ਸੂਬੇ ਦੀਆਂ ਤਿੰਨ ਪਾਰਟੀਆਂ ਦੇ ਗੱਠਜੋੜ ਨਾਲ ਨਵੀਂ ਸਿਆਸੀ ਫ਼ਿਜ਼ਾ ਦਾ ਹੋਇਆ ਆਗ਼ਾਜ਼ : ਪਰਮਿੰਦਰ ਢੀਂਡਸਾ
Friday, Jan 21, 2022 - 08:00 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਸੰਗਰੂਰ ਤੋਂ ਸਾਂਝੇ ਉਮੀਦਵਾਰ ਅਰਵਿੰਦ ਖੰਨਾ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਗ੍ਰਹਿ ਵਿਖੇ ਪੁੱਜੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਅਰਵਿੰਦ ਖੰਨਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਲਈ ਸੰਗਰੂਰ ਹਲਕੇ ਦੇ ਵਰਕਰਾਂ ਦਾ ਭਰਵਾਂ ਇਕੱਠ ਕੀਤਾ ਗਿਆ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੂਬੇ ਦੀਆਂ ਤਿੰਨ ਪਾਰਟੀਆਂ ਦੇ ਗੱਠਜੋੜ ਨਾਲ ਨਵੀਂ ਸਿਆਸੀ ਫ਼ਿਜ਼ਾ ਦਾ ਆਗ਼ਾਜ਼ ਹੋਇਆ ਹੈ, ਜਿਸ ਨਾਲ ਪੰਜਾਬ ਆਰਥਿਕ ਤੇ ਸਮਾਜਿਕ ਸੰਕਟ ਵਿੱਚੋਂ ਬਾਹਰ ਨਿਕਲ ਕੇ ਖੁਸ਼ਹਾਲੀ ਤੇ ਤਰੱਕੀ ਦੇ ਰਾਹ ਪਵੇਗਾ । ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੀਆਂ ਨਜ਼ਰਾਂ ਗਠਜੋੜ ’ਤੇ ਟਿਕੀਆਂ ਹਨ |
ਢੀਂਡਸਾ ਨੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਪੂਰੀ ਮਿਹਨਤ ਅਤੇ ਸ਼ਕਤੀ ਨਾਲ ਅਰਵਿੰਦ ਖੰਨਾ ਦੀ ਜਿੱਤ ਨੂੰ ਯਕੀਨੀ ਬਣਾਉਣ ’ਚ ਅਹਿਮ ਰੋਲ ਅਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਹਲਕੇ ਦੇ ਲੋਕਾਂ ਦੇ ਹਾਣ ਦਾ ਮਿੱਥਿਆ ਕਾਰਜ ਪੂਰਾ ਨਹੀਂ ਕਰ ਸਕਦੇ । ਹਲਕੇ ਦੀ ਭਲਾਈ ਤੇ ਸੇਵਾ ਦੇ ਕਾਰਜ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਦਾ ਗੱਠਜੋੜ ਹੀ ਕਰ ਸਕਦਾ ਹੈ । ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ, ਬਾਦਲ ਦਲ ਤੇ ਆਪ ਢਾਂਚਾਗਤ ਸੁਧਾਰਾਂ ਤੇ ਸੂਬੇ ਦੇ ਭਵਿੱਖ ਦੀ ਰਣਨੀਤੀ ਦੀ ਬਜਾਏ ਜਿੱਤਣ ਖਾਤਰ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ।
ਪਿਛਲੇ ਲੰਬੇ ਸਮੇਂ ਲਟਕ ਰਹੀਆਂ ਮੰਗਾਂ, ਜਿਵੇਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆਂ ਦੇ ਹੱਲ ਲਈ ਭਾਜਪਾ ਨਾਲ ਗੱਠਜੋੜ ਸਹੀ ਸਮਝਦਿਆਂ ਪੰਜਾਬ ਦੇ ਬਿਹਤਰ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਗੱਠਜੋੜ ਕੀਤਾ ਗਿਆ ਹੈ | ਇਸ ਮੌਕੇ ਖੰਨਾ ਨੇ ਢੀਂਡਸਾ ਅਤੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਖਦੇਵ ਸਿੰਘ ਢੀਂਡਸਾ ਦੀ ਉਂਗਲ ਫੜ੍ਹ ਕੇ ਹੀ ਸਿਆਸਤ ਵਿੱਚ ਆਏ ਸਨ ।ਉਨ੍ਹਾਂ ਨੇ ਪਹਿਲਾਂ ਵੀ ਸੰਗਰੂਰ ’ਚ ਬਤੌਰ ਵਿਧਾਇਕ ਸੇਵਾ ਕੀਤੀ ਹੈ ਅਤੇ ਹੁਣ ਫਿਰ ਉਹ ਢੀਂਡਸਾ ਦੇ ਕਹਿਣ 'ਤੇ ਮੁੜ ਸੰਗਰੂਰ ਵਾਸੀਆਂ ਦੀ ਸੇਵਾ ’ਚ ਹਾਜ਼ਰ ਹਨ । ਇਸ ਮੌਕੇ ਵੱਡੀ ਗਿਣਤੀ ਵਰਕਰਾਂ ਦੇ ਇਕੱਠ ਨੇ ਹੱਥ ਖੜ੍ਹੇ ਕਰਕੇ ਅਰਵਿੰਦ ਖੰਨਾ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਅਹਿਦ ਲਿਆ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ’ਚ ਸ਼ਾਮਲ ਹੋ ਕੇ ਅਰਵਿੰਦ ਖੰਨਾ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਬਚੀ, ਸਨਮੁੱਖ ਸਿੰਘ ਮੋਖਾ, ਅਮਨਵੀਰ ਸਿੰਘ ਚੈਰੀ, ਸੋਮਾ ਸਿੰਘ ਘਰਾਚੋਂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਦੇਵ ਸਿੰਘ ਰੋਗਲਾ ਤੇ ਮਲਕੀਤ ਸਿੰਘ ਚੰਗਾਲ, ਕੇਵਲ ਸਿੰਘ ਜਨਾਲ ਤੋਂ ਇਲਾਵਾ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹਾਜ਼ਰ ਸਨ।