ਜੇਸੀਟੀ ਮਿੱਲ ਕਾਮਿਆਂ ਦੇ ਹੱਕਾਂ ਦੀ ਅਦਾਇਗੀ ਲਈ ਐੱਸਪੀ ਅਤੇ ਐੱਸ. ਡੀ. ਐੱਮ. ਨੂੰ ਦਿੱਤਾ ਅਲਟੀਮੇਟਮ
Thursday, Oct 31, 2024 - 12:17 AM (IST)
ਫਗਵਾੜਾ (ਜਲੋਟਾ) : ਸ਼ਿਵ ਸੈਨਾ (ਯੂ. ਬੀ. ਟੀ.) ਦੇ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਹਰਮਿੰਦਰ ਸਿੰਘ ਖਹਿਰਾ ਦੀ ਅਗਵਾਈ 'ਚ ਜੇ. ਸੀ. ਟੀ ਮਿੱਲ ਕਾਮਿਆਂ ਦਾ ਵਫ਼ਦ ਐੱਸ. ਡੀ. ਐੱਮ ਜਸ਼ਨਜੀਤ ਸਿੰਘ ਅਤੇ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ, ਜਿਸ ਵਿਚ ਜੇ. ਸੀ. ਟੀ ਮਿੱਲ ਫਗਵਾੜਾ ਦੇ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਮੌਕੇ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਮਿੱਲ ਵਿਚ ਤਿੰਨ ਹਜ਼ਾਰ ਦੇ ਕਰੀਬ ਮਜ਼ਦੂਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਲਈ ਕੰਮ ਕਰਦੇ ਹਨ। ਪਿਛਲੇ ਲੰਮੇ ਸਮੇਂ ਤੋਂ ਉਕਤ ਮਿੱਲ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੇ ਸਾਰੇ ਮਜ਼ਦੂਰਾਂ ਦੀਆਂ ਤਨਖਾਹਾਂ ਰੋਕੀਆਂ ਹੋਈਆਂ ਹਨ, ਜਿਸ ਕਾਰਨ ਮਜ਼ਦੂਰਾਂ ਨੇ ਉਕਤ ਮਿੱਲ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਬਣਦੀਆਂ ਤਨਖ਼ਾਹਾਂ/ਹੱਕ ਦਿਵਾਉਣ ਲਈ ਕਈ ਵਾਰ ਅਪੀਲ ਕੀਤੀ, ਪਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਅਧਿਕਾਰ ਨਹੀਂ ਦਿੱਤੇ। ਅਖੀਰ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਅੰਦੋਲਨ ਕਰਨਾ ਪਿਆ ਜਿਸ ਤੋਂ ਬਾਅਦ ਫਰਮ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ/ਬਕਾਇਆ ਦੇਣ ਦਾ ਲਿਖਤੀ ਭਰੋਸਾ ਦਿੱਤਾ ਸੀ। ਪਰ ਇਹ ਲਿਖਤੀ ਭਰੋਸਾ ਮਾਲਕਾਂ ਅਤੇ ਪ੍ਰਬੰਧਕਾਂ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਸੀ, ਕਿਉਂਕਿ ਹੁਣ ਮਾਲਕ ਅਤੇ ਮੈਨੇਜਮੈਂਟ ਮਿੱਲ ਨੂੰ ਬੰਦ ਕਰਨ ਦੀ ਨੀਅਤ ਨਾਲ ਸਾਰੀ ਮਸ਼ੀਨਰੀ ਨੂੰ ਗੁਪਤ ਤਰੀਕੇ ਨਾਲ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਮਜ਼ਦੂਰਾਂ ਨਾਲ ਸਰਾਸਰ ਧੋਖਾ ਹੈ।
ਇਹ ਵੀ ਪੜ੍ਹੋ : Air India ਨੇ ਅਮਰੀਕਾ ਲਈ 60 ਉਡਾਣਾਂ ਕੀਤੀਆਂ ਰੱਦ, ਤਕਨੀਕੀ ਸਮੱਸਿਆਵਾਂ ਕਾਰਨ ਲਿਆ ਫ਼ੈਸਲਾ
ਮਜ਼ਦੂਰ ਆਗੂਆਂ ਨੇ ਕਿਹਾ ਕਿ ਲੇਬਰ ਕਾਲੋਨੀ ਦੇ ਬਿਜਲੀ ਬਿੱਲ, ਪੀ. ਐੱਫ., ਈ. ਐੱਸ. ਆਈ ਦੇ ਪੈਸੇ ਜਮ੍ਹਾਂ ਨਹੀਂ ਕਰਵਾਏ ਗਏ, ਜਿਸ ਦਾ ਖਮਿਆਜ਼ਾ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਦੌਰਾਨ ਸ਼ਿਵ ਸੈਨਾ ਆਗੂ ਕਮਲ ਸਰੋਜ ਅਤੇ ਕਿਸਾਨ ਆਗੂ ਹਰਵਿੰਦਰ ਸਿੰਘ ਖਹਿਰਾ ਨੇ 10 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਮਿੱਲ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੇ ਬਕਾਏ ਅਦਾ ਨਾ ਕੀਤੇ ਗਏ ਅਤੇ ਹਜ਼ਾਰਾਂ ਮਜ਼ਦੂਰਾਂ ਦਾ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਾਂ ਪ੍ਰਸ਼ਾਸਨ ਨੇ ਦਬਾਅ ਪਾ ਕੇ ਕੋਈ ਕਾਰਵਾਈ ਨਾ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਆਗੂਆਂ ਨੇ ਪੁਲਸ ਤੇ ਪ੍ਰਸ਼ਾਸਨ ਤੋਂ ਮਿੱਲ ਮਾਲਕ ਸਮੀਰ ਥਾਪਰ ਅਤੇ ਮੁਕੁਲਿਕਾ ਸਿਨਹਾ ਸਮੇਤ ਮੁਲਜ਼ਮ ਪ੍ਰਬੰਧਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਹੈ। ਮੰਗ ਪੱਤਰ ਦੀਆਂ ਕਾਪੀਆਂ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ, ਡਿਪਟੀ ਕਮਿਸ਼ਨਰ ਕਪੂਰਥਲਾ, ਡੀ.ਆਈ.ਜੀ ਜਲੰਧਰ ਰੇਂਜ ਜਲੰਧਰ, ਪੀ.ਐੱਫ. ਕਮਿਸ਼ਨਰ ਜਲੰਧਰ ਅਤੇ ਐੱਸਐੱਸਪੀ ਕਪੂਰਥਲਾ ਨੂੰ ਵੀ ਭੇਜੀਆਂ ਗਈਆਂ ਹਨ। ਇਸ ਮੌਕੇ ਰੋਸ਼ਨ ਲਾਲ, ਉਮੇਸ਼, ਮਦਨ ਮਿਸ਼ਰਾ, ਪ੍ਰਤਾਪ ਸਿੰਘ, ਅਨਿਲ ਮਿਸ਼ਰਾ, ਸੁਭਾਸ਼ ਤਿਵਾੜੀ, ਮਨੋਜ ਸ੍ਰੀਵਾਸਤਵ, ਰਮਾ ਯਾਦਵ, ਸੁਨੀਲ ਕੁਮਾਰ ਤੋਂ ਇਲਾਵਾ ਐੱਫ.ਸੀ.ਆਈ ਮਜ਼ਦੂਰ ਯੂਨੀਅਨ, ਭਾਰਤੀ ਮਜ਼ਦੂਰ ਸੰਘ, ਇੰਟਕ ਕਾਂਗਰਸ ਪੰਜਾਬ ਸਮੇਤ ਹੋਰ ਕਈ ਜਥੇਬੰਦੀਆਂ ਦੇ ਅਧਿਕਾਰੀ ਹਾਜ਼ਰ ਸਨ।
ਕੀ ਕਹਿੰਦੇ ਹਨ ਜੇਸੀਟੀ ਮਿੱਲ ਦੇ ਪ੍ਰਬੰਧਕ?
ਮਾਮਲੇ ਸਬੰਧੀ ਜੇਸੀਟੀ ਮਿੱਲ ਪ੍ਰਬੰਧਕਾਂ ਦਾ ਪੱਖ ਜਾਣਨ ਲਈ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਸਿੱਧਾ ਸੰਪਰਕ ਨਹੀਂ ਹੋ ਸਕਿਆ। ਇਸ ਸਬੰਧੀ ਜਦੋਂ ਜੇ.ਸੀ.ਟੀ ਦੇ ਕੁਝ ਸੀਨੀਅਰ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਜੇ.ਸੀ.ਟੀ ਮਿੱਲ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਸੇਵਾਮੁਕਤ ਹੋ ਚੁੱਕੇ ਹਨ। ਮੀਡੀਆ ਮਿੱਲ ਪ੍ਰਬੰਧਕਾਂ ਨਾਲ ਸਿੱਧਾ ਸੰਪਰਕ ਕਰੇ, ਜਦੋਂਕਿ ਮਿੱਲ ਪ੍ਰਬੰਧਕਾਂ ਵੱਲੋਂ ਮੋਬਾਈਲ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ? ਹੋਰ ਤਾਂ ਹੋਰ ਜੇਸੀਟੀ ਮਿੱਲ ਵੱਲੋਂ ਇਸ ਸਬੰਧੀ ਮੀਡੀਆ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8