿਆਂ 'ਚ ਡਿਊਟੀ ਦੌਰਾਨ ਹਾਜ਼ਰ ਰਹਿਣ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਦੇ ਹੱਲ ਕਰਵਾਉਣ। ਇਹ ਪ੍ਰਗਟਾਵਾ ਡੀ. ਐੱਸ. ਪੀ. ਭੁਲੱਥ ਸੰਦੀਪ ਸਿੰਘ ਮੰਡ ਨੇ ਥਾਣਾ ਸੁਭਾਨਪੁਰ ਦੀ ਅਚਾਨਕ ਚੈਕਿੰਗ ਦੌਰਾਨ ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਸੁਭਾਨਪੁਰ ਪੁਲਸ ਥਾਣਾ ਪੂਰੇ ਸੂਬੇ ਦੇ ਅੰਮ੍ਰਿਤਸਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜ ਮਾਰਗ ਦਾ ਅਹਿਮ ਥਾਣਾ ਹੈ। ਜੋ ਕਪੂਰਥਲਾ ਸ਼ਹਿਰ ਨੂੰ ਵੀ ਨੈਸ਼ਨਲ ਹਾਈਵੇਅ ਨਾਲ ਜੋੜਦਾ ਹੈ। 
ਉਨ੍ਹਾਂ ਨੇ ਕਿਹਾ ਕਿ ਭੁਲੱਥ ਸਬ-ਡਿਵੀਜ਼ਨ ਤਹਿਤ ਆਉਂਦੇ ਚਾਰੇ ਥਾਣਿਆਂ ਭੁਲੱਥ, ਬੇਗੋਵਾਲ, ਸੁਭਾਨਪੁਰ ਅਤੇ ਢਿੱਲਵਾਂ ਦੀ ਅਚਾਨਕ ਚੈਕਿੰਗ ਦਾ ਦੌਰ ਲਗਾਤਾਰ ਚਲਦਾ ਰਹੇਗਾ ਅਤੇ ਸਾਰੇ ਪੁਲਸ ਥਾਣਿਆਂ ਨੂੰ ਡਰੱਗ ਮਾਫੀਆ ਅਤੇ ਅਪਰਾਧਿਕ ਅਨਸਰਾਂ ਖਿਲਾਫ ਵੱਡੀ ਮੁਹਿੰਮ ਛੇੜਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਰਾਸ਼ਟਰੀ ਰਾਜ ਮਾਰਗ 'ਤੇ ਨਾਈਟ ਡੋਮੀਨੇਸ਼ਨ ਤੇਜ਼ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਨੈਸ਼ਨਲ ਹਾਈਵੇ 'ਤੇ ਹਾਦਸਿਆਂ ਨੂੰ ਰੋਕਣ ਲਈ ਤੇਜ਼ ਰਫਤਾਰ ਗੱਡੀਆਂ ਖਿਲਾਫ ਵਿਸ਼ੇਸ਼ ਮੁਹਿੰਮ ਛੇੜੀ ਜਾਵੇ ਤਾਂ ਕਿ ਸੜਕ ਹਾਦਸਿਆਂ ਦੀ ਗਿਣਤੀ ਨੂੰ ਹੋਰ ਵੀ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਥਾਣਿਆਂ 'ਚ ਆਉਣ ਵਾਲੇ ਆਮ ਲੋਕਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇ ਅਤੇ ਸਕੂਲ-ਕਾਲਜਾਂ ਦੇ ਬਾਹਰ ਪੁਲਸ ਗਸ਼ਤ ਕੀਤੀ ਜਾਵੇ। ਇਸ ਮੌਕੇ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਹਰਦੀਪ ਸਿੰਘ ਵੀ ਮੌਜੂਦ ਸਨ।


Related News