ਮਰ ਚੁੱਕੀ ਇਨਸਾਨੀਅਤ: ਬਿਹਾਰ ਤੋਂ ਆਏ ਪੁੱਤਾਂ ਨੇ ਤੇਜ਼ਧਾਰ ਹਥਿਆਰ ਨਾਲ ਪਿਓ ਦਾ ਕੀਤਾ ਕਤਲ
Saturday, May 28, 2022 - 01:28 AM (IST)
ਕਰਤਾਰਪੁਰ (ਸਾਹਨੀ) : ਬੀਤੀ ਰਾਤ ਥਾਣਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਮਾਂਗੇਕੀ 'ਚ ਕਿਸਾਨ ਦੀ ਪਿੰਡ ਦੇ ਬਾਹਰ ਫਿਰਨੀ 'ਤੇ ਬਣੀ ਹਵੇਲੀ 'ਚ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਨੂੰ ਉਸ ਦੀ ਆਪਣੀ ਹੀ ਸੰਤਾਨ ਨੇ ਬੀਤੀ ਰਾਤ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੇ ਦੋਵੇਂ ਪੁੱਤਰ ਕਰੀਬ ਇਕ ਮਹਿਨਾ ਪਹਿਲਾਂ ਹੀ ਆਪਣੇ ਪਿਤਾ ਕੋਲ ਇਥੇ ਆਏ ਸਨ।
ਇਹ ਵੀ ਪੜ੍ਹੋ : Breaking News ਅੰਮ੍ਰਿਤਸਰ : ਪੁਲਸ ਦੇ ਸਾਹਮਣੇ ਦੁਕਾਨਦਾਰ 'ਤੇ ਜਾਨਲੇਵਾ ਹਮਲਾ, ਲੱਖਾਂ ਦੀ ਹੋਈ ਲੁੱਟ (ਵੀਡੀਓ)
ਇਸ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜਗੀਰ ਸਿੰਘ ਪੁੱਤਰ ਸੁੱਚਾ ਸਿੰਘ ਨੇ ਦਿੱਤੇ ਬਿਆਨ 'ਚ ਦੱਸਿਆ ਕਿ ਪਿੰਡ ਦੀ ਫਿਰਨੀ 'ਤੇ ਬਣੀ ਹਵੇਲੀ 'ਤੇ ਇਕ ਕਰੀਬ 58 ਸਾਲਾ ਮਜ਼ਦੂਰ ਜੈਰਾਮ ਸ਼ਰਮਾ ਪੁੱਤਰ ਲਹਿਰ ਸ਼ਰਮਾ ਵਾਸੀ ਵਾਰਡ ਨੰਬਰ 2 ਸੁੱਖਾ ਨਗਰ ਜ਼ਿਲ੍ਹਾ ਸਪੌਲ ਬਿਹਾਰ ਪਿਛਲੇ 20 ਕੁ ਸਾਲਾਂ ਤੋਂ ਉਨ੍ਹਾਂ ਕੋਲ ਇਕੱਲਾ ਰਹਿੰਦਾ ਸੀ ਤੇ ਬਾਕੀ ਪਰਿਵਾਰ ਬਿਹਾਰ ਰਹਿੰਦਾ ਸੀ। ਜੈ ਰਾਮ ਪੇਸ਼ੇ ਤੋਂ ਮਿਸਤਰੀਆਂ ਨਾਲ ਦਿਹਾੜੀ ਦਾ ਕੰਮ ਕਰਦਾ ਸੀ ਤੇ ਹਵੇਲੀ 'ਚ ਪਸ਼ੂਆਂ ਦੀ ਦੇਖਭਾਲ ਕਰਦਾ ਸੀ। ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਪੁੱਤਰ ਰਜੇਸ਼ ਤੇ ਲਲਤੂ ਆਪਣੇ ਪਿਤਾ ਕੋਲ ਇਥੇ ਆਏ ਤੇ ਉਸ ਨਾਲ ਰਹਿਣ ਲੱਗੇ।
ਇਹ ਵੀ ਪੜ੍ਹੋ : ਨੇਕ ਉਪਰਾਲਾ: ਜੇਲ੍ਹ ’ਚ ਕੈਦੀ ਔਰਤਾਂ ਅਸਿਸਟੈਂਟ ਬਿਊਟੀ ਥੈਰੇਪਿਸਟ ਕੋਰਸ ਦੀ ਲੈਣਗੀਆਂ ਟ੍ਰੇਨਿੰਗ
ਜਗੀਰ ਸਿੰਘ ਨੇ ਦੱਸਿਆ ਕਿ ਉਸ ਦੇ ਬੱਚੇ ਕੋਈ ਕੰਮਕਾਰ ਨਹੀਂ ਕਰਦੇ ਸਨ, ਬਲਕਿ ਜੈਰਾਮ ਕੋਲੋਂ ਰੋਜ਼ਾਨਾ ਪੈਸਿਆਂ ਦੀ ਮੰਗ ਕਰਦੇ ਰਹਿੰਦੇ ਸਨ। ਬੀਤੀ 26 ਮਈ ਦੀ ਰਾਤ ਵੀ ਰੋਜ਼ਾਨਾ ਵਾਂਗ ਹਵੇਲੀ 'ਚ ਪਸ਼ੂਆਂ ਦੇ ਕਮਰੇ 'ਤੇ ਬਣੇ ਚੁਬਾਰੇ 'ਚ ਰਹਿੰਦੇ ਜੈਰਾਮ ਨੂੰ ਉਸ ਦੇ ਪੁੱਤਰਾਂ ਨੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਨਾਲ ਮੱਥੇ ਅਤੇ ਗਰਦਨ 'ਤੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਲਾਸ਼ ਲੱਕੜ ਦੀ ਪੌੜੀ ਨਾਲ ਬੰਨ੍ਹ ਕੇ ਹਵੇਲੀ 'ਚ ਗੋਹੇ ਢੇਰ 'ਤੇ ਸੁੱਟ ਕੇ ਫਰਾਰ ਹੋ ਗਏ। ਅੱਜ ਸਵੇਰੇ ਜਦੋਂ ਜਗੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਹਵੇਲੀ 'ਤੇ ਪਸ਼ੂਆਂ ਨੂੰ ਵੇਖਣ ਗਿਆ ਤਾਂ ਉਸ ਨੇ ਜੈਰਾਮ ਤੇ ਉਸ ਦੇ ਪੁੱਤਰਾਂ ਨੂੰ ਆਵਾਜ਼ ਮਾਰੀ ਪਰ ਕੋਈ ਜਵਾਬ ਨਾ ਮਿਲਣ 'ਤੇ ਉਹ ਉਪਰ ਕਮਰੇ ਵਿੱਚ ਗਿਆ ਤਾਂ ਕਮਰੇ ਦੀਆਂ ਕੰਧਾਂ 'ਤੇ ਖੂਨ ਅਤੇ ਹੋਰ ਸਾਮਾਨ ਖਿਲਰਿਆ ਪਿਆ ਸੀ।
ਇਹ ਵੀ ਪੜ੍ਹੋ : ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸੁਨੀਲ ਜਾਖੜ, ਸੌਂਪੀ ਜਾ ਸਕਦੀ ਹੈ ਵੱਡੀ ਜ਼ਿੰਮੇਵਾਰੀ
ਗੋਹੇ ਦੇ ਢੇਰ 'ਤੇ ਪੌੜੀ ਨਾਲ ਬੰਨ੍ਹੀ ਜੈਰਾਮ ਦੀ ਖੂਨ ਨਾਲ ਲੱਥਪਥ ਲਾਸ਼ ਵੇਖੀ ਤੇ ਪਿੰਡ ਵਾਲਿਆਂ ਨੂੰ ਦੱਸਿਆ ਤਾਂ ਪੰਚਾਇਤ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ ਤੋਂ ਜੈਰਾਮ ਦੇ ਪੁੱਤਰ ਗਾਇਬ ਸਨ ਤੇ ਉਨ੍ਹਾਂ ਦਾ ਸਾਮਾਨ ਵੀ ਉਥੇ ਨਹੀਂ ਸੀ। ਜਗੀਰ ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਕਿ ਜੈਰਾਮ ਦਾ ਕਤਲ ਉਸ ਦੇ ਪੁੱਤਰਾਂ ਨੇ ਰੰਜਿਸ਼ ਕਾਰਨ ਕੀਤਾ ਹੈ। ਪੁਲਸ ਨੇ ਬਿਆਨਾਂ ਦੇ ਅਧਾਰ 'ਤੇ ਧਾਰਾ ਮਾਮਲਾ ਦਰਜ ਕਰਕੇ ਦੋਵਾਂ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ