ਪਰਾਲੀ ਨੂੰ ਲੱਗੀ ਅੱਗ ਦਾ ਕਹਿਰ! ਸੇਕ ਤੋਂ ਧੂੰਏਂ ਕਾਰਨ ਵਿਚ ਆ ਡਿੱਗੇ 3 ਨੌਜਵਾਨ, ਬੁਰੀ ਤਰ੍ਹਾਂ ਝੁਲਸੇ
Saturday, Nov 02, 2024 - 12:45 PM (IST)
ਫਿਰੋਜ਼ਪੁਰ (ਸੰਨੀ): ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਪਰ ਕੁਝ ਕਿਸਾਨ ਅਜਿਹਾ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਸ ਕਾਰਨ ਪ੍ਰਦੂਸ਼ਣ ਤਾਂ ਹੋ ਹੀ ਰਿਹਾ ਹੈ, ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਪਿੰਡ ਜੈਮਲਵਾਲਾ ਵਿਖੇ ਦਰਦਨਾਕ ਹਾਦਸਾ ਵੀ ਵਾਪਰ ਗਿਆ। ਝੋਨੇ ਦੀ ਪਰਾਲੀ ਨੂੰ ਲਗਾਈ ਗਈ ਅੱਗ ਦੀ ਲਪੇਟ ਵਿਚ ਆਏ ਤਿੰਨ ਨੌਜਵਾਨ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਮੱਲਾਂਵਾਲਾ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ AP ਢਿੱਲੋਂ ਘਰ ਫ਼ਾਇਰਿੰਗ ਮਾਮਲੇ 'ਚ ਨਵਾਂ ਮੋੜ
ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੋਵੇਂ ਸਕੇ ਭਰਾ ਪਿੰਡ ਕਮਾਲਾ ਬੋਧਲਾ ਅਤੇ ਅਨਮੋਲਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਵਸਤੀ ਬਗੇਵਾਲਾ ਆਪਣੇ ਘਰ ਤੋਂ ਕਸਬਾ ਮੱਲਾਂਵਾਲਾ ਵਿਖੇ ਦੀਵਾਲੀ ਦਾ ਸਾਮਾਨ ਲੈਣ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਜੈਮਲਵਾਲਾ ਦੇ ਕਿਸਾਨ ਅਸ਼ੋਕ ਕੁਮਾਰ ਮੋਗਾ ਅਤੇ ਮੇਸ਼ਾ ਪੁੱਤਰ ਸੋਹਣ ਲਾਲ ਵੱਲੋਂ ਆਪਣੀ ਜਮੀਨ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਰੱਖੀ ਸੀ। ਇਹ ਨੌਜਵਾਨ ਜਦੋਂ ਸੜਕ ਵਿਚੋਂ ਲੰਘਣ ਲੱਗੇ ਤਾਂ ਧੂੰਏਂ ਅਤੇ ਅੱਗ ਦੇ ਸੇਕ ਅੱਗੇ ਬੇਵੱਸ ਹੋ ਕੇ ਡਿੱਗ ਪਏ ਅਤੇ ਅੱਗ ਦੀ ਲਪੇਟ ਵਿਚ ਆ ਗਏ। ਜਿਸ ਕਾਰਨ ਤਿੰਨੇ ਨੌਜਵਾਨਾਂ ਦੀਆਂ ਲੱਤਾਂ ਬਾਹਾਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ ਅਤੇ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ । ਜ਼ਖ਼ਮੀ ਨੌਜਵਾਨਾਂ ਨੂੰ ਮੱਲਾਂਵਾਲਾ ਵਿਖੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਮੁਤਾਬਕ ਤਿੰਨਾਂ ਨੌਜਵਾਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8