ਚੋਰਾਂ ਨੇ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਅਤੇ ਸਾਮਾਨ ਲੈ ਕੇ ਫ਼ਰਾਰ
Friday, Dec 20, 2024 - 06:02 AM (IST)
ਸੁਲਤਾਨਪੁਰ ਲੋਧੀ (ਧੀਰ) - ਸੁਲਤਾਨਪੁਰ ਲੋਧੀ ’ਚ ਚੋਰ ਚੁਸਤ ਅਤੇ ਪੁਲਸ ਸੁਸਤ ਨਜ਼ਰ ਆ ਰਹੀ ਹੈ। ਇਲਾਕੇ ’ਚ ਸਰਗਰਮ ਹੋਏ ਚੋਰ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਨੇ, ਜਿਸ ਦੇ ਚੱਲਦਿਆਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਤਾਜਾ ਮਾਮਲਾ ਬੀਤੀ ਰਾਤ ਸੁਲਤਾਨਪੁਰ ਲੋਧੀ ਦੇ ਮੁੱਖ ਸਦਰ ਬਾਜ਼ਾਰ ’ਚ ਵੱਖ-ਵੱਖ ਦੁਕਾਨਾਂ ਤੇ ਹੋਈਆਂ ਚੋਰੀਆਂ ਦਾ ਸਾਹਮਣੇ ਆਇਆ ਹੈ। ਚੋਰਾਂ ਨੇ ਕਰੀਬ ਚਾਰ ਦੁਕਾਨਾਂ ਦੇ ਤਾਲੇ ਅਤੇ ਸਟਰ ਤੋੜ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਜੰਮੂ ਕਰਿਆਣਾ ਸਟੋਰ ਦੇ ਐੱਮ. ਡੀ. ਜਸਬੀਰ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਭਾਗੋਰਾਈਆ ਨੇ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਮੇਰੀ ਦੁਕਾਨ ਦੇ ਸ਼ਟਰ ਅਤੇ ਤਾਲੇ ਤੌੜ ਕੇ ਗੱਲੇ ਵਿਚ ਪਈ 7 ਹਾਜ਼ਰ ਰੁਪਏ ਦੀ ਨਕਦੀਂ ਚੋਰੀ ਕਰਕੇ ਕੇ ਫ਼ਰਾਰ ਹੋ ਗਏ ਹਨ। ਦੂਸਰੇ ਦੁਕਾਨਦਾਰ ਅਤੁਲ ਕਰਿਆਣਾ ਸਟੋਰ ਦੇ ਐੱਮ. ਡੀ. ਅਤੁਲ ਅਰੋੜਾ ਪੁੱਤਰ ਨਰੇਸ਼ ਅਰੋੜਾ ਨਿਵਾਸੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ 35,40 ਹਾਜ਼ਰ ਰੁਪਏ ਦੀ ਨਗਦੀ ਗੱਲੇ ਵਿਚੋਂ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ।
ਤੀਸਰੇ ਦੁਕਾਨਦਾਰ ਦੀਪਕ ਮੋਗਲਾ ਪੁੱਤਰ ਕ੍ਰਿਸਨਾ ਨੇ ਦੱਸਿਆ ਕਿ ਉਹ ਸਦਰ ਬਾਜ਼ਾਰ ਵਿਚ ਮਨਿਆਰੀ ਦੀ ਦੁਕਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕੁਝ ਅਨ ਪਛਾਤੇ ਚੋਰਾਂ ਵੱਲੋਂ ਸ਼ਟਰ ਤੋੜ ਕੇ ਗੱਲੇ ਵਿਚ ਪਈ 60 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਹਨ। ਚੌਥੇ ਦੁਕਾਨ ਦਾ ਸ਼ਰਮਾ ਗਾਰਮੈਂਟ ਦੇ ਮਾਲਕ ਮਦਨ ਲਾਲ ਮੋਹਨ ਸ਼ਰਮਾ ਪੁੱਤਰ ਰਘੂ ਬੰਸ ਸ਼ਰਮਾ ਨੇ ਦੱਸਿਆ ਕਿ ਉਹ ਸਦਰ ਬਾਜ਼ਾਰ ਚ ਕੱਪੜੇ ਦੀ ਦੁਕਾਨ ਕਰਦੇ ਹਨ। ਬੀਤੀ ਰਾਤ ਚੋਰਾ ਵੱਲੋਂ ਸ਼ਟਰ ਭੰਨ ਕੇ ਗੱਲੇ ਵਿਚ ਪਏ 5 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ ਹਨ।
ਇਸ ਦੌਰਾਨ ਚੋਰਾਂ ਵੱਲੋਂ ਦੁਕਾਨਾਂ ਵਿਚ ਪਿਆ ਕੀਮਤੀ ਸਮਾਨ ਵੀ ਚੋਰੀ ਕੀਤਾ ਗਿਆ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ। ਲਿਹਾਜ਼ਾ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਪੁਲਸ ਨੂੰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਚੋਰਾਂ ਦੀ ਭਾਲ ਕਰਕੇ ਉਨ੍ਹਾਂ ਦੇ ਨੁਕਸਾਨ ਦੀ ਭਰਭਾਈ ਕਰਾਉਣ ਦੀ ਗੱਲ ਆਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੋਰ ਬਾਜ਼ਾਰ ਵਿਚ ਕਈ ਥਾਵਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਵੀ ਕੈਦ ਹੋਏ ਨੇ, ਸਵਾਲ ਇਹ ਖੜੇ ਹੋ ਰਹੇ ਨੇ ਚੋਰ ਕਿੰਨੀ ਆਸਾਨੀ ਦੇ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੰਦੇ ਹਨ ਅਤੇ ਲੰਬਾ ਸਮਾਂ ਇਨ੍ਹਾਂ ਬਾਜ਼ਾਰਾਂ ਵਿਚ ਹੀ ਇਧਰ ਉਧਰ ਘੁੰਮਦੇ ਨਜ਼ਰ ਆ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸਥਾਨਕ ਪੁਲਸ ਇਸ ਚੋਰ ਗਰੋਹ ਦਾ ਪਰਦਾ ਫਾਸ਼ ਕਰਨ ’ਚ ਕਦੋਂ ਕਾਮਯਾਬ ਹੁੰਦੀ ਹੈ, ਕਿਉਂਕਿ ਇਸ ਘਟਨਾ ਤੋਂ ਬਾਅਦ ਪੂਰੇ ਬਾਜ਼ਾਰ ਵਿਚ ਦਹਿਸ਼ਤ ਫੈਲ ਚੁੱਕੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਹਰ ਗੁਰਦੇਵ ਸਿੰਘ ਨੇ ਕਿਹਾ ਕਿ ਜਲਦ ਚੋਰ ਗਿਰੋਹ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਮੇਰੇ ਵੱਲੋਂ ਟੀਮਾਂ ਬਣਾ ਦਿੱਤੀਆ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ।