ਪਟਨਾ ਸ਼ਹਿਰ ਦੀ ਧਰਤੀ ਦਾ ਕਣ-ਕਣ ਮੁਸਕਰਾਇਆ ਏ...

01/05/2017 1:07:45 PM

ਪਟਨਾ (ਜੁਗਿੰਦਰ ਸੰਧੂ, ਕੁਲਦੀਪ ਬੇਦੀ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ''ਚ ਅੱਜ ਪਟਨਾ ਸ਼ਹਿਰ ਦੀ ਧਰਤੀ ਦਾ ਕਣ-ਕਣ ਮੁਸਕਰਾ ਰਿਹਾ ਹੈ। ਗੁਰਪੁਰਬ ਸੰਬੰਧੀ ਲੱਖਾਂ ਦੀ ਗਿਣਤੀ ਸੰਗਤਾਂ ਦੇਸ਼-ਵਿਦੇਸ਼ ਤੋਂ ਆ ਕੇ ਪਵਿੱਤਰ ਧਰਤੀ ''ਤੇ ਨਤਮਸਤਕ ਹੋ ਰਹੀਆਂ ਹਨ ਅਤੇ ਪੂਰਾ ਪਟਨਾ ਸ਼ਹਿਰ ਖਾਲਸਾਈ ਰੰਗ ''ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਗੁਰਾਂ ਦੀ ਇਸ ਪਵਿੱਤਰ ਧਰਤੀ ''ਤੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਬੁੱਧਵਾਰ ਨੂੰ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਤੋਂ ਆਰੰਭ ਹੋਇਆ, ਜਿਸ ਦੀ ਸੰਪੂਰਨਤਾ ਤਖਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ। ਗਾਂਧੀ ਮੈਦਾਨ ਤੋਂ ਨਗਰ ਕੀਰਤਨ ਦੀ ਆਰੰਭਤਾ ਸਮੇਂ ਸੁਨਿਹਰੀ ਪਾਲਕੀ ''ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ। ਨਗਰ ਕੀਰਤਨ ਦੀ ਅਗਵਾਈ ਰਵਾਇਤੀ ਲਿਬਾਸ ਅਤੇ ਸ਼ਸਤਰਾਂ ਨਾਲ ਸਜੇ ਪੰਜ ਪਿਆਰਿਆਂ ਨੇ ਕੀਤੀ, ਜਦੋਂ ਕਿ ਨਗਰ ਕੀਰਤਨ ਦੀ ਰਵਾਨਗੀ ਸਮੇਂ ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ, ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਮੱਕੜ, ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਅਤੇ ਹੋਰ ਸੰਤ-ਮਹਾਂਪੁਰਸ਼ ਮੌਜੂਦ ਸਨ। ਨਗਰ ਕੀਰਤਨ ''ਚ ਗੁਰੂ ਕੀਆਂ ਲਾਡਲੀਆਂ ਫੌਜਾਂ ਘੋੜਿਆਂ ''ਤੇ ਸਵਾਰ ਹੋ ਕੇ ਸ਼ਸਤਰਾਂ ਨਾਲ ਲੈਸ ਹੋ ਕੇ ਸ਼ਾਮਲ ਹੋਈਆਂ। ਨਗਰ ਕੀਰਤਨ ਦੇ ਨਾਲ-ਨਾਲ ਫੌਜੀ ਬੈਂਡ ਵਿਸ਼ੇਸ਼ ਧੁਨਾਂ ਵਜਾ ਰਿਹਾ ਸੀ। ਇਸ ਦੌਰਾਨ ਦਰਜਨ ਦੇ ਕਰੀਬ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ। ਨਗਰ ਕੀਰਤਨ ਦੇ ਰਸਤੇ ਨੂੰ ਬਿਹਾਰ ਸਰਕਾਰ ਦੀਆਂ ਵਿਸ਼ੇਸ਼ ਗੱਡੀਆਂ ਵੱਲੋਂ ਪਾਣੀ ਨਾਲ ਧੋਤਾ ਗਿਆ ਅਤੇ ਵੱਡੀ ਗਿਣਤੀ ''ਚ ਸੰਗਤਾਂ ਪੂਰੇ ਰਸਤੇ ਦੀ ਸਫਾਈ ਕਰ ਰਹੀਆਂ ਸਨ। ਸ੍ਰੀ ਪਾਲਕੀ ਸਾਹਿਬ ਦੇ ਮਗਰ ਚੱਲ ਰਹੀਆਂ ਸੰਗਤਾਂ ਉੱਚੀ ਆਵਾਜ਼ ''ਚ ਇਸ ਸ਼ਬਦ ਦਾ ਗਾਇਨ ਕਰ ਰਹੀਆਂ ਸਨ—''ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ'', ''ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ''।
ਲੱਖਾਂ ਸੰਗਤਾਂ ਹੋਈਆਂ ਸ਼ਾਮਲ
ਨਗਰ ਕੀਰਤਨ ''ਚ ਲੱਖਾਂ ਦੀ ਗਿਣਤੀ ''ਚ ਸ਼ਰਧਾਲੂ ਸ਼ਾਮਲ ਹੋਏ, ਜਿਹੜੇ ਉੱਚੀ ਆਵਾਜ਼ ''ਚ ''ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ'' ਦੇ ਜੈਕਾਰੇ ਲਾ ਰਹੇ ਹਨ। ਰਸਤੇ ''ਚ ਪਟਨਾ ਵਾਸੀ ਆਪੋ-ਆਪਣੇ ਘਰਾਂ ਦੀਆਂ ਛੱਤਾਂ ''ਤੇ ਖੜ੍ਹੇ ਹੋ ਕੇ ਇਸ ਆਲੌਕਿਕ ਦ੍ਰਿਸ਼ ਦਾ ਨਜ਼ਾਰਾ ਲੈ ਰਹੇ ਸਨ।
ਸੁਰੱਖਿਆ ਦੇ ਸਖਤ ਪ੍ਰਬੰਧ
ਗੁਰਪੁਰਬ ਦੇ ਸਮਾਗਮਾਂ ਦੌਰਾਨ ਸੁਰੱਖਿਆ ਦੇ ਬੇਹੱਦ ਸਖਤ ਇੰਤਜ਼ਾਮ ਕੀਤੇ ਗਏ ਸਨ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਆਈ. ਜੀ. ਰੈਂਕ ਦਾ ਇਕ ਅਧਿਕਾਰੀ ਕਰ ਰਿਹਾ ਸੀ, ਜਦੋਂ ਕਿ 4 ਐੱਸ. ਐੱਸ. ਪੀ., 6 ਡੀ. ਐੱਸ. ਪੀ. ਅਤੇ ਇਕ ਹਜ਼ਾਰ ਦੇ ਕਰੀਬ ਸੁਰੱਖਿਆ ਜਵਾਨ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੇ ਸਨ। ਇਸ ਤੋਂ ਇਲਾਵਾ ਨਗਰ ਕੀਰਤਨ ਦੇ ਸਾਰੇ ਰਸਤੇ ''ਤੇ ਦੋਹੀਂ ਪਾਸੀਂ ਸੁਰੱਖਿਆ ਮੁਲਾਜ਼ਮਾਂ ਦੀ ਪੱਕੇ ਤੌਰ ''ਤੇ ਤਾਇਨਾਤੀ ਕੀਤੀ ਗਈ ਸੀ। ਨਗਰ ਕੀਰਤਨ ਦੌਰਾਨ ਕੁੱਲ ਮਿਲਾ ਕੇ 6 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਸਨ। ਵੱਡੀ ਗਿਣਤੀ ''ਚ ਮੁਲਾਜ਼ਮ ਸਾਦੇ ਕੱਪੜਿਆਂ ''ਚ ਨਗਰ ਕੀਰਤਨ ਦੇ ਨਾਲ ਚੱਲ ਰਹੇ ਸਨ
ਨਗਰ ਕੀਰਤਨ ਮਾਰਗ ਨੂੰ ਆਮ ਆਵਾਜਾਈ ਲਈ ਕੀਤਾ ਬੰਦ
ਗਾਂਧੀ ਮੈਦਾਨ ਤੋਂ ਸ਼ੁਰੂ ਹੋ ਕੇ ਤਖਤ ਸ੍ਰੀ ਹਰਿਮੰਦਰ ਸਾਹਿਬ ਤੱਕ ਦੇ ਨਗਰ ਕੀਰਤਨ ਵਾਲੇ ਰਸਤੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਇਸ ਰਸਤੇ ''ਤੇ ਸਿਰਫ ਐਂਬੂਲੈਂਸ ਜਾਂ ਹੋਰ ਹੰਗਾਮੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਗਈ ਹੈ। ਬਾਕੀ ਦੇ ਸਾਰੇ ਟ੍ਰੈਫਿਕ ਨੂੰ ਬਦਲਵੇਂ ਰੂਟਾਂ ਤੋਂ ਲੰਘਾਇਆ ਗਿਆ। ਇੱਥੋਂ ਤੱਕ ਕਿ ਸਵੇਰੇ 10 ਵਜੇ ਤੋਂ ਪਹਿਲਾਂ ਗਾਂਧੀ ਮੈਦਾਨ ਤੱਕ ਆਉਣ ਵਾਲੀਆਂ ਸਰਕਾਰੀ ਬੱਸਾਂ ਨੂੰ ਵੀ ਬੰਦ ਕਰ ਦਿੱਤਾ ਗਿਆ।
ਸਾਰੇ ਰਸਤੇ ''ਤੇ ਵਿਛਿਆ ਕੈਮਰਿਆਂ ਦਾ ਜਾਲ
ਨਗਰ ਕੀਰਤਨ ਵਾਲੇ ਮਾਰਗ ''ਤੇ 200 ਦੇ ਕਰੀਬ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਇਸ ਰਸਤੇ ਦੀ ਹਰ ਹਰਕਤ ''ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਅਦਾਰਿਆਂ, ਦੁਕਾਨਾਂ ਅਤੇ ਹੋਰ ਸੰਸਥਾਵਾਂ ਨੂੰ ਵੀ ਆਪੋ-ਆਪਣੇ ਕੈਮਰੇ ਚਾਲੂ ਰੱਖਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਇਸ ਮਾਮਲੇ ''ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦੇਣੀ ਚਾਹੁੰਦਾ ਸੀ। ਸੁਰੱਖਿਆ ਮੁਲਾਜ਼ਮਾਂ ਨੂੰ ਇਹ ਖਾਸ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ।
ਗੁਰਦੁਆਰਾ ਗਊਘਾਟ ''ਚ ਲੱਗੇ 200 ਸਟਾਲ
ਨਗਰ ਕੀਰਤਨ ਦੇ ਗੁਰਦੁਆਰਾ ਗਊਘਾਟ ਪਹੁੰਚਣ ਉਪਰੰਤ ਸੰਗਤਾਂ ਨੇ ਉੱਥੇ ਮੱਥਾ ਟੇਕਿਆ ਅਤੇ ਦੁਪਹਿਰ ਦਾ ਲੰਗਰ ਛਕਿਆ। ਇਸ ਮਕਸਦ ਲਈ ਗੁਰਦੁਆਰਾ ਸਾਹਿਬ ''ਚ 200 ਦੇ ਕਰੀਬ ਸਟਾਲ ਲਾਏ ਗਏ ਹਨ, ਜਿਨ੍ਹਾਂ ''ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸੰਗਤਾਂ ਨੂੰ ਪਰੋਸੇ ਜਾ ਰਹੇ ਸਨ। ਇਸ ਮੌਕੇ ''ਤੇ ਵੱਡੀ ਗਿਣਤੀ ''ਚ ਇਕੱਠੇ ਹੋਏ ਬਿਹਾਰ ਵਾਸੀਆਂ ਨੇ ਰੂਹ ਨਾਲ ਸੰਗਤਾਂ ਦੀ ਸੇਵਾ ਕੀਤੀ।

Babita Marhas

News Editor

Related News