ਤੂਫ਼ਾਨ ਕਾਰਨ ਵੱਡੇ ਪੱਧਰ ’ਤੇ ਹੋਇਆ ਨੁਕਸਾਨ, ਮੀਂਹ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Monday, May 26, 2025 - 10:26 AM (IST)

ਜ਼ੀਰਾ (ਮਨਜੀਤ ਢਿੱਲੋਂ) : ਤੇਜ਼ ਝੱਖੜ-ਤੂਫ਼ਾਨ ਕਾਰਨ ਜਿੱਥੇ ਅਸਮਾਨ ’ਚ ਇਕਦਮ ਹਨ੍ਹੇਰਾ ਛਾ ਗਿਆ, ਉੱਥੇ ਤੇਜ਼ ਹਨ੍ਹੇਰੀ ਅਤੇ ਝੱਖੜ ਕਾਰਨ ਇਲਾਕੇ ਅੰਦਰ ਵੱਡੇ ਪੱਧਰ ’ਤੇ ਲੋਕਾਂ ਦਾ ਨੁਕਸਾਨ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ 6 ਵਜੇ ਦੇ ਕਰੀਬ ਅਚਾਨਕ ਬਹੁਤ ਹੀ ਤੇਜ਼ ਹਨ੍ਹੇਰੀ ਆ ਗਈ ਅਤੇ ਅਚਾਨਕ ਬਿਜਲੀ ਸਪਲਾਈ ਠੱਪ ਹੋ ਗਈ, ਜਿਸ ਕਾਰਨ ਧੂੜ ਮਿੱਟੀ ਉੱਡਣ ਕਾਰਨ ਆਲੇ-ਦੁਆਲੇ ਹਨ੍ਹੇਰਾ ਛਾ ਗਿਆ ਅਤੇ ਸੜਕਾਂ ਉਤੋਂ ਲੰਘਣਾ ਮੁਸ਼ਕਲ ਹੋ ਗਿਆ।
ਇਸ ਤੇਜ਼ ਝੱਖੜ ਕਾਰਨ ਕਈ ਦਰੱਖਤ ਪੁੱਟ ਕੇ ਸੜਕਾਂ ਅਤੇ ਇਧਰ-ਉਧਰ ਡਿੱਗ ਪਏ ਅਤੇ ਕਈ ਥਾਈਂ ਬਿਜਲੀ ਦੇ ਖੰਭੇ ਵੀ ਟੁੱਟ ਕੇ ਡਿੱਗ ਪਏ ਜਦੋਂ ਕਿ ਕਈ ਦਰੱਖਤ ਵਾਹਨਾਂ ’ਤੇ ਡਿੱਗਣ ਕਾਰਨ ਜ਼ੀਰਾ ਇਲਾਕੇ ’ਚ ਵੱਡੀ ਪੱਧਰ ’ਤੇ ਲੋਕਾਂ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਜਦੋਂ ਕਿ ਕਈ ਵਿਅਕਤੀ ਜ਼ਖਮੀ ਵੀ ਹੋ ਗਏ।
ਇਸ ਤੋਂ ਇਲਾਵਾ ਹਨੇਰੀ ਕਾਰਨ ਦਰੱਖਤ ਪੁੱਟ ਕੇ ਬਿਜਲੀ ਸਪਲਾਈ ਵਾਲੀਆਂ ਤਾਰਾਂ ’ਤੇ ਡਿੱਗ ਪਏ ਅਤੇ ਹਨ੍ਹੇਰੀ ਕਾਰਨ ਕਈ ਥਾਈ ਤਾਰਾਂ ਟੁੱਟ ਜਾਣ ਕਾਰਨ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਅਚਾਨਕ ਠੱਪ ਕਰ ਦਿੱਤੀ ਗਈ ਅਤੇ ਇਲਾਕੇ ਦੇ ਲੋਕਾਂ ਤੇ ਦੁਕਾਨਦਾਰਾਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਸੜਕਾਂ ਤੋਂ ਲੰਘਣ ਵਾਲੇ ਰਾਹਗੀਰ ਝੱਖੜ ਤੂਫਾਨ ’ਚ ਫਸ ਕੇ ਰਹਿ ਗਏ।