11ਵੀਂ ਦਾ ਵਿਦਿਆਰਥੀ ਲਾਪਤਾ , ਕਾਪੀ ''ਚ ਮਿਲਿਆ ਫਾਹਾ ਲਾਉਣ ਦਾ ਡਾਇਗ੍ਰਾਮ

Wednesday, Sep 27, 2017 - 12:16 PM (IST)

ਚੰਡੀਗੜ੍ਹ (ਸੁਸ਼ੀਲ) : ਸੈਕਟਰ-36ਡੀ ਦੇ ਗੁਰੂ ਨਾਨਕ ਪਬਲਿਕ ਸਕੂਲ 'ਚ 11ਵੀਂ ਕਲਾਸ ਦਾ ਵਿਦਿਆਰਥੀ ਕੁਲਚੀਫ 22 ਸਤੰਬਰ ਨੂੰ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ। ਉਹ ਸੈਕਟਰ-40 ਸਥਿਤ ਆਪਣੇ ਘਰ ਤੋਂ ਟਿਊਸ਼ਨ ਦਾ ਪਤਾ ਕਰਨ ਨਿਕਲਿਆ ਸੀ। ਰਾਤ ਤਕ ਉਹ ਨਾ ਆਇਆ ਤਾਂ ਉਸਦੇ ਵੱਡੇ ਭਰਾ ਰੰਜੀਵਾ ਨੇ ਉਸ ਦੀ ਅਲਮਾਰੀ ਦੀ ਤਲਾਸ਼ੀ ਲਈ ਤਾਂ ਉਸਦੀ ਕਾਪੀ 'ਚ ਪੱਖੇ ਨਾਲ ਫਾਹਾ ਲਾਉਣ ਦਾ ਡਾਇਗ੍ਰਾਮ ਬਣਿਆ ਹੋਇਆ ਸੀ। ਸੂਤਰਾਂ ਅਨੁਸਾਰ ਗਾਇਬ ਹੋਇਆ ਬੱਚਾ ਬਲੂ ਵ੍ਹੇਲ ਖੇਡ ਰਿਹਾ ਸੀ। ਪਰਿਵਾਰ ਦੀ ਸ਼ਿਕਾਇਤ 'ਤੇ ਸੈਕਟਰ-39 ਥਾਣਾ ਪੁਲਸ ਨੇ ਕੁਲਚੀਫ ਦੇ ਲਾਪਤਾ ਹੋਣ ਦਾ ਕੇਸ ਦਰਜ ਕਰ ਲਿਆ ਹੈ।
ਪੁਲਸ ਕੁਲਚੀਫ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰ ਰਹੀ ਹੈ। ਸੋਮਵਾਰ ਨੂੰ ਪੰਚਕੂਲਾ ਦੇ ਸੈਕਟਰ-4 ਦੇ ਰਹਿਣ ਵਾਲੇ 16 ਸਾਲਾ ਕਰਨ ਠਾਕੁਰ ਨੇ ਬਲੂ ਵ੍ਹੇਲ ਗੇਮ ਖੇਡਦੇ ਹੋਏ ਜਾਨ ਦੇ ਦਿੱਤੀ ਸੀ, ਜਿਸਦੀ ਜਾਣਕਾਰੀ ਵੀ ਪੰਚਕੂਲਾ ਪੁਲਸ ਨੇ ਲਈ। ਪੁਲਸ ਨੇ ਕੁਲਚੀਫ ਦੇ ਕਰਨ ਨਾਲ ਸੰਪਰਕ 'ਚ ਹੋਣ ਦੇ ਹਰ ਪਹਿਲੂ ਨੂੰ ਲੈ ਕੇ ਪੰਚਕੂਲਾ ਪੁਲਸ ਤੋਂ ਜਾਣਕਾਰੀ ਲਈ ਹੈ। ਇਸ ਤੋਂ ਇਲਾਵਾ ਕੁਲਚੀਫ ਦੇ ਪਰਿਵਾਰ ਨੇ ਕਈ ਸ਼ਹਿਰਾਂ 'ਚ ਕੁਲਚੀਫ ਦੇ ਲਾਪਤਾ ਹੋਣ ਦੇ ਪੋਸਟਰ ਲਾ ਦਿੱਤੇ ਹਨ। ਪਰਿਵਾਰ ਨੇ ਕੁਲਚੀਫ ਦਾ ਸੁਰਾਗ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਥੇ ਹੀ ਪੁਲਸ ਟੀਮ ਉਸਦੀ ਭਾਲ ਹੁਸ਼ਿਆਰਪੁਰ 'ਚ ਵੀ ਕਰ ਰਹੀ ਹੈ। ਕੁਲਚੀਫ ਮੂਲ ਰੂਪ ਤੋਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ।
ਸੈਕਟਰ-40 ਨਿਵਾਸੀ ਰੰਜੀਵਾ ਨੇ ਦੱਸਿਆ ਕਿ ਉਹ ਤੇ ਉਸਦਾ ਛੋਟਾ ਭਰਾ ਅਪ੍ਰੈਲ 'ਚ ਇਥੇ ਆਏ ਸਨ। ਉਹ ਸਿਵਲ ਸਰਵਿਸ ਦੀ ਤਿਆਰੀ ਕਰ ਰਿਹਾ ਹੈ, ਜਦੋਂਕਿ ਉਸਦਾ ਭਰਾ ਸੈਕਟਰ-36ਡੀ ਦੇ ਗੁਰੂ ਨਾਨਕ ਪਬਲਿਕ ਸਕੂਲ 'ਚ 11ਵੀ 'ਚ ਪੜ੍ਹ ਰਿਹਾ ਹੈ। 22 ਸਤੰਬਰ ਦੀ ਸ਼ਾਮ ਕੁਲਚੀਫ ਕੋਚਿੰਗ ਸੈਂਟਰ ਦੀ ਭਾਲ 'ਚ ਸੈਕਟਰ-36 ਦੀ ਮਾਰਕੀਟ ਲਈ ਨਿਕਲਿਆ ਸੀ ਪਰ ਘਰ ਨਹੀਂ ਆਇਆ। ਕਾਫੀ ਲੱਭਣ ਤੋਂ ਬਾਅਦ ਵੀ ਉਸਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਰੰਜੀਵਾ ਨੇ ਉਸਦੀ ਅਲਮਾਰੀ ਦੀ ਤਲਾਸ਼ੀ ਲਈ ਤਾਂ ਕੁਲਚੀਫ ਦੀ ਕਾਪੀ 'ਚ ਇਕ ਡਾਇਗ੍ਰਾਮ ਮਿਲਿਆ, ਜਿਸ ਨੂੰ ਦੇਖ ਕੇ ਉਸਨੇ ਪਰਿਵਾਰ ਨਾਲ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪਰਿਵਾਰ ਵੀ ਚੰਡੀਗੜ੍ਹ ਪਹੁੰਚ ਗਿਆ। ਫਿਲਹਾਲ ਉਹ ਵਾਪਿਸ ਹੁਸ਼ਿਆਰਪੁਰ ਚਲੇ ਗਏ ਹਨ ਤੇ ਉਥੇ ਆਪਣੇ ਪੱਧਰ 'ਤੇ ਬੇਟੇ ਦੀ ਭਾਲ ਕਰ ਰਹੇ ਹਨ।
ਮੋਬਾਇਲ ਫੋਨ ਬੰਦ, ਆਖਰੀ ਲੋਕੇਸ਼ਨ ਮੋਹਾਲੀ ਰੇਲਵੇ ਸਟੇਸ਼ਨ ਦੀ
ਕੁਲਚੀਫ ਦੇ ਗਾਇਬ ਹੋਣ ਤੋਂ ਬਾਅਦ ਪੁਲਸ ਨੇ ਉਸ ਦੇ ਮੋਬਾਇਲ ਦੀ ਆਖਰੀ ਲੋਕੇਸ਼ਨ ਜਾਂਚੀ, ਜੋ ਮੋਹਾਲੀ ਰੇਲਵੇ ਸਟੇਸ਼ਨ ਦੀ ਮਿਲੀ। ਇਸ ਤੋਂ ਬਾਅਦ ਕੁਲਚੀਫ ਦਾ ਮੋਬਾਇਲ ਬੰਦ ਹੋ ਗਿਆ। ਕੁਲਚੀਫ ਦੀ ਕਾਪੀ 'ਚ ਬਣੇ ਡਾਇਗ੍ਰਾਮ 'ਚ ਬੱਚੇ ਨੂੰ ਪੱਖੇ ਨਾਲ ਲਟਕਦਾ ਦਿਖਾਇਆ ਗਿਆ ਹੈ। ਨਾਲ ਹੀ ਫਰਵਰੀ 2017, 22 ਅਗਸਤ, 22 ਸਤੰਬਰ ਦੀ ਤਰੀਕ ਲਿਖੀ ਹੈ। ਇਸ ਤੋਂ ਬਾਅਦ ਅਗਲੀ ਤਰੀਕ 29 ਅਗਸਤ ਲਿਖੀ ਹੈ।


Related News