ਸਪੀਕਰ ਸੰਧਵਾਂ ਨੇ ਜ਼ਿਲ੍ਹਾ ਫਰੀਦਕੋਟ ਦੇ 1653 ਨਵੇਂ ਚੁਣੇ ਪੰਚਾਂ ਨੂੰ ਚੁਕਾਈ ਸਹੁੰ

Tuesday, Nov 19, 2024 - 03:29 PM (IST)

ਸਪੀਕਰ ਸੰਧਵਾਂ ਨੇ ਜ਼ਿਲ੍ਹਾ ਫਰੀਦਕੋਟ ਦੇ 1653 ਨਵੇਂ ਚੁਣੇ ਪੰਚਾਂ ਨੂੰ ਚੁਕਾਈ ਸਹੁੰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪਿੰਡਾਂ ਦਾ ਵਿਕਾਸ ਪਾਰਦਰਸ਼ੀ ਢੰਗ ਨਾਲ ਕਰਨਾ ਯਕੀਨੀ ਬਣਾਓ ਤਾਂ ਜੋ ਲੋਕ ਬਿਨਾਂ ਪੱਖਪਾਤ ਅਤੇ ਧੜੇਬੰਦੀ ਤੋਂ ਨਵੀਂਆਂ ਪੰਚਾਇਤਾਂ ਦਾ ਸਹਿਯੋਗ ਕਰਨ ਅਤੇ ਪਿੰਡਾਂ ਦੇ ਵਿਕਾਸ ‘ਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੰਧਵਾਂ ਨੇ ਜ਼ਿਲ੍ਹੇ ਦੀਆਂ ਕੁੱਲ 241 ਗ੍ਰਾਮ ਪੰਚਾਇਤਾਂ ਦੇ ਕੁੱਲ 1653 ਪੰਚਾਂ ਨੂੰ ਸਹੁੰ ਚੁਕਾਈ, ਜਿਨ੍ਹਾਂ ਵਿਚ ਬਲਾਕ ਫਰੀਦਕੋਟ ਦੇ 788, ਬਲਾਕ ਕੋਟਪੂਰਾ ਦੇ 375 ਅਤੇ ਬਲਾਕ ਜੈਤੋਂ ਦੇ 490 ਪੰਚਾਇਤ ਮੈਂਬਰ ਸ਼ਾਮਲ ਸਨ। ਅੱਜ ਇੱਥੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਨਵੇਂ ਚੁਣੇ ਪੰਚਾਇਤ ਮੈਂਬਰਾਂ ਨੂੰ ਸਹੁੰ ਚੁਕਾਉਣ ਮੌਕੇ ਸੰਧਵਾਂ ਨੇ ਕਿਹਾ ਕਿ ਨਵੀਂਆਂ ਪੰਚਾਇਤਾਂ ਪਿੰਡਾਂ ਦੀ ਦਸ਼ਾ ਤੇ ਦਿਸ਼ਾ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਵੀਆਂ ਪੰਚਾਇਤਾਂ ਦੇ ਮੈਂਬਰ ਪਿੰਡ ਵਾਸੀਆਂ ਨਾਲ ਸਲਾਹ ਮਸ਼ਵਰਾ ਕਰਕੇ ਅਤੇ ਉਪਲਬਧ ਫੰਡਾਂ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨਾ ਯਕੀਨੀ ਬਣਾਉਣ।

ਪਿੰਡਾਂ ਦੀਆਂ ਧੜੇਬੰਦੀਆਂ ਨੂੰ ਖ਼ਤਮ ਕਰਨ ਦੀ ਸਲਾਹ ਦਿੰਦਿਆਂ ਸੰਧਵਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਸਾਂਝੇ ਕੰਮ ਕੀਤੇ ਜਾਣ ਅਤੇ ਆਮ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲੋਕਾਂ ਦੇ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕੀਤੀ ਜਾਵੇ। ਨਵੇਂ ਚੁਣੇ ਪੰਚਾਇਤ ਮਂਬਰਾਂ ਨੂੰ ਪਿੰਡਾਂ ਨੂੰ ‘ਆਦਰਸ਼ ਪਿੰਡ’ ਬਣਾਉਣ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਸੰਧਵਾਂ ਨੇ ਕਿਹਾ ਕਿ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਓ ਅਤੇ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ‘ਚ ਅਹਿਮ ਭੂਮਿਕਾ ਨਿਭਾਓ ਤਾਂ ਜੋ ਅਗਲੀਆਂ ਪੀੜੀਆਂ ਤੁਹਾਡੇ ਵੱਲੋਂ ਕੀਤੇ ਕੰਮਾਂ ਦੀਆਂ ਉਦਾਹਰਨਾਂ ਦੇਣ। ਸੰਧਵਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਤਰੱਕੀ ਦਾ ਧੁਰਾ ਦੱਸਦਿਆਂ ਕਿਹਾ ਕਿ ਜੇਕਰ ਪਿੰਡ ਖੁਸ਼ਹਾਲ ਹੋਣਗੇ ਤਾਂ ਹੀ ਸੂਬਾ ਤਰੱਕੀ ਕਰ ਸਕੇਗਾ ਅਤੇ ਲੋਕਾਂ ‘ਚ ਖੁਸ਼ਹਾਲੀ ਆਵੇਗੀ। 


author

Gurminder Singh

Content Editor

Related News