ਸੋਨੂ ਸ਼ਾਹ ਕਤਲਕਾਂਡ : ਪੋਸਟਮਾਰਟਮ ਰਿਪੋਰਟ ''ਚ ਖੁਲਾਸਾ, ਮਾਰੀਆਂ ਗਈਆਂ ਸੀ 10 ਗੋਲੀਆਂ
Monday, Sep 30, 2019 - 10:58 AM (IST)

ਚੰਡੀਗੜ੍ਹ (ਸੁਸ਼ੀਲ) : ਗੈਂਗਸਟਰ ਸੰਪਤ ਨਹਿਰਾ ਨਾਲ ਬਹਿਸ ਕਰਨ 'ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਗੈਂਗਸਟਰਾਂ ਨੇ ਸੋਨੂ ਸ਼ਾਹ 'ਤੇ 10 ਗੋਲੀਆਂ ਚਲਾਈਆਂ ਸਨ। ਸਿਰ 'ਚ ਦੋ ਗੋਲੀਆਂ ਲੱਗਣ ਨਾਲ ਸੋਨੂ ਸ਼ਾਹ ਦੀ ਮੌਤ ਹੋਈ ਸੀ। ਇਹ ਖੁਲਾਸਾ ਐਤਵਾਰ ਨੂੰ ਜੀ. ਐੱਮ. ਸੀ.ਐੱਚ.-32 'ਚ ਮੈਡੀਕਲ ਬੋਰਡ ਵਲੋਂ ਕੀਤੇ ਗਏ ਪੋਸਟਮਾਰਟਮ 'ਚ ਹੋਇਆ। ਸੋਨੂ ਸ਼ਾਹ 'ਤੇ 32 ਬੋਰ ਤੇ 30 ਬੋਰ ਦੀ ਪਿਸਤੌਲ ਨਾਲ ਹਮਲਾ ਕੀਤਾ ਗਿਆ ਸੀ। ਪੋਸਟਮਾਰਟਮ ਦੌਰਾਨ ਜੀ. ਐੱਮ. ਸੀ.ਐੱਚ.-32 'ਚ ਪਰਿਵਾਰ ਸਮੇਤ 70 ਤੋਂ 80 ਨੌਜਵਾਨ ਮੌਜੂਦ ਸਨ। ਜਾਂਚ 'ਚ ਸਾਹਮਣੇ ਆਇਆ ਕਿ ਸੋਨੂ ਸ਼ਾਹ ਦੇ ਕਤਲ ਦੇ ਸਮੇਂ ਉਸ ਦੇ ਦਫ਼ਤਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਬੰਦ ਸਨ, ਜਿਸ ਕਾਰਨ ਫਾਇਰਿੰਗ ਕਰਨ ਵਾਲੇ ਨੌਜਵਾਨ ਕੈਮਰਿਆਂ 'ਚ ਕੈਦ ਨਹੀਂ ਹੋ ਸਕੇ।
ਕਮਰਾ ਕਿਰਾਏ 'ਤੇ ਲੈਣ ਦੇ ਬਹਾਨੇ ਆਇਆ ਸੀ ਕਾਤਲ
ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਇਕ ਕਾਤਲ ਸੋਨੂ ਸ਼ਾਹ ਦੇ ਦਫ਼ਤਰ 'ਚ ਕਮਰਾ ਕਿਰਾਏ 'ਤੇ ਲੈਣ ਦੇ ਬਹਾਨੇ ਆਇਆ ਸੀ। ਕਾਤਲ ਨੇ ਸੋਨੂ ਸ਼ਾਹ ਨੂੰ ਕਿਹਾ ਸੀ ਕਿ ਉਹ ਉਸ ਨੂੰ ਰੋਪੜ ਜੇਲ 'ਚ ਮਿਲਿਆ ਸੀ। ਸੋਨੂ ਕੁੱਝ ਕਹਿੰਦਾ, ਇੰਨੇ 'ਚ ਪਿੱਛੋਂ ਆਏ 2 ਨੌਜਵਾਨਾਂ ਨੇ ਉਸ 'ਤੇ ਅੰਨ੍ਹਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਪੁਲਸ ਦਾ ਕਹਿਣਾ ਹੈ ਕਿ ਜੋਗਿੰਦਰ ਪਹਿਲਵਾਨ ਵੀ ਸੋਨੂ ਨੂੰ ਕਰੀਬ ਤਿੰਨ ਮਹੀਨੇ ਬਾਅਦ ਮਿਲਣ ਆਇਆ ਸੀ। ਉਹ ਵੀ ਬੁੜੈਲ ਵਿਚ ਹੀ ਫਾਈਨਾਂਸ ਦਾ ਕੰਮ ਕਰਦਾ ਸੀ। ਪੁਲਸ ਨੇ ਸੋਨੂ ਸ਼ਾਹ ਦੇ ਕਤਲ ਤੋਂ ਬਾਅਦ ਉਸ ਦੇ ਨਜ਼ਦੀਕੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਸੀ ਪਰ ਅੱਠ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਸੀ।
ਸੀ. ਸੀ. ਟੀ. ਵੀ. ਫੁਟੇਜ ਤੋਂ ਚਿਹਰੇ ਪਛਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਉਥੇ ਹੀ ਪੁਲਸ ਨੂੰ ਇਕ ਸੀ. ਸੀ. ਟੀ.ਵੀ. ਫੁਟੇਜ ਬਰਾਮਦ ਹੋਈ ਹੈ, ਜਿਸ 'ਚ ਸੋਨੂ ਸ਼ਾਹ ਦੇ ਕਤਲ ਤੋਂ ਬਾਅਦ ਚਾਰ ਨੌਜਵਾਨ ਗਲੀ 'ਚੋਂ ਨਿਕਲ ਕੇ ਸਫੈਦ ਗੱਡੀ 'ਚ ਬੈਠਦੇ ਹੋਏ ਕੈਦ ਹੋਏ ਹਨ। ਪੁਲਸ ਉਸ ਸੀ.ਸੀ.ਟੀ.ਵੀ. ਫੁਟੇਜ ਨੂੰ ਸਾਫ਼ ਕਰ ਕੇ ਕਾਤਲਾਂ ਦੇ ਚਿਹਰੇ ਪਛਾਨਣ 'ਚ ਲੱਗੀ ਹੋਈ ਹੈ। ਪੁਲਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੋਨੂ ਸ਼ਾਹ ਦੇ ਕਤਲ ਲਈ ਕਿਸੇ ਜਾਣਕਾਰ ਨੇ ਪੂਰੀ ਰੇਕੀ ਕੀਤੀ ਸੀ। ਸੋਨੂ ਸ਼ਾਹ ਦੀਆਂ ਦਿਨ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਕਾਤਲਾਂ ਨੂੰ ਦੱਸਿਆ ਗਿਆ ਸੀ। ਜਾਂਚ 'ਚ ਇਹ ਵੀ ਪਤਾ ਲੱਗਿਆ ਕਿ ਕਾਤਲ ਸੋਨੂ ਨੂੰ ਜਾਣਦੇ ਨਹੀਂ ਸਨ, ਇਸੇ ਦੇ ਤਹਿਤ ਉਨ੍ਹਾਂ ਨੇ ਦਫ਼ਤਰ 'ਚ ਆਉਣ ਤੋਂ ਪਹਿਲਾਂ ਸੋਨੂ ਸ਼ਾਹ ਦੀ ਪਛਾਣ ਕੀਤੀ ਸੀ।
ਪੁਲਸ ਛਾਉਣੀ 'ਚ ਤਬਦੀਲ ਹੋਇਆ ਸ਼ਮਸ਼ਾਨਘਾਟ
ਸੋਨੂ ਸ਼ਾਹ ਦੇ ਸਸਕਾਰ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਨੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ। ਉਥੇ ਹੀ ਜੀ. ਐੱਮ. ਸੀ.ਐੱਚ.-32 ਦੇ ਡਾਕਟਰਾਂ ਨੇ ਸੋਨੂ ਸ਼ਾਹ ਦੀ ਲਾਸ਼ ਦਾ ਪੋਸਟਮਾਰਟਮ ਕਰ ਕੇ ਦੁਪਹਿਰ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪਰਿਵਾਰ ਵਾਲੇ ਲਾਸ਼ ਨੂੰ ਲੈ ਕੇ ਸੈਕਟਰ-25 ਸ਼ਮਸ਼ਾਨਘਾਟ ਆਏ। ਇਸੇ ਦੌਰਾਨ ਕਰੀਬ 100 ਤੋਂ ਜ਼ਿਆਦਾ ਲੋਕ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। ਪੁਲਸ ਨੂੰ ਸ਼ੱਕ ਹੈ ਕਿ ਸ਼ਹਿਰ 'ਚ ਗੈਂਗਵਾਰ ਹੋ ਸਕਦੀ ਹੈ, ਇਸੇ ਕਾਰਨ ਸੀ. ਆਈ. ਡੀ. ਤੇ ਥਾਣਾ ਪੁਲਸ ਨੂੰ ਅਲਰਟ ਕੀਤਾ ਹੋਇਆ ਹੈ।
ਲਾਰੈਂਸ ਬਿਸ਼ਨੋਈ ਤੇ ਸੰਪਤ ਨਹਿਰਾ ਨੂੰ ਪੁਲਸ ਲਿਆਏਗੀ ਪ੍ਰੋਡਕਸ਼ਨ ਵਾਰੰਟ 'ਤੇ
ਸੋਨੂ ਸ਼ਾਹ ਦੇ ਕਤਲ ਦੇ ਮਾਮਲੇ 'ਚ ਪੁਲਸ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸੰਪਤ ਨਹਿਰਾ ਦੀ ਭੂਮਿਕਾ ਦੀ ਵੀ ਜਾਂਚ ਕਰੇਗੀ। ਇਸੇ ਨੂੰ ਲੈ ਕੇ ਰਾਜਸਥਾਨ ਦੀ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਤੇ ਹਰਿਆਣਾ ਦੀ ਜੇਲ 'ਚ ਬੰਦ ਸੰਪਤ ਨਹਿਰਾ ਨੂੰ ਪੁਲਸ ਟੀਮ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਏਗੀ। ਇਸ ਤੋਂ ਇਲਾਵਾ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੀ ਡੀਟੇਲ ਪੰਜਾਬ ਤੇ ਹਰਿਆਣਾ ਪੁਲਸ ਤੋਂ ਹਾਸਲ ਕੀਤੀ ਹੈ।
ਟੀਮਾਂ ਗਠਿਤ, ਇਸ ਨੀਤੀ 'ਤੇ ਕਰ ਰਹੀਆਂ ਕੰਮ
- ਸੋਨੂ ਸ਼ਾਹ ਦੇ ਕਾਤਲਾਂ ਨੂੰ ਫÎੜ੍ਹਨ ਲਈ ਪੁਲਸ ਵਿਭਾਗ ਨੇ ਕ੍ਰਾਈਮ ਬ੍ਰਾਂਚ ਤੇ ਥਾਣਾ ਪੁਲਸ ਦੀਆਂ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਹਨ। ਕੇਸ ਹੱਲ ਕਰਨ ਲਈ ਚੰਡੀਗੜ੍ਹ ਪੁਲਸ ਦੀਆਂ ਟੀਮਾਂ ਪੰਜਾਬ ਤੇ ਹਰਿਆਣਾ ਲਈ ਰਵਾਨਾ ਹੋ ਗਈਆਂ ਹਨ।
- ਪੁਲਸ ਸੀ. ਸੀ. ਟੀ. ਵੀ. ਫੁਟੇਜ, ਕਾਲ ਡੀਟੇਲ ਤੇ ਡਾਟਾ ਖੰਘਾਲ ਰਹੀ ਹੈ।
- ਕਤਲ 'ਚ ਇਸਤੇਮਾਲ ਸਫੈਦ ਕਾਰ ਦਾ ਸੁਰਾਗ ਲਗਾਉਣ ਲਈ ਪੁਲਸ ਹਰਿਆਣਾ ਤੇ ਪੰਜਾਬ ਤੋਂ ਲੁੱਟੀਆਂ ਕਾਰਾਂ ਦਾ ਡਾਟਾ ਹਾਸਲ ਕਰ ਰਹੀ ਹੈ।
- ਸੋਨੂ ਸ਼ਾਹ ਦੇ ਜੇਲ 'ਚ ਰਹਿਣ ਦੌਰਾਨ ਰੋਪੜ ਤੇ ਬੁੜੈਲ ਜੇਲ 'ਚ ਕਿਸ-ਕਿਸ ਨਾਲ ਦੁਸ਼ਮਣੀ ਹੋਈ ਸੀ।
- ਪ੍ਰਾਪਰਟੀ ਡੀਲਿੰਗ ਤੇ ਫਾਈਨਾਂਸ ਦੇ ਬਿਜ਼ਨੈੱਸ ਦੌਰਾਨ ਉਸ ਦੀ ਕਿਸ ਨਾਲ ਦੁਸ਼ਮਣੀ ਸੀ।
- ਸੋਨੂ ਸ਼ਾਹ 'ਤੇ ਦਰਜ ਹੋਏ ਵੱਖ-ਵੱਖ ਅਪਰਾਧਿਕ ਕੇਸਾਂ ਨੂੰ ਲੈ ਕੇ ਕਿਸ ਨਾਲ ਦੁਸ਼ਮਣੀ ਸੀ।
- ਸੋਨੂ ਵਲੋਂ ਦਰਜ ਕਰਵਾਏ ਗਏ ਅਪਰਾਧਿਕ ਮਾਮਲਿਆਂ 'ਚ ਮੁਲਜ਼ਮ ਨਾਲ ਕੀ ਦੁਸ਼ਮਣੀ ਸੀ।
- ਸੋਨੂ ਦਾ ਪਿਛਲੇ ਕੁਝ ਮਹੀਨਿਆਂ 'ਚ ਕਿਨ੍ਹਾਂ ਨਾਲ ਝਗੜਾ ਹੋਇਆ ਸੀ।
- ਪੁਲਸ ਮ੍ਰਿਤਕ ਸੋਨੂ ਸ਼ਾਹ, ਜੋਗਿੰਦਰ ਪਹਿਲਵਾਨ ਤੇ ਰੋਮੀ ਦੇ ਮੋਬਾਇਲ ਦੀ ਕਾਲ ਡੀਟੇਲ ਖੰਘਾਲ ਰਹੀ ਹੈ।
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
