ਪਟਨਾ ਦੇ ਹੋਟਲ ''ਚ ਲੱਗੀ ਭਿਆਨਕ ਅੱਗ, 6 ਦੀ ਮੌਤ, ਕਈ ਝੁਲਸੇ
Thursday, Apr 25, 2024 - 05:48 PM (IST)
ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਦੇ ਕੋਤਵਾਲੀ ਥਾਣਾ ਖੇਤਰ ਅਧੀਨ ਪੈਂਦੇ ਰੇਲਵੇ ਸਟੇਸ਼ਨ ਨੇੜੇ ਇਕ ਹੋਟ 'ਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀ ਲਪੇਟ 'ਚ ਆਉਣ ਨਾਲ ਕਈ ਲੋਕ ਝੁਲਸ ਗਏ, ਜਿਨ੍ਹਾਂ 'ਚੋਂ 6 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਥੇ ਹੀ ਅੱਗ ਲੱਗਣ ਕਾਰਨ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਸਖਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਲੱਗਣ ਦੀ ਇਹ ਘਟਨਾ ਰੇਲਵੇ ਸਟੇਸ਼ਨ ਤੋਂ 50 ਮੀਟਰ ਦੀ ਦੂਰੀ 'ਤੇ ਵਾਪਰੀ। ਅੱਗ ਲੱਗਣ ਕਾਰਨ ਇਮਾਰਤ ਦੇ ਉੱਪਰ ਕਈ ਲੋਕ ਫਸ ਗਏ ਹਨ ਅਤੇ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ। ਇਸ ਆਪਰੇਸ਼ਨ ਵਿੱਚ ਕੁੱਲ 45 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਹੋਟਲ ਦੇ ਹੇਠਾਂ ਖੜ੍ਹੀਆਂ ਕਈ ਗੱਡੀਆਂ ਨੂੰ ਵੀ ਅੱਗ ਲੱਗ ਗਈ। ਗੈਸ ਸਿਲੰਡਰ 'ਚ ਧਮਾਕਾ ਹੋਣ ਕਾਰਨ ਅੱਗ ਲੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਮੌਕੇ 'ਤੇ ਫਾਇਰ ਬ੍ਰਿਗੇਡ ਦੀ ਅਗਵਾਈ ਕਰ ਰਹੇ ਡਿਪਟੀ ਇੰਸਪੈਕਟਰ ਜਨਰਲ ਮ੍ਰਿਤੁੰਜੇ ਕੁਮਾਰ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਫਾਇਰ ਟੀਮ ਦੇ ਮੈਂਬਰ ਹੋਟਲ ਦੇ ਅੰਦਰ ਹਰੇਕ ਕਮਰੇ ਵਿੱਚ ਜਾ ਰਹੇ ਹਨ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਕੁਮਾਰ ਦੇ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ, ਚਸ਼ਮਦੀਦਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਅੱਗ ਐੱਲ.ਪੀ.ਜੀ. ਸਿਲੰਡਰ ਵਿੱਚ ਲੀਕ ਹੋਣ ਕਾਰਨ ਲੱਗੀ ਹੋ ਸਕਦੀ ਹੈ।