ਪੰਜਾਬ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਮੰਡਰਾ ਰਿਹੈ ਖ਼ਤਰਾ, ਪੰਜਾਬ ਪੁਲਸ ਦੀ ਵਧੀ ਚਿੰਤਾ
Thursday, Dec 12, 2024 - 12:57 PM (IST)
ਕਪੂਰਥਲਾ (ਭੂਸ਼ਣ/ਮਹਾਜਨ)-ਸੂਬੇ ’ਚ ਪਿਛਲੇ 2-3 ਸਾਲਾਂ ਤੋਂ ਵੱਡੇ ਪੱਧਰ ’ਤੇ ਚੱਲ ਰਹੇ ਫਿਰੌਤੀ ਗਿਰੋਹ ਨੂੰ ਨੱਥ ਪਾਉਣ ਵਾਲੀ ਪੰਜਾਬ ਪੁਲਸ ਲਈ ਹੁਣ ਅਪਰਾਧਿਕ ਗਿਰੋਹ ਤੋਂ ਖ਼ਤਰਨਾਕ ਗ੍ਰਨੇਡ ਮਿਲਣ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਨਵੀਆਂ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਵਿਦੇਸ਼ੀ ਮਾਰਕੇ ਵਾਲੇ ਗ੍ਰਨੇਡਾਂ ਦੀ ਬਰਾਮਦਗੀ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਪੰਜਾਬ ਪੁਲਸ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ 2-3 ਸਾਲਾਂ ਤੋਂ ਸੂਬੇ ’ਚ ਵੱਡੇ 'ਤੇ ਆਮ ਕਾਰੋਬਾਰੀਆਂ ਨੂੰ ਵਿਦੇਸ਼ੀ ਅਤੇ ਸਥਾਨਕ ਨੰਬਰਾਂ ਤੋਂ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ, ਜਿਸ ਦੌਰਾਨ ਕਈ ਸ਼ਹਿਰਾਂ ’ਚ ਕਾਰੋਬਾਰੀਆਂ ਦੀਆਂ ਦੁਕਾਨਾਂ ਅਤੇ ਕੰਪਲੈਕਸਾਂ ’ਚ ਫਾਇਰਿੰਗ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਉੱਥੇ ਹੀ ਹੁਣ ਸੂਬੇ ਅਤੇ ਚੰਡੀਗੜ੍ਹ ’ਚ ਅਪਰਾਧੀਆਂ ਵੱਲੋਂ ਕੀਤੇ ਗਏ ਗ੍ਰਨੇਡ ਹਮਲਿਆਂ ਨੇ ਪੰਜਾਬ ਪੁਲਸ ਦੀਆਂ ਚਿੰਤਾਵਾਂ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਵਧਾਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਸੁਰੱਖਿਆ
ਗੌਰ ਹੋਵੇ ਕਿ ਸੂਬੇ ’ਚ ਕਈ ਅਪਰਾਧਿਕ ਗਿਰੋਹਾਂ ਵੱਲੋਂ ਗ੍ਰਨੇਡ ਸੁੱਟਣ ਦੇ ਮਾਮਲਿਆਂ ਨੇ ਸਾਨੂੰ ਅੱਤਵਾਦ ਦੇ ਕਾਲੇ ਦੌਰ ਦੀ ਯਾਦ ਦਿਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਹਮਲਿਆਂ ਦੌਰਾਨ ਆਮ ਤੌਰ ’ਤੇ ਗ੍ਰਨੇਡਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਅੱਤਵਾਦੀਆਂ ਨੂੰ ਸਿਖਲਾਈ ਦੇ ਕੇ ਸਰਹੱਦ ਪਾਰ ਤੋਂ ਜੰਮੂ-ਕਸ਼ਮੀਰ ’ਚ ਭੇਜਿਆ ਜਾਂਦਾ ਹੈ ਪਰ ਹੁਣ ਪੰਜਾਬ ’ਚ ਸਰਹੱਦ ਪਾਰ ਤੋਂ ਆਉਣ ਵਾਲੇ ਖ਼ਤਰਨਾਕ ਗ੍ਰਨੇਡ ਬਹੁਤ ਚਿੰਤਾ ਦਾ ਵਿਸ਼ਾ ਬਣ ਗਏ ਹਨ। ਪੂਰੇ ਮਾਮਲੇ ’ਚ ਸਵਾਲ ਇਹ ਹੈ ਕਿ ਆਖਿਰ ਗੈਂਗਸਟਰਾਂ ਨੂੰ ਅਜਿਹੇ ਖ਼ਤਰਨਾਕ ਗ੍ਰਨੇਡ ਕਿਹੜੇ ਲੋਕਾਂ ਵੱਲੋਂ ਪਹੁੰਚਾਏ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਕਿਹੜੇ ਰਸਤਿਆਂ ਦੇ ਸਹਾਰੇ ਬਾਰਡਰ ਪਾਰ ਤੋਂ ਸਪਲਾਈ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਆਰਮੀ ਦੀ ਗੱਡੀ ਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ, ਇਕ ਨੌਜਵਾਨ ਦੀ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ ਗ੍ਰਨੇਡ ਹਮਲਿਆਂ ਕਾਰਨ ਫ਼ੌਜ ਅਤੇ ਪੁਲਸ ਦੇ ਕਈ ਜਵਾਨ ਅਤੇ ਅਧਿਕਾਰੀ ਸ਼ਹੀਦ ਹੋ ਚੁੱਕੇ ਹਨ ਪਰ ਹੁਣ ਪੰਜਾਬ ’ਚ ਗੈਂਗਸਟਰਾਂ ਅਤੇ ਆਮ ਅਪਰਾਧੀਆਂ ਤੱਕ ਗ੍ਰਨੇਡ ਪਹੁੰਚਣ ਦੇ ਮਾਮਲਿਆਂ ਨੇ ਆਮ ਲੋਕਾਂ ਨੂੰ ਭਵਿੱਖ ’ਚ ਹੋਣ ਵਾਲੇ ਖ਼ਤਰੇ ਨੂੰ ਲੈ ਕੇ ਚਿੰਤਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦਾ ਮੰਨਣਾ ਹੈ ਕਿ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਅਜਿਹੇ ਖ਼ਤਰਨਾਕ ਗ੍ਰਨੇਡ ਪੰਜਾਬ ’ਚ ਆ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਸ ਕਈ ਗੈਂਗਸਟਰਾਂ ਨੂੰ ਵੱਡੀ ਗਿਣਤੀ ’ਚ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਨੂੰ ਡਰੋਨ ਦੀ ਮਦਦ ਨਾਲ ਪੰਜਾਬ ‘ਚ ਲਿਆਂਦਾ ਗਿਆ ਸੀ ਪਰ ਹੁਣ ਗੈਂਗਸਟਰਾਂ ਵੱਲੋਂ ਅਪਣਾਈ ਗਈ ਇਸ ਨਵੀਂ ਰਣਨੀਤੀ ਨੇ ਪੰਜਾਬ ਪੁਲਸ ਨੂੰ ਆਉਣ ਵਾਲੇ ਦਿਨਾਂ ‘ਚ ਇਕ ਵੱਡੀ ਕਾਰਵਾਈ ਕਰਨ ਦੀ ਰਣਨੀਤੀ ’ਤੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਹੈ ਤਾਂ ਜੋ ਅਪਰਾਧੀਆਂ ਦੀ ਇਸ ਵੱਡੀ ਸਾਜਿਸ਼ ਨਾਲ ਨਿਪਟਿਆ ਜਾ ਸਕੇ। ਜਿਸ ਨੂੰ ਲੈ ਕੇ ਪੂਰੇ ਸੂਬੇ ’ਚ ਇਸ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੋ ਅਪਰਾਧੀਆਂ ਦੇ ਅਜਿਹੇ ਮਨਸੂਬਿਆਂ ਨੂੰ ਖਤਮ ਕੀਤਾ ਜਾ ਸਕੇ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਗੌਰਵ ਤੂਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਸ ਵੱਲੋਂ ਜ਼ਿਲ੍ਹੇ ਭਰ ’ਚ ਅਪਰਾਧੀਆਂ ਖ਼ਿਲਾਫ਼ ਵੱਡੀ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਪਿਛਲੇ ਕੁਝ ਦਿਨਾਂ ਦੌਰਾਨ ਵੱਡੀ ਗਿਣਤੀ ’ਚ ਅਪਰਾਧੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਉੱਥੇ ਹੀ ਅਜਿਹੇ ਮਾਮਲਿਆਂ ਨੂੰ ਲੈ ਕੇ ਪੂਰੇ ਜ਼ਿਲ੍ਹੇ ’ਚ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- ਗੀਜ਼ਰ ਦੀ ਗੈਸ ਚੜ੍ਹਨ ਕਾਰਨ ਵਾਪਰਿਆ ਵੱਡਾ ਹਾਦਸਾ, ਮਾਪਿਆਂ ਦੇ ਇਕੌਲਤੇ ਪੁੱਤ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8