‘ਪਟਨਾ ਸ਼ੁਕਲਾ’ ਪ੍ਰੋਫੈਸ਼ਨ, ਕੰਮ ਅਤੇ ਘਰ ਦੇ ਦਰਮਿਆਨ ਔਰਤਾਂ ਦੇ ਤਾਲਮੇਲ ਦੀ ਦਮਦਾਰ ਕਹਾਣੀ

Wednesday, Apr 03, 2024 - 11:01 AM (IST)

‘ਪਟਨਾ ਸ਼ੁਕਲਾ’ ਪ੍ਰੋਫੈਸ਼ਨ, ਕੰਮ ਅਤੇ ਘਰ ਦੇ ਦਰਮਿਆਨ ਔਰਤਾਂ ਦੇ ਤਾਲਮੇਲ ਦੀ ਦਮਦਾਰ ਕਹਾਣੀ

ਰਵੀਨਾ ਟੰਡਨ ਦੀ ਫਿਲਮ ‘ਪਟਨਾ ਸ਼ੁਕਲਾ’ ਨੂੰ ਦਰਸ਼ਕਾਂ ਦਾ ਬੜਾ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ’ਚ ਰਵੀਨਾ ਇਕ ਆਦਰਸ਼ਵਾਦੀ ਪਤਨੀ, ਮਾਂ ਅਤੇ ਵਕੀਲ ਦੇ ਰੋਲ ਵਿਚ ਹਨ। ਇਹ ਫਿਲਮ ਸਿੱਖਿਆ ਘਪਲੇ ਵਰਗੇ ਮੁੱਦੇ ਨੂੰ ਮਨੋਰੰਜਕ ਢੰਗ ਨਾਲ ਚੁੱਕਣ ਦੀ ਕੋਸ਼ਿਸ਼ ਕਰਦੀ ਹੈ। ਰਵੀਨਾ ਨੂੰ ਵਕੀਲ ਤਨਵੀ ਸ਼ੁਕਲਾ ਦੀ ਭੂਮਿਕਾ ਵਿਚ ਦੇਖਿਆ ਜਾ ਰਿਹਾ ਹੈ, ਜੋ ਇਕ ਰੋਲ ਨੰਬਰ ਘਪਲੇ ’ਚ ਫਸੀ ਇਕ ਵਿਦਿਆਰਥਣ ਦਾ ਕੇਸ ਲੜਦੀ ਹੈ। ਵਿਵੇਕ ਬੁੜਾਕੋਟੀ ਵੱਲੋਂ ਨਿਰਦੇਸ਼ਤ ਇਸ ਫਿਲਮ ਦੇ ਨਿਰਮਾਤਾ ਅਰਬਾਜ਼ ਖ਼ਾਨ ਨੇ ਪ੍ਰੋਡਿਊਸ ਕੀਤਾ ਹੈ। ‘ਪਟਨਾ ਸ਼ੁਕਲਾ’ 29 ਮਾਰਚ ਨੂੰ ਡਿਜ਼ਨੀ ਪਲਸ ਹਾਟਸਟਾਰ ’ਤੇ ਰਿਲੀਜ਼ ਹੋ ਗਈ ਹੈ। ਫਿਲਮ ’ਚ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੇ ਨਾਲ-ਨਾਲ ਚੰਦਨ ਰਾਏ ਸਾਨਿਆਲ, ਮਾਨਵ ਵਿਜ ਅਤੇ ਅਨੁਸ਼ਕਾ ਕੌਸ਼ਿਕ ਵੀ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ‘ਪਟਨਾ ਸ਼ੁਕਲਾ’ ਬਾਰੇ ਰਵੀਨਾ ਟੰਡਨ, ਅਰਬਾਜ਼ ਖ਼ਾਨ, ਅਨੁਸ਼ਕਾ ਕੌਸ਼ਿਕ ਅਤੇ ਫਿਲਮ ਦੇ ਨਿਰਦੇਸ਼ਕ ਵਿਵੇਕ ਬੁੜਾਕੋਟੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼...
ਰਵੀਨਾ ਟੰਡਨ

ਤੁਸੀਂ ਵਕੀਲਾਂ ਦੇ ਪਰਿਵਾਰ ਤੋਂ ਆਏ ਹੋ ਤਾਂ ਇਸ ਲਈ ਵਕੀਲ ਦੀ ਭੂਮਿਕਾ ਨਿਭਾਉਣ ’ਚ ਕਿੰਨੀ ਸਹਾਇਤਾ ਮਿਲੀ?
ਮੇਰੇ ਦਾਦਾ ਜੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਹਾਈ ਕੋਰਟ ਦੇ ਜੱਜ ਸਨ। ਮੈਨੂੰ ਯਾਦ ਹੈ ਕਿ ਮੇਰੇ ਤਾਇਆ ਜੀ ਵਕੀਲ ਸਨ, ਉਨ੍ਹਾਂ ਦੀ ਇੱਕ ਵੱਖਰੀ ਹੀ ਬਾਡੀ ਲੈਂਗੂਏਜ਼ ਸੀ, ਇਕ ਵੱਖਰੀ ਕਿਸਮ ਦਾ ਆਤਮਵਿਸ਼ਵਾਸ ਦਿਸਦਾ ਸੀ, ਇਸ ਲਈ ਉਹ ਹਮੇਸ਼ਾ ਤੋਂ ਮੇਰੇ ਲਈ ਪ੍ਰੇਰਨਾ ਹੀ ਬਣੇ ਹਨ। ਸਾਡੀ ਫੈਮਿਲੀ ਵਿਚ ਸਾਰੇ ਡਾਕਟਰ ਅਤੇ ਲਾਇਰ ਹੀ ਹਨ ਅਤੇ ਮੇਰਾ ਵੀ ਕਦੇ ਤੈਅ ਨਹੀਂ ਸੀ ਕਿ ਮੈਂ ਅਭਿਨੇਤਰੀ ਹੀ ਬਣਾਂਗੀ। ਜਦੋਂ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿਚ ਵੇਖਦੀ ਸੀ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਕ ਅਭਿਨੇਤਰੀ ਬਣ ਸਕਦੀ ਹਾਂ ਪਰ ਜਦੋਂ ਮੈਨੂੰ ਕਈ ਮੌਕੇ ਮਿਲੇ ਤਾਂ ਮੈਂ ਉਨ੍ਹਾਂ ਨੂੰ ਹਾਂ ਕਹਿ ਦਿੱਤੀ, ਇਸ ਤਰ੍ਹਾਂ ਮੈਂ ਇਸ ਲਾਈਨ ’ਚ ਆ ਗਈ ਅਤੇ ਮੈਂ ਕਦੇ ਵੀ ਐਕਟਿੰਗ, ਡਾਂਸਿੰਗ ਦੀ ਕੋਈ ਕਲਾਸ ਜਾਂ ਸਿਖਲਾਈ ਨਹੀਂ ਲਈ।

ਅੱਜ ਦੇ ਸਮੇਂ ਵਿਚ ਇੰਡਸਟਰੀ ’ਚ ਤੁਸੀਂ ਮਿਸ ਕਰਦੀ ਹੋ, ਜੋ 90 ਦੇ ਦਹਾਕੇ ਵਿਚ ਸੀ ਪਰ ਹੁਣ ਨਹੀਂ ਹੈ?
ਮੈਨੂੰ ਲੱਗਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ, ਜੋ ਮੈਂ ਮਿਸ ਕਰਦੀ ਹਾਂ ਪਰ ਮੈਂ ਸਮੇਂ ਦੇ ਨਾਲ ਖ਼ੁਦ ਨੂੰ ਢਾਲ ਲਿਆ ਹੈ, ਮੈਂ ਆਪਣੇ ਕੰਮ ਦਾ ਉਦੋਂ ਵੀ ਆਨੰਦ ਮਾਣਿਆ ਅਤੇ ਅੱਜ ਵੀ ਆਨੰਦ ਮਾਣਦੀ ਹਾਂ ਤੇ ਮੈਂ ਭਵਿੱਖ ’ਚ ਵੀ ਹਮੇਸ਼ਾ ਅਜਿਹਾ ਹੀ ਕਰਾਂਗੀ। ਸ਼ਾਇਦ ਹੁਣ ਮੇਰੇ ਕੋਲ ਚੁਣਨ ਲਈ ਬਦਲ ਜ਼ਿਆਦਾ ਹਨ, ਉਸ ਸਮੇਂ ਸਾਡੇ ’ਤੇ ਆਪਣੇ ਆਪ ਨੂੰ ਸਥਾਪਤ ਕਰਨ ਦਾ ਦਬਾਅ ਸੀ ਅਤੇ ਹੁਣ ਅਸੀਂ ਉਸ ਸਥਾਨ ’ਤੇ ਪਹੁੰਚ ਚੁੱਕੇ ਹਾਂ ਜਿੱਥੇ ਅਸੀਂ ਆਪਣੀ ਪਸੰਦ ਦੀਆਂ ਭੂਮਿਕਾਵਾਂ ਦੀ ਚੋਣ ਕਰ ਸਕਦੇ ਹਾਂ ਕਿਉਂਕਿ ਹੁਣ ਸਾਡੇ ’ਤੇ ਕੋਈ ਦਬਾਅ ਨਹੀਂ ਹੈ, ਕੋਈ ਰਿਕਾਰਡ ਨਹੀਂ ਤੋੜਨਾ ਹੈ। ਇਹ ਇਕ ਅਜਿਹਾ ਫੇਸ ਹੈ ਜਿਸ ਨੂੰ ਮੈਂ ਇਨਜੁਅਾਏ ਕਰਦੀ ਹਾਂ।

ਫਿਲਮ ਵਿਚ ਤੁਸੀਂ ਘਰ ਅਤੇ ਪ੍ਰੋਫੈਸ਼ਨ ਦੋਵਾਂ ਵਿਚ ਸੰਤੁਲਨ ਰੱਖਦੇ ਹੋਏ ਨਜ਼ਰ ਆ ਰਹੇ ਹੋ ਤਾਂ ਤੁਸੀਂ ਅਸਲ ਜ਼ਿੰਦਗੀ ’ਚ ਕਿਵੇਂ ਮੈਨੇਜ ਕਰਦੇ ਹੋ?
ਮੈਨੂੰ ਲੱਗਦਾ ਹੈ ਕਿ ਹਰ ਔਰਤ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਪ੍ਰੋਫੈਸ਼ਨ, ਬੱਚੇ, ਘਰ ਅਤੇ ਸਹੁਰੇ ਪਰਿਵਾਰ ਸਾਰਿਆਂ ਨੂੰ ਇੱਕੋ ਸਮੇਂ ਸੰਭਾਲੇ। ਕਈ ਵਾਰ ਔਰਤਾਂ ਬੱਚਿਆਂ ਦੀ ਖ਼ਾਤਰ ਆਪਣਾ ਕੰਮ ਛੱਡ ਦਿੰਦੀਆਂ ਹਨ। ਘਰ ਦੀ ਜ਼ਿੰਮੇਵਾਰੀ ਤੁਹਾਡੇ ’ਤੇ ਹੈ, ਇਸ ਤੋਂ ਇਲਾਵਾ ਜਦੋਂ ਤੁਸੀਂ ਦਫਤਰ ਜਾਂਦੇ ਹੋ, ਤੁਹਾਨੂੰ ਬੌਸ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਤਾਂ ਇਹ ਸੋਚ ਬਦਲਣ ਦੀ ਲੋੜ ਹੈ ਕਿ ਕੰਮ ਅਤੇ ਘਰ ਦੋਵਾਂ ਦੀ ਜ਼ਿੰਮੇਵਾਰੀ ਔਰਤ ਦੀ ਹੀ ਹੈ। ਪਤੀ-ਪਤਨੀ ਦੇ ਨਾਲ ਤੁਹਾਡੀ ਆਪਣੇ ਕੰਮ ਅਤੇ ਘਰ ਪ੍ਰਤੀ ਬਰਾਬਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਹੁਣ ਹੌਲੀ-ਹੌਲੀ ਚੀਜ਼ਾਂ ਬਦਲ ਰਹੀਆਂ ਹਨ ਅਤੇ ਜਲਦੀ ਹੀ ਸਾਰੇ ਲੋਕ ਇਸ ਨੂੰ ਸਮਝ ਜਾਣਗੇ।

ਅਰਬਾਜ਼ ਖ਼ਾਨ
ਬਤੌਰ ਪ੍ਰੋਡਿਊਸਰ ਤੁਹਾਡਾ ਕ੍ਰਿਏਟਿਵ ਕੰਟ੍ਰੋਲ ਥੋੜ੍ਹਾ ਜ਼ਿਆਦਾ ਹੁੰਦਾ ਹੈ : ਅਰਬਾਜ਼ ਖ਼ਾਨ

ਬਤੌਰ ਪ੍ਰੋਡਿਊਸਰ ਤੁਸੀਂ ਇਹ ਫਿਲਮ ਕਿਉਂ ਚੁਣੀ?
ਮੇਰੇ ਮਾਮਲੇ ’ਚ ਮੈਂ ਜਿਸ ਫਿਲਮ ਦਾ ਨਿਰਮਾਣ ਕਰਦਾ ਹਾਂ, ਉਸ ਦਾ ਵਿਸ਼ਾ ਬਹੁਤ ਮਾਇਨੇ ਰੱਖਦਾ ਹੈ। ਇਸ ਦੀ ਸ਼ੈਲੀ ਜੋ ਵੀ ਹੋਵੇ, ਉਸ ਨਾਲ ਲੋਕ ਖ਼ੁਦ ਨੂੰ ਰਿਲੇਟ ਕਰ ਪਾਉਣ। ਫਿਰ ਭਾਵੇਂ ਉਹ ਵਿਸ਼ਾ ਸਿੱਖਿਆ ਨਾਲ ਸਬੰਧਤ ਹੋਵੇ ਜਾਂ ਕੁਝ ਹੋਰ, ਇਹ ਬਹੁਤਾ ਜ਼ਰੂਰੀ ਨਹੀਂ ਹੈ। ਉਸ ਫ਼ਿਲਮ ਵਿਚ ਇੰਨੀ ਦਿਲਚਸਪੀ ਹੋਣੀ ਚਾਹੀਦੀ ਹੈ ਕਿ ਅਸੀਂ ਉਸ ’ਤੇ ਆਪਣਾ ਸਾਲ-ਡੇਢ ਸਾਲ ਲਗਾ ਸਕੀਏ। ਫਿਲਮ ਦੇ ਨਿਰਦੇਸ਼ਕ ਵਿਵੇਕ ਬੁੜਾਕੋਟੀ, ਜੋ ਇਸ ਦੇ ਲੇਖਕ ਵੀ ਹਨ, ਮੈਨੂੰ ਅਕਸਰ ਮਿਲਦੇ ਰਹਿੰਦੇ ਸਨ। ਉਨ੍ਹਾਂ ਨੇ ਮੈਨੂੰ ਦੋ-ਤਿੰਨ ਆਇਡਿਆਜ਼ ਵੀ ਦੱਸੇ ਪਰ ਕਿਸੇ ਤਰ੍ਹਾਂ ਵੀ ਗੱਲ ਅੱਗੇ ਨਾ ਵਧ ਸਕੀ ਪਰ ਸਾਨੂੰ ‘ਪਟਨਾ ਸ਼ੁਕਲਾ’ ਦਾ ਕਥਾਨਕ ਬਹੁਤ ਪਸੰਦ ਆਇਆ। ਮੈਂ ਵਿਵੇਕ ਜੀ ਨੂੰ ਇਸ ’ਤੇ ਕੰਮ ਕਰਨ ਲਈ ਕਿਹਾ।

ਤੁਸੀਂ 1996 ’ਚ ਡੈਬਿਊ ਕੀਤਾ ਸੀ, ਜਿਸ ਤੋਂ ਬਾਅਦ ਤੁਸੀਂ ਕਈ ਅਜਿਹੇ ਕਿਰਦਾਰ ਨਿਭਾਏ ਸਨ ਜੋ ਜੋਖ਼ਮ ਭਰੇ ਸਨ? ਇੰਨੀ ਹਿੰਮਤ ਕਿੱਥੋਂ ਆਉਂਦੀ ਹੈ?
ਹੱਸਦੇ ਹੋਏ... ਕੁਝ ਤਾਂ ਮਜਬੂਰੀ ਕਾਰਨ ਆਉਂਦੀ ਹੈ। ਸ਼ੁਰੂ ’ਚ ਹਰ ਕੋਈ ਇਹ ਸੋਚਦਾ ਹੈ ਕਿ ਮੈਨੂੰ ਖ਼ੁਦ ਨੂੰ ਹੀਰੋ ਦੇ ਰੂਪ ’ਚ ਲਾਂਚ ਕਰਨਾ ਚਾਹੀਦਾ ਹੈ। ਨੈਗੇਟਿਵ ਰੋਲ ਤਾਂ ਬਾਅਦ ਵਿਚ ਵੀ ਕਰ ਸਕਦਾ ਹਾਂ। ਹਰ ਕੋਈ ਇਹੋ ਕਹਿੰਦਾ ਸੀ ਕਿ ਤੁਸੀਂ ਚੰਗੇ ਦਿੱਖ ਵਾਲੇ ਹੋ, ਐਕਟਿੰਗ ਕੀਤੀ ਹੋਈ ਹੈ, ਫਿਲਮੀ ਪਿਛੋਕੜ ਵਾਲੇ ਹੋ ਤਾਂ ਤੁਹਾਨੂੰ ਹੀਰੋ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਸੀਂ ਕਾਮਯਾਬ ਨਹੀਂ ਹੋਏ ਤਾਂ ਫਿਰ ਨੈਗੇਟਿਵ ’ਚ ਆਉਣਾ ਹੀ ਹੈ ਪਰ ਹੋਇਆ ਇੰਜ ਕਿ ਮੇਰੇ ਨਾਲ ਜੋ ਦੋ-ਤਿੰਨ ਫਿਲਮਾਂ ਬਣਨੀਆਂ ਸਨ, ਉਹ ਨਹੀਂ ਬਣ ਸਕੀਆਂ।

ਐਕਟਿੰਗ, ਪ੍ਰੋਡਿਊਸਰ ਜਾਂ ਡਾਇਰੈਕਸ਼ਨ ’ਤੁਹਾਨੂੰ ਕੀ ਕਰਨ ਵਿਚ ਜ਼ਿਆਦਾ ਮਜ਼ਾ  ਆਉਂਦਾ ਹੈ?
ਐਕਟਿੰਗ, ਕਿਉਂਕਿ ਇਸ ਨੇ ਮੈਨੂੰ ਇੰਡਸਟਰੀ ਵਿਚ ਖੜ੍ਹਾ ਹੋਣ ਦੇ ਯੋਗ ਬਣਾਇਆ। ਇਹੋ ਮੇਰਾ ਜਨੂੰਨ ਹੈ, ਇਸੇ ਕਾਰਨ ਮੈਂ ਹੋਰ ਕੰਮ ਕਰ ਸਕਿਆ ਹਾਂ ਅਤੇ ਕਰ ਰਿਹਾ ਹਾਂ ਪਰ ਹੁਣ ਮੈਨੂੰ ਪਰਦੇ ਦੇ ਪਿੱਛੇ ਕੰਮ ਕਰਨ ’ਚ ਜ਼ਿਆਦਾ ਮਜ਼ਾ ਆਉਂਦਾ ਹੈ। ਇਕ ਚੰਗੀ ਸਕ੍ਰਿਪਟ ਚੁਣਨਾ, ਉਸ ਨੂੰ ਆਪਣੇ ਬੈਨਰ ਹੇਠ ਬਣਾਉਣਾ, ਚੰਗੀ ਕਾਸਟਿੰਗ ਕਰਨਾ ਅਤੇ ਫਿਰ ਉਸ ਨੂੰ ਬਣਾਉਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਇਸ ਵਿਚ ਤੁਹਾਡਾ ਕ੍ਰਿਏਟਿਵ ਕੰਟ੍ਰੋਲ ਥੋੜ੍ਹਾ ਜ਼ਿਆਦਾ ਹੁੰਦਾ ਹੈ ਜਦਕਿ ਬਤੌਰ ਇੱਕ ਐਕਟਰ ਤੁਹਾਡੇ ਕੋਲ ਜੋ ਸਕ੍ਰਿਪਟ ਆਉਂਦੀ ਹੈ, ਸਿਰਫ਼ ਉਸ ’ਤੇ ਕੰਮ ਕਰਨਾ ਹੁੰਦਾ ਹੈ।

ਕੀ ਰਵੀਨਾ ਟੰਡਨ ਫਿਲਮ ਲਈ ਤੁਹਾਡੀ ਪਹਿਲੀ ਪਸੰਦ ਸੀ?
ਜਦੋਂ ਕਿਸੇ ਫਿਲਮ ਦੀ ਕਾਸਟਿੰਗ ਕੀਤੀ ਜਾਂਦੀ ਹੈ ਤਾਂ ਇਹ ਭੂਮਿਕਾ ਦੇ ਅਨੁਸਾਰ ਕੀਤੀ ਜਾਂਦੀ ਹੈ। ਰਵੀਨਾ ਟੰਡਨ ਮੇਰੀ ਵਿਸ਼ਲਿਸਟ ’ਚ ਸ਼ਾਮਲ ਸਨ। ਜਦੋਂ ਅਸੀਂ ਉਨ੍ਹਾਂ ਨੂੰ ਸਕ੍ਰਿਪਟ ਭੇਜੀ ਤਾਂ ਉਹ ਬਹੁਤ ਉਤਸ਼ਾਹਿਤ ਸਨ ਅਤੇ ਫਿਲਮ ਨਾਲ ਜੁੜ ਗਏ, ਸਭ ਕੁਝ ਬਹੁਤ ਤੇਜ਼ੀ ਨਾਲ ਹੋਇਆ। ਉਨ੍ਹਾਂ ਨੇ ਰੋਲ ਲਈ ਕਾਫ਼ੀ ਸਮਾਂ ਲਿਆ ਅਤੇ ਉਮੀਦ ਤੋਂ ਜ਼ਿਆਦਾ ਕੰਮ ਕੀਤਾ।

ਵਿਵੇਕ ਬੁੜਾਕੋਟੀ
‘ਪਟਨਾ ਸ਼ੁਕਲਾ’ ਵਿਚ ਦੋ ਕਹਾਣੀਆਂ ਇੱਕੋ ਸਮੇਂ ਚੱਲ ਰਹੀਆਂ ਹਨ। ਉਨ੍ਹਾਂ ਨੂੰ ਦੱਸਣਾ ਕਿੰਨਾ ਔਖਾ ਸੀ?

ਬਿਲਕੁਲ ਵੀ ਚੁਣੌਤੀਪੂਰਨ ਨਹੀਂ ਸੀ ਕਿਉਂਕਿ ਪੂਰੇ ਭਾਰਤ ’ਚ ਔਰਤਾਂ ਦੀ ਇਹੋ ਕਹਾਣੀ ਹੈ। ਬੈਕਡ੍ਰਾਪ ਬਦਲ ਜਾਂਦਾ ਹੈ ਪਰ ਆਮ ਤੌਰ ’ਤੇ ਦੋਵਾਂ ਦਾ ਸੰਘਰਸ਼ ਇੱਕੋ ਜਿਹਾ ਹੈ। ਤਨਵੀ ਸ਼ੁਕਲਾ ਅਤੇ ਰਿੰਕੀ ਦੋਵੇਂ ਆਪੋ-ਆਪਣੇ ਹਿੱਸੇ ਦੀ ਲੜਾਈ ਲੜ ਰਹੀਆਂ ਹਨ। ਮੈਂ ਫਿਲਮ ਵਿਚ ਤਨਵੀ ਸ਼ੁਕਲਾ ਦਾ ਕਿਰਦਾਰ ਇਸ ਲਈ ਲਿਆ ਕਿਉਂਕਿ ਮੈਂ ਇਸ ਨੂੰ ਹੋਰ ਦਿਲਚਸਪ ਬਣਾਉਣਾ ਚਾਹੁੰਦਾ ਸੀ। ਮੈਂ ਇਸ ਨੂੰ ਇਕ ਸਕੈਮ ਜਾਂ ਇਕ ਖੋਜੀ ਫਿਲਮ ਵੀ ਬਣਾ ਸਕਦਾ ਸੀ ਪਰ ਮੈਂ ਸੋਚਿਆ ਕਿ ਨਹੀਂ, ਇਹ ਮਜ਼ੇਦਾਰ ਨਹੀਂ ਹੋਵੇਗਾ. ਇੱਕ ਆਮ ਔਰਤ ਦੀ ਆਮ ਜਿਹੀ ਲੋੜ ਹੁੰਦੀ ਹੈ। ਉਹ ਸਿਰਫ਼ ਇਹ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਨੂੰ ਸਵੀਕਾਰ ਕਰੇ ਅਤੇ ਹੋਰ ਔਰਤਾਂ ਵਾਂਗ ਸਿਰਫ਼ ਘਰੇਲੂ ਔਰਤ ਹੀ ਨਾ ਬਣ ਕੇ ਰਹਿ ਜਾਵੇ। ਉਸ ਦੀ ਆਪਣੀ ਪਛਾਣ ਜ਼ਰੂਰੀ ਹੈ।

ਕਹਾਣੀ ਰਿੰਕੀ ਅਤੇ ਤਨਵੀ ਸ਼ੁਕਲਾ ਦੀ ਹੈ, ਫਿਰ ਫਿਲਮ ਦਾ ਨਾਂ ‘ਪਟਨਾ ਸ਼ੁਕਲਾ’ ਕਿਉਂ ਰੱਖਿਆ ਹੈ?
ਦੇਖੋ, ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਇਕ ਸਾਹਿਤਕਾਰ ਸਨ, ਰਾਹੀ ਮਾਸੂਮ ਰਜ਼ਾ। ਅਸੀਂ ਉਨ੍ਹਾਂ ਦੀ ਇਕ ਕਹਾਣੀ ‘ਟੋਪੀ ਸ਼ੁਕਲਾ’ ਬਚਪਨ ਵਿਚ ਪੜ੍ਹੀ ਸੀ। ਇਸ ਲਈ ਪਟਨਾ ਸ਼ੁਕਲਾ ਇੱਥੋਂ ਆਇਆ ਕਿਉਂਕਿ ਕਹਾਣੀ ਤਨਵੀ ਸ਼ੁਕਲਾ ਦੀ ਹੈ ਅਤੇ ਜਦੋਂ ਫਿਲਮ ਵਿਚ ਗੱਲ ਅੱਗੇ ਵਧਦੀ ਹੈ ਤਾਂ ਇਸ ਨੂੰ ਇਸ ਤਰ੍ਹਾਂ ਦੱਸਿਆ ਗਿਆ ਹੈ ਕਿ ਪਟਨਾ ਦੀ ਤਨਵੀ ਸ਼ੁਕਲਾ ਨੇ ਅਜਿਹਾ ਕੀਤਾ। ਇਕ ਪੁਆਇੰਟ ਤੋਂ ਬਾਅਦ ਕੀ ਹਟ ਜਾਂਦਾ ਹੈ ਅਤੇ ਪਟਨਾ ਸ਼ੁਕਲਾ ਰਹਿ ਜਾਂਦਾ ਹੈ, ਜੋ ਕਾਫ਼ੀ ਮਸ਼ਹੂਰ ਹੁੰਦਾ ਹੈ। ਇਸ ਲਈ ਇਹ ਸਭ ਕੁਝ ਲਿਖਣ ਵੇਲੇ ਸਕ੍ਰਿਪਟ ਤੋਂ ਆਇਆ ਹੈ।


author

sunita

Content Editor

Related News