ਸਰਕਾਰੀ ਸਕੂਲਾਂ ''ਚ ਕਿਤਾਬਾਂ ਤੋਂ ਬਿਨਾਂ ਪੜ੍ਹ ਰਹੇ ਨੇ ਵਿਦਿਆਰਥੀ

Wednesday, Jul 12, 2017 - 07:55 AM (IST)

ਬਨੂੜ  (ਗੁਰਪਾਲ) - ਬੇਸ਼ੱਕ ਸੂਬੇ ਵਿਚ ਸਰਕਾਰ ਬਦਲ ਗਈ ਹੈ ਪਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਨੁਹਾਰ ਨਹੀਂ ਬਦਲੀ। ਇਹ ਬੱਚੇ ਅੱਜ ਵੀ ਜਿੱਥੇ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ, ਉਥੇ 101 ਦਿਨ ਬੀਤਣ ਦੇ ਬਾਵਜੂਦ ਵੀ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਅਜੇ ਤੱਕ ਪੂਰੀਆਂ ਕਿਤਾਬਾਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ। ਬਿਨਾਂ ਕਿਤਾਬਾਂ ਤੋਂ ਇਹ ਬੱਚੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿਸ਼ੇ ਦੀਆਂ ਕਿਤਾਬਾਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ। ਹਰੇਕ ਸਰਕਾਰ ਵੱਲੋਂ ਮੁਢਲੀ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਜੋ ਲੀਡਰਾਂ ਦੇ ਬਿਆਨਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ। 
ਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਬਲਾਕ ਵਿਚ 40 ਦੇ ਲਗਭਗ ਪ੍ਰਾਇਮਰੀ ਸਕੂਲ ਹਨ, ਜਿੱਥੇ ਗਰੀਬ ਘਰਾਂ ਦੇ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦੇ ਹਨ। ਪਹਿਲੀ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਕਿਤਾਬਾਂ ਮੁਫਤ ਦੇਣ ਦਾ ਐਲਾਨ ਕੀਤਾ ਹੋਇਆ ਹੈ। ਸਰਕਾਰ ਦੇ ਮੁਢਲੀ ਸਿੱਖਿਆ ਮਜ਼ਬੂਤ ਕਰਨ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੋ ਰਹੇ ਹਨ, ਜਦੋਂ 101 ਦਿਨ ਬੀਤ ਜਾਣ ਦੇ ਬਾਵਜੂਦ ਵੀ ਗਰੀਬ ਘਰਾਂ ਦੇ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਬਿਨਾਂ ਕਿਤਾਬਾਂ ਤੋਂ ਵਿੱਦਿਆ ਪ੍ਰਾਪਤ ਕਰ ਰਹੇ ਹਨ। 


Related News