ਦੋਰਾਹਾ ਨੇੜੇ ਵਾਪਰੇ ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਘਰੋਂ ਸਕੂਲ ਗਏ ਪੁੱਤ ਨੂੰ ਰਸਤੇ ’ਚ ਮਿਲੀ ਮੌਤ
Saturday, Oct 23, 2021 - 01:57 PM (IST)
 
            
            ਦੋਰਾਹਾ (ਵਿਨਾਇਕ) : ਅੱਜ ਸਵੇਰੇ ਆਪਣੇ ਘਰੋਂ ਸਕੂਲ ਜਾ ਰਹੇ ਦਸਵੀਂ ਜਮਾਤ ਵਿਦਿਆਰਥੀਆਂ ਨੂੰ ਇੱਕ ਤੇਜ਼ ਰਫਤਾਰ ਪ੍ਰਾਈਵੇਟ ਫੈਕਟਰੀ ਦੀ ਵੈਨ ਨੇ ਜ਼ੋਰਦਾਰ ਫੇਟ ਮਾਰ ਦਿੱਤੀ, ਜਿਸ ਕਾਰਨ ਵਿਦਿਆਰਥੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 2 ਵਿਦਿਆਰਥੀ ਵਾਲ ਵਾਲ ਬੱਚ ਗਏ, ਜਿਨ੍ਹਾਂ ਦੇ ਮਾਮੂਲੀ ਸੱਟਾਂ ਲਗੀਆਂ ਹਨ। ਬਾਅਦ ਵਿਚ ਮ੍ਰਿਤਕ ਵਿਦਿਆਰਥੀ ਦੀ ਪਛਾਣ ਤਰਨਪ੍ਰੀਤ ਸਿੰਘ (15 ਸਾਲ) ਪੁੱਤਰ ਦਲਵਿੰਦਰ ਸਿੰਘ ਵਾਸੀ ਪਿੰਡ ਦੋਬੁਰਜੀ ਥਾਣਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਹ ਹਾਦਸਾ ਸਵੇਰੇ 8.15 ਵਜੇ ਦੇ ਕਰੀਬ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਤਰਨਪ੍ਰੀਤ ਸਿੰਘ ਆਪਣੇ ਸਾਥੀ ਵਿਦਿਆਰਥੀਆਂ ਨਾਲ ਲਾਗਲੇ ਪਿੰਡ ਬਿਲਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪੜ੍ਹਨ ਲਈ ਰੋਜ਼ਾਨਾ ਦੀ ਤਰ੍ਹਾਂ ਪੈਦਲ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪਤਨੀ ਨੇ ਘਰ ਤੇ ਪਤੀ ਨੇ ਥਾਣੇ ’ਚ ਕੀਤੀ ਖ਼ੁਦਕੁਸ਼ੀ, ਖਾਣੇ ’ਚ ਆਈ ਸਬਜੀ ਨਾਲ ਕੰਧ ’ਤੇ ਲਿਖਿਆ ਸੁਸਾਇਡ ਨੋਟ
ਇਸ ਦੌਰਾਨ ਰਾਸਤੇ ਵਿਚ ਤਰਨਪ੍ਰੀਤ ਸਿੰਘ ਆਪਣੇ ਸਾਥੀ ਵਿਦਿਆਰਥੀਆਂ ਨਾਲ ਕਿਸੇ ਰਾਹਗੀਰ ਦੇ ਮੋਟਰਸਾਈਕਲ ’ਤੇ ਸਵਾਰ ਹੋ ਗਿਆ। ਜਿਵੇਂ ਹੀ ਮੋਟਰਸਾਈਕਲ ਸਵਾਰ ਵਿਦਿਆਰਥੀ ਲੁਧਿਆਣਾ-ਚੰਡੀਗੜ੍ਹ ਦੱਖਣੀ ਬਾਈਪਾਸ ’ਤੇ ਪੈਂਦੇ ਗੁਰਦੁਆਰਾ ਸਾਹਿਬ ਬਾਬੇ ਸ਼ਹੀਦ, ਅਜਨੌਦ ਦੇ ਮੋੜ ’ਤੇ ਪੁੱਜੇ ਤਾਂ ਪਿੰਡ ਬਿਲਾਸਪੁਰ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਪ੍ਰਾਈਵੇਟ ਫੈਕਟਰੀ ਦੀ ਵੈਨ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਹਾਦਸੇ ’ਚ ਤਰਨਪ੍ਰੀਤ ਸਿੰਘ ਵੈਨ ਦੇ ਹੇਠਾਂ ਆ ਕੇ ਦਰੜਿਆ ਗਿਆ ਤੇ ਉਸ ਦੀ ਹਾਦਸੇ ਵਾਲੀ ਥਾਂ ’ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਦੂਸਰੇ ਸਾਥੀ ਦੂਸਰੇ ਪਾਸੇ ਵੱਲ ਡਿੱਗਣ ਕਾਰਨ ਬੱਚ ਗਏ। ਇਸ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਵੈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਦੋਰਾਹਾ ਪੁਲਸ ਨੇ ਮੌਕੇ ’ਤੇ ਪੁੱਜ ਕੇ ਇਸ ਹਾਦਸੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜੇਲ ’ਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਇਸ ਸਬੰਧ ਵਿਚ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਐੱਸ.ਆਈ. ਬਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਸ ਹਾਦਸੇ ਦੀ ਗਹਿਰਾਈ ਨਾਲ ਜਾਂਚ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਕਾਂਗਰਸ ’ਚ ਫਿਰ ਵਧੀ ਹਲਚਲ, ਦਿੱਲੀ ਰਵਾਨਾ ਹੋਏ ਰੰਧਾਵਾ ਤੇ ਆਸ਼ੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            