ਵੱਡੀ ਖ਼ਬਰ ; PSEB ਨੇ ਬਦਲੀਆਂ ਕਿਤਾਬਾਂ, Syllabus ''ਚ ਵੀ ਹੋਏ ਵੱਡੇ ਬਦਲਾਅ
Wednesday, Sep 18, 2024 - 05:43 AM (IST)
ਲੁਧਿਆਣਾ (ਵਿੱਕੀ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੇ ਜ਼ਿਲ੍ਹਾ ਪ੍ਰਬੰਧਕਾਂ ਅਤੇ ਖੇਤਰੀ ਦਫਤਰਾਂ ਨੂੰ ਸਾਲ 2025-26 ਲਈ ਨਵੀਆਂ ਅਤੇ ਸੋਧੀਆਂ ਹੋਈਆਂ ਪਾਠ ਪੁਸਤਕਾਂ ਦੀ ਮੰਗ ਮੁੱਖ ਦਫਤਰ ਨੂੰ ਸਮੇਂ ’ਤੇ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਪੱਤਰ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸੂਚਨਾ ਐਕਸਲ ਸ਼ੀਟ ਮੁਤਾਬਕ 20 ਸਤੰਬਰ ਤੱਕ ਮੰਗ ਮੁੱਖ ਦਫਤਰ ਨੂੰ ਭੇਜੀ ਜਾਣੀ ਹੈ। ਇਸ ਦੇ ਨਾਲ ਹੀ ਬੋਰਡ ਨੇ ਨਵੀਆਂ ਲਾਗੂ ਕੀਤੀਆਂ ਜਾ ਰਹੀਆਂ ਅਤੇ ਸੋਧੀਆਂ ਹੋਈਆਂ ਪਾਠ ਪੁਸਤਕਾਂ ਦੀ ਸੂਚੀ ਵੀ ਭੇਜੀ ਹੈ, ਜਿਸ ਨਾਲ ਖੇਤਰੀ ਦਫਤਰ ਸਮੇਂ ਸਿਰ ਆਪਣੀ ਮੰਗ ਨੂੰ ਸਹੀ ਤਰੀਕੇ ਨਾਲ ਦਰਜ ਕਰ ਸਕਣ।
ਪੱਤਰ ’ਚ ਸਪੱਸ਼ਟ ਤੌਰ ’ਤੇ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਪੁਸਤਕ ਜਾਂ ਪੁਸਤਕਾਂ ਦੀ ਸਥਿਤੀ ਵਿਕਰੀ ਜਾਂ ਵੰਡਣ ਦੇ ਯੋਗ ਨਹੀਂ ਹਨ ਤਾਂ ਉਨ੍ਹਾਂ ਨੂੰ ਸਟਾਕ ’ਚ ਦਰਜ ਨਾ ਕੀਤਾ ਜਾਵੇ। ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਰੀਆਂ ਪਾਠ ਪੁਸਤਕਾਂ ਉੱਚ ਗੁਣਵੱਤਾ ਦੀਆਂ ਹੋਣ ਅਤੇ ਵਿਦਿਆਰਥੀਆਂ ਤੱਕ ਸਮੇਂ ’ਤੇ ਪਹੁੰਚਾਈਆਂ ਜਾ ਸਕਣ।
ਜ਼ਿਕਰਯੋਗ ਕਿ ਬੋਰਡ ਵੱਲੋਂ ਨਵੇਂ ਸੈਸ਼ਨ ’ਚ ਪਹਿਲੀ, ਦੂਜੀ, ਤੀਜੀ, 6ਵੀਂ, 10ਵੀਂ, 11ਵੀਂ ਅਤੇ 12ਵੀਂ ਦੇ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ’ਚ ਬਦਲਾਅ ਕੀਤਾ ਜਾ ਰਿਹਾ ਹੈ। ਪੀ.ਐੱਸ.ਈ.ਬੀ. ਵੱਲੋਂ ਭੇਜੀ ਗਈ ਸੂਚੀ ’ਚ ਕੁੱਲ 29 ਕਿਤਾਬਾਂ ਬਦਲੀਆਂ ਜਾਂ ਰਹੀਆਂ ਹਨ, ਜਿਸ ’ਚ ਗਣਿਤ, ਪੰਜਾਬੀ, ਇੰਗਲਿਸ਼, ਕੰਪਿਊਟਰ ਸਾਇੰਸ, ਸੋਸ਼ਲ ਸਾਇੰਸ, ਸਿਵਿਕਸ, ਕੰਪਿਊਟਰ ਸਾਇੰਸ, ਅਕਾਊਂਟੈਂਸੀ, ਬਿਜ਼ਨੈੱਸ ਸਟੱਡੀਜ਼, ਇਕਨਾਮਿਕਸ, ਪੋਲਿਟੀਕਲ ਸਾਇੰਸ, ਫੰਡਾਮੈਂਟਲ ਆਫ ਈ-ਬਿਜ਼ਨੈੱਸ, ਫੰਕਸ਼ਨਲ ਇੰਗਲਿਸ਼, ਟੈਕਨਾਲੋਜੀ ਇਨ ਐਵਰੀ-ਡੇ ਲਾਈਫ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ।
ਇਹ ਵੀ ਪੜ੍ਹੋ- ਕਿਸਮਤ ਹੋਵੇ ਤਾਂ ਅਜਿਹੀ ; 24 ਘੰਟੇ 'ਚ 2 ਵਾਰ ਨਿਕਲੀ ਲਾਟਰੀ, ਫ਼ਿਰ ਵੀ ਚਿਹਰੇ 'ਤੇ ਛਾਈ ਉਦਾਸੀ, ਜਾਣੋ ਵਜ੍ਹਾ
ਪੁਸਤਕਾਂ ਦੀ ਮੰਗ ਅਤੇ ਸਟਾਕ ਪ੍ਰਬੰਧ ’ਤੇ ਵਿਸ਼ੇਸ਼ ਧਿਆਨ
ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਆਮ ਕਰ ਕੇ ਦੇਖਿਆ ਗਿਆ ਹੈ ਕਿ ਨਵੀਆਂ ਲਾਗੂ ਕੀਤੀਆਂ ਜਾ ਰਹੀਆਂ ਪੁਸਤਕਾਂ ਦੀ ਮੰਗ ਪਹਿਲਾਂ ਤੋਂ ਪ੍ਰਿੰਟ ਕੀਤੀਆਂ ਪੁਸਤਕਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ 2025-26 ਲਈ ਭੇਜੀ ਜਾ ਰਹੀ ਐਕਸਲ ਸ਼ੀਟ ’ਚ ਇਨ੍ਹਾਂ ਪੁਸਤਕਾਂ ਦੀ ਮੰਗ ਨੂੰ ਸਹੀ ਤਰੀਕੇ ਨਾਲ ਦਰਜ ਕਰਨਾ ਜ਼ਰੂਰੀ ਹੋਵੇਗਾ, ਨਾਲ ਹੀ ਖੇਤਰੀ ਦਫਤਰਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਨ੍ਹਾਂ ਦੇ ਸਟਾਕ ’ਚ ਜਿੰਨੀਆਂ ਕਿਤਾਬਾਂ ਉਪਲਬਧ ਹਨ, ਉਨ੍ਹਾਂ ਦੀ ਸਹੀ ਗਿਣਤੀ ਦਾ ਧਿਆਨ ਰੱਖਦੇ ਹੋਏ ਹੀ ਮੰਗ ਕੀਤੀ ਜਾਵੇ। ਜੇਕਰ ਕਿਸੇ ਖੇਤਰੀ ਦਫਤਰ ਕੋਲ ਜ਼ਿਆਦਾ ਸਟਾਕ ਹੋਵੇਗਾ ਤਾਂ ਉਨ੍ਹਾਂ ਦੀਆਂ ਪੁਸਤਕਾਂ ਨੂੰ ਹੋਰਨਾਂ ਦਫਤਰਾਂ ਜਾਂ ਲੋੜਵੰਦ ਬਲਾਕਾਂ ’ਚ ਬਦਲੀ ਕੀਤਾ ਜਾ ਸਕਦਾ ਹੈ।
ਪਾਠਕ੍ਰਮ ’ਚ ਬਦਲਾਅ
ਬੋਰਡ ਵੱਲੋਂ ਜਾਰੀ ਐਕਸਲ ਸ਼ੀਟ ਦੇ ਲੜੀਵਾਰ 345 ਤੋਂ 347 ’ਚ ਦਰਜ ‘ਮਾਡਰਨ ਆਫਿਸ ਪ੍ਰੈਕਟਿਸ-12’ ਦੀ ਜਗ੍ਹਾ ਹੁਣ ‘ਫੰਡਾਮੈਂਟਲ ਆਫ ਈ-ਬਿਜ਼ਨੈੱਸ-12’ ਪਾਠਕ੍ਰਮ ’ਚ ਸ਼ਾਮਲ ਕੀਤਾ ਜਾਵੇਗਾ। ਇਸ ਦੇ ਸਬੰਧ ਵਿਚ ਪਹਿਲਾਂ ਵ੍ਹਟਸਐਪ ਗਰੁੱਪ ’ਤੇ ਸੂਚਿਤ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਸਾਰੇ ਖੇਤਰੀ ਦਫਤਰਾਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਇਸ ਬਦਲਾਅ ਨੂੰ ਧਿਆਨ ’ਚ ਰੱਖਦੇ ਹੋਏ ਆਪਣੀ ਮੰਗ ਅਤੇ ਪ੍ਰੋਫਾਰਮੇ ’ਚ ਜ਼ਰੂਰੀ ਸੋਧ ਕਰ ਲੈਣ। ਇਸ ਤੋਂ ਇਲਾਵਾ ਜ਼ਿਲਾ ਪੱਧਰ ’ਤੇ ਬੁਕ ਕੋ-ਆਰਡੀਨੇਟਰਸ, ਬੀ.ਪੀ.ਈ.ਓ. ਅਤੇ ਸਬੰਧਤ ਅਧਿਕਾਰੀ ਜੋ ਪੁਸਤਕਾਂ ਦੀ ਮੰਗ ਅਤੇ ਵੇਰਵੇ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ- ਆਸਟ੍ਰੇਲੀਆ 'ਚ 150 ਪ੍ਰਾਈਵੇਟ ਕਾਲਜਾਂ ਨੂੰ ਲੱਗੇ 'ਤਾਲੇ', ਪੰਜਾਬੀਆਂ ਸਣੇ ਸੈਂਕੜੇ ਭਾਰਤੀ ਵਿਦਿਆਰਥੀਆਂ 'ਤੇ ਡਿੱਗੀ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e