ਦੇਸ਼ ਨੂੰ 7 ਪ੍ਰਧਾਨ ਮੰਤਰੀ ਦੇ ਚੁੱਕੀ ਹੈ ਇਲਾਹਾਬਾਦ ਦੀ ਧਰਤੀ

04/06/2024 10:02:58 AM

ਨੈਸ਼ਨਲ ਡੈਸਕ- ਗੰਗਾ, ਯਮੁਨਾ, ਸਰਸਵਤੀ ਦੇ ਸੰਗਮ ਲਈ ਮਸ਼ਹੂਰ ਪ੍ਰਯਾਗਰਾਜ (ਇਲਾਹਾਬਾਦ) ਦੀ ਧਰਤੀ ਨੂੰ ਪ੍ਰਧਾਨ ਮੰਤਰੀਆਂ ਦਾ ਸ਼ਹਿਰ ਕਿਹਾ ਜਾ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਧਰਤੀ ਤੋਂ 7 ਨੇਤਾ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਇੱਥੋਂ ਦੇ ਸਨ। ਉਨ੍ਹਾਂ ਦੇ ਪਿਤਾ ਮੋਤੀ ਲਾਲ ਨਹਿਰੂ ਇੱਥੇ ਰਹਿੰਦੇ ਸਨ। ਇਥੋਂ ਦਾ ਆਨੰਦ ਭਵਨ ਉਨ੍ਹਾਂ ਦੀ ਰਿਹਾਇਸ਼ ਸੀ। ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੀ ਇਸੇ ਸ਼ਹਿਰ ਤੋਂ ਚੋਣ ਜਿੱਤੇ ਸਨ।

ਨਹਿਰੂ ਤੋਂ ਇਲਾਵਾ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੀ ਇੱਥੇ ਰਹਿੰਦੇ ਸਨ। ਬਾਅਦ ਵਿਚ ਇੰਦਰਾ ਅਤੇ ਰਾਜੀਵ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਇੰਨਾ ਹੀ ਨਹੀਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਯਾਨੀ ਵਿਸ਼ਵਨਾਥ ਪ੍ਰਤਾਪ ਸਿੰਘ ਵੀ ਇਲਾਹਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਇਸੇ ਤਰ੍ਹਾਂ ਚੰਦਰਸ਼ੇਖਰ ਅਤੇ ਗੁਲਜ਼ਾਰੀ ਲਾਲ ਨੰਦਾ ਨੇ ਵੀ ਇੱਥੋਂ ਹੀ ਪੜ੍ਹਾਈ ਕੀਤੀ ਸੀ। ਇਹ ਦੋਵੇਂ ਬਾਅਦ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣੇ। ਇਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਇਲਾਹਾਬਾਦ ਦੀ ਧਰਤੀ ਤੋਂ ਕੁੱਲ 7 ਨੇਤਾ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਹਨ।

ਇਸੇ ਤਰ੍ਹਾਂ ਸਮਾਜਵਾਦੀ ਨੇਤਾ ਜਨੇਸ਼ਵਰ ਮਿਸ਼ਰਾ ਅਤੇ ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ​​ਮਨੋਹਰ ਜੋਸ਼ੀ ਵੀ ਇੱਥੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਭਾਜਪਾ ਲਗਾਤਾਰ ਦੋ ਵਾਰ ਇਲਾਹਾਬਾਦ ਲੋਕ ਸਭਾ ਸੀਟ ਜਿੱਤਦੀ ਰਹੀ ਹੈ। ਇਸ ਸਮੇਂ ਰੀਟਾ ਬਹੁਗੁਣਾ ਜੋਸ਼ੀ ਇੱਥੋਂ ਦੀ ਸੰਸਦ ਮੈਂਬਰ ਹੈ। ਦਿਲਚਸਪ ਗੱਲ ਇਹ ਹੈ ਕਿ 2014 ਦੀਆਂ ਚੋਣਾਂ ਵਿਚ ਸਮਾਜਵਾਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸ਼ਿਆਮਾਚਰਨ ਗੁਪਤਾ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਚੋਣ ਲੜੀ ਸੀ। ਉਨ੍ਹਾਂ ਨੇ ਚੋਣਾਂ ਵਿਚ ਸਮਾਜਵਾਦੀ ਦੇ ਕੁੰਵਰ ਰੇਵਤੀ ਰਮਨ ਸਿੰਘ ਨੂੰ ਹਰਾਇਆ।

ਇਸ ਤੋਂ ਬਾਅਦ ਚੋਣਾਂ ਯਾਨੀ ਸਾਲ 2019 ’ਚ ਕਾਂਗਰਸ ਨੇਤਾ ਰੀਟਾ ਬਹੁਗੁਣਾ ਜੋਸ਼ੀ ਭਾਜਪਾ ’ਚ ਸ਼ਾਮਲ ਹੋ ਗਈ ਅਤੇ ਭਾਜਪਾ ਦੀ ਟਿਕਟ ’ਤੇ ਸੰਸਦ ਮੈਂਬਰ ਬਣ ਗਈ। ਹੁਣ ਇਸ ਵਾਰ ਆਈ. ਐੱਨ. ਡੀ. ਤੋਂ ਉਜਵਲ ਰਮਨ ਸਿੰਘ ਮੈਦਾਨ ਵਿਚ ਹਨ। ਉਹ ਸਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ ਅਤੇ ਕਾਂਗਰਸ ਦੀ ਟਿਕਟ ’ਤੇ ਚੋਣਾਂ ਲੜ ਰਹੇ ਹਨ। ਭਾਜਪਾ ਨੇ ਅਜੇ ਤੱਕ ਇਥੋਂ ਆਪਣਾ ਉਮੀਦਵਾਰ ਨਹੀਂ ਐਲਾਨ ਕੀਤਾ ਹੈ। ਹੁਣ ਦੇਖਣਾ ਇਹ ਹੈ ਕਿ ਭਾਜਪਾ ਇਥੋਂ ਕਿਹੜੇ ਚਿਹਰੇ ’ਤੇ ਦਾਅ ਲਗਾਉਂਦੀ ਹੈ। ਉਜਵਲ ਰਮਨ ਸਿੰਘ, ਸਮਾਜਵਾਦੀ ਦੇ ਮਸ਼ਹੂਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਕੁੰਵਰ ਰੇਵਤੀ ਰਮਨ ਸਿੰਘ ਦੇ ਪੁੱਤਰ ਹਨ।


Tanu

Content Editor

Related News