ਤੂੜੀ ਦੀਆਂ ਓਵਰਲੋਡ ਟਰਾਲੀਆਂ ਕਾਰਨ ਵਾਪਰ ਸਕਦੈ ਵੱਡਾ ਹਾਦਸਾ

Monday, Oct 30, 2017 - 01:08 PM (IST)

ਤੂੜੀ ਦੀਆਂ ਓਵਰਲੋਡ ਟਰਾਲੀਆਂ ਕਾਰਨ ਵਾਪਰ ਸਕਦੈ ਵੱਡਾ ਹਾਦਸਾ


ਫਰੀਦਕੋਟ (ਹਾਲੀ) - ਪੰਜਾਬ ਤੇ ਹਰਿਆਣਾ ਹਾਈ ਕਰੋਟ ਸਮੇਤ ਸਰਕਾਰੀ ਹੁਕਮਾਂ ਦੀ ਲੋਕ ਕਿੰਨੀ ਕੁ ਪ੍ਰਵਾਹ ਕਰਦੇ ਹਨ ਇਸ ਦੀ ਮਿਸਾਲ ਇਥੋਂ ਦੀਆਂ ਸੜਕਾਂ 'ਤੇ ਚਲਦੀਆਂ ਤੂੜੀ ਅਤੇ ਨਰਮੇ ਦੀਆਂ ਛਿਟੀਆਂ ਵਾਲੀਆਂ ਟਰਾਲੀਆਂ ਤੋਂ ਮਿਲਦੀ ਹੈ ਕਿ ਕਿਵੇਂ ਲੋਕ ਬੇਖੋਫ ਹੋ ਕੇ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਜ਼ਿਕਰਯੋਗ ਹੈ ਕਿ ਸਥਾਨਕ ਸਰਕੂਲਰ ਰੋਡ, ਫਿਰੋਜ਼ਪੁਰ ਰੋਡ, ਕੋਟਕਪੂਰਾ ਰੋਡ ਤੋਂ ਨਿਕਲਦੀਆਂ ਪਿੰਡ ਕੰਮੇਆਨਾ, ਕਿਲਾ ਨੌ, ਮਚਾਕੀ, ਪਿਪਲੀ, ਪੱਕਾ ਦੀਆਂ ਲਿੰਕ ਸੜਕਾਂ ਤੋਂ ਇਲਾਵਾ ਜੀ. ਟੀ. ਰੋਡ 'ਤੇ ਓਵਰਲੋਡ ਟਾਰਲੀਆਂ ਰਾਹੀਂ ਸ਼ਰੇਆਮ ਨਿਯਮਾਂ ਦੀ ਉੁਲੰਘਣਾ ਹੋ ਰਹੀ ਹੈ। ਇਸ ਵੱਲ ਕਿਸੇ ਦਾ ਧਿਆਨ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਜਾਣਕਾਰੀ ਅਨੁਸਾਰ ਆਸ-ਪਾਸ ਦੇ ਪਿੰਡਾਂ 'ਚੋਂ ਆਉਣ ਵਾਲੀਆਂ ਓਵਰਲੋਡ ਟਰਾਲੀਆਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿਰਫ ਡਰਾਈਵਰ ਦੇ ਸਹਾਰੇ ਚੱਲਣ ਵਾਲੀਆਂ ਟਰਾਲੀਆਂ 20 ਤੋਂ 25 ਫੁੱਟ ਉੱਪਰ ਤੱਕ ਭਰੀਆਂ ਹੋਣ ਕਾਰਨ ਸੜਕਾਂ ਉੱਪਰ ਪਲਟ ਜਾਣ 'ਤੇ ਇਨ੍ਹਾਂ 'ਚ ਭਰੀ ਤੂੜੀ ਜਾਂ ਛਿਟੀਆਂ ਖਿਲਰਨ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਇਸ ਨਾਲ ਲੋਕਾਂ ਨੂੰ ਆਪਣੇ ਕੰਮਕਾਜ 'ਤੇ ਜਾਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਓਵਰਲੋਡ ਵ੍ਹੀਕਲਾਂ 'ਤੇ ਰਿਫਲੈਕਟਰ ਜਾਂ ਲਾਈਟਾਂ ਨਾ ਲੱਗੀਆਂ ਹੋਣ 'ਤੇ ਰਾਤ ਵੇਲੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। 

ਕੀ ਕਹਿੰਦੇ ਹਨ ਅਧਿਕਾਰੀ
ਇਸ ਮਾਮਲੇ ਸਬੰਧੀ ਜਦੋਂ ਜ਼ਿਲਾ ਟਰਾਂਸਪੋਰਟ ਦਫਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਓਵਰਲੋਡ ਟਰਾਲੀਆਂ ਦੇ ਚਲਾਨ ਕੱਟੇ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਆ ਰਹੀ ਪ੍ਰੇਸ਼ਾਨੀ ਦੂਰ ਹੋ ਸਕੇ।


Related News