ਵੱਡੀ ਖ਼ਬਰ : ਟਕਸਾਲ ਤੇ ਸਤਿਕਾਰ ਕਮੇਟੀ ਨੇ ਚੋਰੀ ਹੋਏ 4 ਪਾਵਨ ਸਰੂਪ ਗੋਰਾ ਬਾਬਾ ਦੇ ਘਰੋਂ ਕੀਤੇ ਬਰਾਮਦ

05/31/2023 2:48:13 PM

ਪਟਿਆਲਾ (ਮਨਦੀਪ ਜੋਸਨ) : ਇਥੇ ਸਥਿਤ ਕਲਿਆਣ ਗੁਰਦੁਆਰਾ ਸਾਹਿਬ ਅਰਦਾਸਪੁਰਾ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਫ਼ਰੀ ਸਰੂਪ ਚੋਰੀ ਹੋਣ ਦੇ ਮਾਮਲੇ ’ਚ ਚਰਚਾ ’ਚ ਆਏ ਲਖਬੀਰ ਸਿੰਘ ਉਰਫ਼ ਗੋਰਾ ਬਾਬਾ ’ਤੇ ਵੱਡੀ ਕਾਰਵਾਈ ਕਰਦਿਆਂ ਬਾਬੇ ਦੇ ਘਰੋਂ ਬੀਤੇ ਦਿਨ ਦਮਦਮੀ ਟਕਸਾਲ (ਅਜਨਾਲਾ) ਦੇ ਮੁਖੀ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਹੇਠ ਟਕਸਾਲ ਤੇ ਸਤਿਕਾਰ ਕਮੇਟੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕ ਹੱਥ ਲਿਖਤ ਸਮੇਤ ਚਾਰ ਸਰੂਪ ਚੁੱਕ ਲਏ ਹਨ। ਇਸ ਤੋਂ ਇਲਾਵਾ ਘਰ ’ਚ ਜਿੰਨੀਆਂ ਵੀ ਪੋਥੀਆਂ ਸਨ ਅਤੇ ਗੁਰੂਆਂ ਦੀਆਂ ਤਸਵੀਰਾਂ ਸਨ, ਉਹ ਵੀ ਚੁੱਕ ਕੇ ਲੈ ਗਏ।

PunjabKesari

ਇਹ ਵੀ ਪੜ੍ਹੋ- ਪੰਜਾਬ ਕੈਬਨਿਟ 'ਚ ਕੀਤੇ ਵਿਸਥਾਰ ਤੋਂ ਬਾਅਦ CM ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ

ਜ਼ਿਕਰਯੋਗ ਹੈ ਕਿ ਗੋਰਾ ਬਾਬਾ ’ਤੇ ਉਸ ਦੀ ਨੂੰਹ ਜਸਬੀਰ ਕੌਰ ਨੇ ਦੋਸ਼ ਲਗਾਏ ਸਨ ਕਿ ਸਫ਼ਰੀ ਸਰੂਪ (ਢਾਈ ਇੰਚ ਬਾਇ ਡੇਢ ਇੰਚ) ਨੂੰ ਗੋਰਾ ਬਾਬਾ, ਉਸ ਦੇ ਪੁੱਤਰ ਤੇ ਉਸ ਦੀ ਪਤਨੀ ਨੇ ਘਰ ’ਚ ਅਗਨ ਭੇਟ ਦਿੱਤੇ ਸਨ ਕਿਉਂਕਿ ਸਫ਼ਰੀ ਸਰੂਪ ਚੋਰੀ ਹੋਣ ਦਾ ਮਾਮਲਾ ਕਾਫ਼ੀ ਭੱਖ ਗਿਆ ਸੀ। ਇਸ ਕਾਰਣ ਉਸ ਵੱਲੋਂ ਕਥਿਤ ਚੋਰੀ ਕੀਤਾ ਸਰੂਪ ਉਜਾਗਰ ਹੋਣ ਤੋਂ ਬਾਅਦ ਗੋਰਾ ਬਾਬਾ ਦੇ ਸਖ਼ਤ ਕਾਰਵਾਈ ਹੋਣੀ ਸੀ ਤਾਂ ਹੀ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਫ਼ਰੀ ਸਰੂਪ ਨੂੰ ਕਥਿਤ ਅਗਨ ਭੇਟ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੋਰੇ ਬਾਬੇ ਦੀ ਨੂੰਹ ਜਸਬੀਰ ਕੌਰ ਨੇ ਗੋਰੇ ਬਾਬੇ ਦੇ ਮੁੰਡੇ ’ਤੇ ਚਾਰ ਵਿਆਹ ਕਰਾਉਣ ਦੇ ਦੋਸ਼ ਵੀ ਲਗਾਏ ਸਨ।

ਇਹ ਵੀ ਪੜ੍ਹੋ- ਬਾਈਕ ਰਾਈਡਿੰਗ ਰਾਹੀਂ ਵਿਸ਼ਵ ਦੇ ਸਭ ਤੋਂ ਵੱਧ ਉੱਚਾਈ ਵਾਲੇ ਪੋਸਟ ਆਫ਼ਿਸ ਪੁੱਜੇ ਮਜੀਠੀਆ, ਸਾਂਝੀ ਕੀਤੀਆਂ ਤਸਵੀਰਾਂ

ਇਥੇ ਆਏ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਪਹਿਲਾਂ ਵੀ ਸਾਨੂੰ ਪਤਾ ਸੀ ਕਿ ਸਫ਼ਰੀ ਸਰੂਪ ਚੋਰੀ ਨਹੀਂ ਹੋਏ ਸਨ ਪਰ ਸਾਡੇ ਕੋਲ ਕੋਈ ਸਬੂਤ ਨਹੀਂ ਸੀ। ਹੁਣ ਅੱਖਾਂ ਦੇਖੀ ਸਬੂਤ ਬੀਬੀ ਜਸਬੀਰ ਕੌਰ ਨੇ ਸਾਨੂੰ ਦੇ ਦਿੱਤਾ ਹੈ। ਅਸੀਂ ਬੀਬੀ ਜਸਬੀਰ ਕੌਰ ਦੀ ਗਵਾਹੀ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਕਿ ਇਸ ਦੇ ਘਰੋਂ ਗੁਰੂ ਮਹਾਰਾਜ ਦੇ ਇਕ ਹੱਥ ਲਿਖਤ ਸਮੇਤ ਚਾਰ ਸਰੂਪ ਸਤਿਕਾਰ ਸਹਿਤ ਚੁੱਕ ਲਏ ਹਨ। ਹੋਰ ਵੀ ਗੁਰੂ ਮਹਾਰਾਜਾ ਨਾਲ ਸਬੰਧਤ ਸਾਮਾਨ ਚੁੱਕ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਗੋਰੇ ਬਾਬਾ, ਉਸ ਦੀ ਪਤਨੀ ਤੇ ਉਸ ਦੇ ਪੁੱਤਰ ’ਤੇ ਪੁਲਸ ਵੱਲੋਂ ਤੁਰੰਤ ਕੇਸ ਦਰਜ ਕੀਤਾ ਜਾਵੇ। ਅਮਰੀਕ ਸਿੰਘ ਨੇ ਪ੍ਰਸ਼ਾਸਨ ਤੋਂ ਇਹ ਮੰਗ ਵੀ ਕੀਤੀ ਕਿ ਇਸ ਕਾਂਡ ਦਾ ਖ਼ੁਲਾਸਾ ਕਰਨ ਵਾਲੀ ਬੀਬੀ ਜਸਬੀਰ ਕੌਰ ਦੀ ਜਾਨ ਮਾਲ ਦੀ ਰੱਖੀ ਕਰਨ ਦਾ ਪੂਰਾ ਜ਼ਿੰਮਾ ਹੁਣ ਜ਼ਿਲ੍ਹਾ ਪ੍ਰਸ਼ਾਸਨ ’ਤੇ ਹੈ। ਜੇਕਰ ਉਸ ਬੀਬੀ ਨੂੰ ਕੁਝ ਹੋਇਆ ਤਾਂ ਉਸ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News