ਫਗਵਾੜਾ ''ਚ 23 ਗਊਆਂ ਦੇ ਮੌਤ ਦੇ ਮਾਮਲੇ ''ਚ ਵੱਡਾ ਖੁਲਾਸਾ, SP ਨੇ ਦੱਸੀ ਅਸਲ ਵਜ੍ਹਾ

Sunday, Dec 15, 2024 - 04:53 AM (IST)

ਫਗਵਾੜਾ ''ਚ 23 ਗਊਆਂ ਦੇ ਮੌਤ ਦੇ ਮਾਮਲੇ ''ਚ ਵੱਡਾ ਖੁਲਾਸਾ, SP ਨੇ ਦੱਸੀ ਅਸਲ ਵਜ੍ਹਾ

ਫਗਵਾੜਾ (ਜਲੋਟਾ) - ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਮੇਹਲੀ ਗੇਟ ਇਲਾਕੇ ’ਚ ਸਥਿਤ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ’ਚ ਹੋਈ 23 ਗਊਆਂ ਦੀ ਸਮੂਹਿਕ ਮੌਤ ਅਤੇ ਵੱਡੀ ਗਿਣਤੀ ’ਚ ਗਊਆਂ ਦੇ ਅਚਾਨਕ ਬੀਮਾਰ ਹੋ ਜਾਣ ਦੇ ਸਬੰਧ ’ਚ ਫਗਵਾੜਾ ਪੁਲਸ ਨੇ ਅਧਿਕਾਰਤ ਤੌਰ ’ਤੇ ਵੱਡੇ ਖੁਲਾਸੇ ਕਰਤੇ ਹਨ।

ਐੱਸ. ਪੀ. ਰੁਪਿੰਦਰ ਕੌਰ ਭੱਟੀ ਨੇ ਐੱਸ. ਡੀ. ਐੱਮ. ਫਗਵਾੜਾ ਜਸ਼ਨਜੀਤ ਸਿੰਘ, ਡੀ. ਐੱਸ. ਪੀ. ਭਾਰਤ ਭੂਸ਼ਣ ਦੀ ਹਾਜ਼ਰੀ ਵਿਚ ਕਿਹਾ ਕਿ ਗਊਸ਼ਾਲਾ ਵਿਚ ਗਊਆਂ ਦੀ ਮੌਤ ਚਾਰੇ ਵਿਚ ਕਿਸੇ ਵਿਅਕਤੀ ਵੱਲੋਂ ਜਾਣਬੁਝ ਕੇ ਜ਼ਹਿਰ ਮਿਲਾਨ ਜਾ ਮੌਕੇ ’ਤੇ ਹੋਈ ਕੋਈ ਸ਼ੱਕੀ ਗਤੀਵਿਧੀ ਕਾਰਨ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸੰਬੰਧੀ ਕੁਝ ਵੀਡੀਓ ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ ਅਤੇ ਇਨ੍ਹਾਂ ਵੀਡੀਓਜ਼ ਦੇ ਆਧਾਰ ’ਤੇ ਜੋ ਵੀ ਦਾਅਵੇ ਕੀਤੇ ਗਏ ਹਨ, ਉਹ ਪੂਰੀ ਤਰ੍ਹਾਂ ਫਰਜ਼ੀ ਅਤੇ ਝੂਠੇ ਸਾਬਤ ਹੋਏ ਹਨ।

ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੁਲਸ ਨੇ ਫੌਰੀ ਤੌਰ ’ਤੇ ਪੁਲਸ ਕੇਸ ਦਰਜ ਕਰਕੇ ਕਰੀਬ 33 ਲੋਕਾਂ ਤੋਂ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਹੈ ਪਰ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਹੋਂਦ ਨੂੰ ਸਾਬਤ ਕਰਨ ਲਈ ਕੁਝ ਵੀ ਨਹੀਂ ਮਿਲਿਆ ਹੈ। ਐੱਸ. ਪੀ. ਭੱਟੀ ਨੇ ਕਿਹਾ ਕਿ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਗਊਆਂ ਦੇ ਚਾਰੇ ’ਚ ਜ਼ਹਿਰ ਮਿਲਾਇਆ ਗਿਆ ਸੀ, ਜੋ ਪੂਰੀ ਤਰ੍ਹਾਂ ਨਾਲ ਝੂਠਾ ਸਾਬਤ ਹੋਇਆ ਹੈ। ਲੁਧਿਆਣਾ ਦੀ ਗਡਵਾਸੂ ਯੂਨੀਵਰਸਿਟੀ ਵਿਖੇ ਪੁਲਸ ਵੱਲੋਂ ਕਰਵਾਏ ਗਏ ਮ੍ਰਿਤਕ ਗਊਆਂ ਦੇ ਪੋਸਟਮਾਰਟਮ ਅਤੇ ਮੌਕੇ ਤੋਂ ਸਰਕਾਰੀ ਤੌਰ ’ਤੇ ਇੱਕਠੇ ਕੀਤੇ ਗਏ ਚਾਰੇ ਦੇ ਨਮੂਨਿਆਂ ਅਤੇ ਇਸ ਦੀ ਡੂੰਘਾਈ ਨਾਲ ਹੋਈ ਜਾਂਚ ਤੋਂ ਇਹ ਸਾਬਤ ਹੋਇਆ ਹੈ ਕਿ ਗਊ ਵੰਸ਼ ਦੀ ਮੌਤ ਨਾਈਟ੍ਰਾਈਟ ਪੁਆਜ਼ਨਿੰਗ ਕਾਰਨ ਹੋਈ ਹੈ।

ਐੱਸ. ਪੀ. ਭੱਟੀ ਨੇ ਕਿਹਾ ਕਿ ਅਜਿਹਾ ਉਦੋਂ ਹੁੰਦਾ ਹੈ, ਜਦੋਂ ਹਰੇ ਚਾਰੇ ਵਿਚ ਯੂਰੀਆ ਦਾ ਪੱਧਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਵਿਚ ਮਰਨ ਵਾਲੀਆਂ ਗਊਆਂ ਦੀ ਸਿਹਤ ਪਹਿਲਾਂ ਹੀ ਕਮਜ਼ੋਰ ਸੀ। ਅਜਿਹੇ ’ਚ ਜ਼ਿਆਦਾ ਯੂਰੀਆ ਦੀ ਮਾਤਰਾ ਨਾਲ ਭਰਪੂਰ ਹਰੇ ਚਾਰੇ ਦਾ ਸੇਵਨ ਕਰਨ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਐੱਸ. ਪੀ. ਭੱਟੀ ਨੇ ਦੱਸਿਆ ਕਿ ਪੁਲਸ ਨੇ ਉਸ ਜਗ੍ਹਾ ਤੋਂ ਵੀ ਨਮੂਨੇ ਲਏ ਸਨ, ਜਿੱਥੋਂ ਗਊਸ਼ਾਲਾ ਨੂੰ ਚਾਰਾ ਸਪਲਾਈ ਕੀਤਾ ਜਾ ਰਿਹਾ ਸੀ ਅਤੇ ਇੱਥੋਂ ਚਾਰਾ ਲੈਣ ਵਾਲੇ ਚਾਰ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਉਹ ਮੀਡੀਆ ਨੂੰ ਉਨ੍ਹਾਂ ਦੇ ਨਾਮ ਨਹੀਂ ਦੱਸਣਗੇ ਪਰ ਇੱਥੋਂ ਚਾਰੇ ਦੇ ਨਮੂਨੇ ਲੈਣ ਦੀ ਰਿਪੋਰਟ ਨੇ ਵੀ ਯੂਰੀਆ ਦੀ ਬਹੁਤ ਜ਼ਿਆਦਾ ਮਾਤਰਾ ਨੂੰ ਸਾਬਤ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਸੇ ਹਰੇ ਚਾਰੇ ਦੇ ਸੇਵਨ ਨਾਲ ਇਕ-ਦੋ ਗਊਆਂ ਦੀ ਹੋਰ ਥਾਵਾਂ ’ਤੇ ਵੀ ਮੌਤ ਹੋਈ ਹੈ, ਜੋ ਇਸ ਤੱਥ ਨੂੰ ਸਾਬਤ ਕਰਦਾ ਹੈ ਕਿ ਹਰੇ ਚਾਰੇ ਵਿਚ ਯੂਰੀਆ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਐੱਸ. ਪੀ. ਭੱਟੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਮੌਕੇ ’ਤੇ ਇਲਾਜ ਕਰਵਾ ਰਹੀ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਗੰਭੀਰ ਹਾਲਤ ਵਿਚ ਚੱਲ ਰਹੀਆਂ ਗਊਆਂ ਦੇ ਇਲਾਜ ਦਾ ਵੀ ਇਸੇ ਆਧਾਰ ’ਤੇ ਕੀਤਾ ਗਿਆ ਸੀ, ਜੋ ਨਾਈਟ੍ਰਾਈਟ ਜ਼ਹਿਰ ਨੂੰ ਫੈਲਣ ਤੋਂ ਰੋਕਦਾ ਹੈ, ਜਿਸ ਤੋਂ ਬਾਅਦ ਕਈ ਗਊਆਂ ਨੂੰ ਬਚਾਇਆ ਗਿਆ ਹੈ। ਅਜਿਹੇ ’ਚ ਹੁਣ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਹਰੇ ਚਾਰੇ ’ਚ ਯੂਰੀਆ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਨਾਈਟ੍ਰਾਈਟ ਪੁਆਜ਼ਨਿੰਗ ਹੋਣ ਕਾਰਨ ਹੀ ਫਗਵਾੜਾ ’ਚ 23 ਗਊਆਂ ਦੀ ਮੌਤ ਹੋਈ ਹੈ।

ਪੰਜਾਬ ਕੇਸਰੀ ਅਤੇ ਜਗ ਬਾਣੀ ਨੇ ਇਸ ਗੰਭੀਰ ਅਤੇ ਬੇਹਦ ਸੰਵੇਦਨਸ਼ੀਲ ਮਾਮਲੇ ਵਿਚ ਸਭ ਤੋਂ ਪਹਿਲਾ ਇਸ ਤੱਥ ਦਾ 13 ਦਸੰਬਰ ਨੂੰ ਪ੍ਰਕਾਸ਼ਿਤ ਇਕ ਵਿਸਥਾਰਤ ਰਿਪੋਰਟ ਵਿਚ ਖੁਲਾਸਾ ਕੀਤਾ ਸੀ ਕਿ ਗਊਆਂ ਦੀ ਮੌਤ ਦਾ ਕਾਰਨ ਜ਼ਹਿਰੀਲੇ ਹਰੇ ਚਾਰੇ ਵਿਚ ਯੂਰੀਆ ਦੀ ਜ਼ਿਆਦਾ ਮਾਤਰਾ ਹੋ ਸਕਦੀ ਹੈ। ਪ੍ਰਕਾਸ਼ਿਤ ਖ਼ਬਰ ਵਿਚ ਲਿਖਿਆ ਗਿਆ ਸੀ ਕਿ ਇਸ ਸਥਿਤੀ ਵਿਚ ਗਊਆਂ ਦੀ ਮੌਤ ਨਾਈਟ੍ਰਾਈਟ ਪੁਆਜ਼ਨਿੰਗ ਕਾਰਨ ਹੋਈ ਹੈ ਅਤੇ ਇਸ ਹਾਲਤ ’ਚ ਗਊ ਵੰਸ਼ ਦੇ ਸਰੀਰ ਵਿਚ ਇਹ ਕਿਵੇਂ ਵਾਪਰਦਾ ਹੈ। ਅੱਜ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਬਿਨਾਂ ਸ਼ੱਕ 13 ਦਸੰਬਰ ਨੂੰ ਦੋਵਾਂ ਅਖ਼ਬਾਰਾਂ ਵਿਚ ਜਨਹਿੱਤ ਨੂੰ ਧਿਆਨ ਵਿਚ ਰੱਖਦਿਆਂ ਛਪੀ ਖ਼ਬਰ ਸੌ ਪ੍ਰਤੀਸ਼ਤ ਸਹੀ ਅਤੇ ਸਟੀਕ ਸਾਬਤ ਹੋਈ ਹੈ।


author

Inder Prajapati

Content Editor

Related News