ਜਵਾਈ ਤੇ 2 ਲੜਕਿਆਂ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ

06/07/2023 6:07:51 PM

ਨੂਰਪੁਰਬੇਦੀ (ਸੰਜੀਵ ਭੰਡਾਰੀ) : ਇਕ ਵਿਅਕਤੀ ਦੇ ਜਵਾਈ ਅਤੇ ਉਸਦੇ 2 ਲੜਕਿਆਂ ਨੂੰ ਵਿਦੇਸ਼ ਨਾ ਭੇਜ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਥਾਨਕ ਪੁਲਸ ਨੇ ਇਕ ਏਜੰਟ ਖ਼ਿਲਾਫ ਪਰਚਾ ਦਰਜ ਕੀਤਾ ਹੈ। ਉਕਤ ਮੁਕੱਦਮਾ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਵੱਲੋਂ ਸੌਂਪੀ ਗਈ ਸ਼ਿਕਾਇਤ ਦੀ ਡੀ.ਐੱਸ.ਪੀ. ਸਬ-ਡਵੀਜ਼ਨ ਰੂਪਨਗਰ ਵੱਲੋਂ ਪੜਤਾਲ ਕਰਨ ਉਪਰੰਤ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੇਜਰ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਪਿੰਡ ਅਸਮਾਨਪੁਰ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਸਾਲ 2017 ’ਚ ਉਸਦੀ ਮੁਲਾਕਾਤ ਅਵਤਾਰ ਸਿੰਘ ਨਿਵਾਸੀ ਪਿੰਡ ਬੀਣੇਵਾਲ ਨੇ ਜੋਗਿੰਦਰ ਕੁਮਾਰ ਨਾਮੀ ਵਿਅਕਤੀ ਨਾਲ ਕਰਵਾਈ ਸੀ ਜੋ ਏਜੰਟ ਦਾ ਕੰਮ ਕਰਦਾ ਸੀ। ਸ਼ਿਕਾਇਤਕਰਤਾ ਨੇ ਉਸ ਨਾਲ ਆਪਣੇ 2 ਲੜਕਿਆਂ ਅਤੇ ਜਵਾਈ ਮਨਦੀਪ ਸਿੰਘ ਨਿਵਾਸੀ ਵਾੜੀਆਂ ਨੂੰ ਆਸਟ੍ਰੇਲੀਆ ਭੇਜਣ ਸਬੰਧੀ ਗੱਲ ਕੀਤੀ। ਜਿਸ ’ਤੇ ਉਸਨੇ ਆਖਿਆ ਕਿ ਪ੍ਰਤੀ ਵਿਅਕਤੀ ਵਰਕ ਪਰਮਿਟ ਲਈ 6 ਲੱਖ ਰੁਪਏ ਲੱਗਣਗੇ। 

ਉਸ ਤੋਂ ਬਾਅਦ ਅਵਤਾਰ ਸਿੰਘ ਦੇ ਬੀਣੇਵਾਲ ਘਰ ਵਿਖੇ ਉਸਨੇ ਜੋਗਿੰਦਰ ਕੁਮਾਰ ਨੂੰ ਮਿਲ ਕੇ ਅਵਤਾਰ ਸਿੰਘ ਦੀ ਹਾਜ਼ਰੀ ’ਚ ਆਪਣੇ ਦੋਵੇਂ ਲੜਕਿਆਂ ਦੀ ਕਰੀਬ 4 ਲੱਖ 20 ਹਜ਼ਾਰ ਜਦਕਿ ਜਵਾਈ ਮਨਦੀਪ ਸਿੰਘ ਦੀ ਤਰਫ਼ੋਂ 2 ਲੱਖ 10 ਹਜ਼ਾਰ ਸਹਿਤ ਕੁੱਲ 6 ਲੱਖ 30 ਹਜ਼ਾਰ ਰੁਪਏ ਦੀ ਨਕਦ ਰਕਮ ਦਿੱਤੀ। ਜਿਸ ਤੋਂ ਬਾਅਦ ਜੋਗਿੰਦਰ ਕੁਮਾਰ ਨੇ ਕਿਹਾ ਕਿ ਉਸ ਦੇ ਲੜਕਿਆਂ ਤੇ ਜਵਾਈ ਦਾ 6 ਮਹੀਨਿਆਂ ਅੰਦਰ ਕੰਮ ਹੋ ਜਾਵੇਗਾ। ਉਸ ਤੋਂ ਬਾਅਦ ਬੱਚਿਆਂ ਦੇ ਵਰਕ ਪਰਮਿਟ ਸਬੰਧੀ ਪੁੱਛਣ ’ਤੇ ਜੋਗਿੰਦਰ ਕੁਮਾਰ ਥੋੜਾ ਸਮਾਂ ਹੋਰ ਲੱਗਣ ਦੀ ਗੱਲ ਕਰਕੇ ਲਾਰੇ ਲਗਾਉਂਦਾ ਰਿਹਾ। ਉਸਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਜੋਗਿੰਦਰ ਕੁਮਾਰ ਨੇ ਅਵਤਾਰ ਸਿੰਘ ਦੇ ਖਾਤੇ ’ਚੋਂ ਉਸਦੇ ਖਾਤੇ ’ਚ 50 ਹਜ਼ਾਰ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਅਤੇ 6 ਮਹੀਨੇ ਬਾਅਦ ਜੋਗਿੰਦਰ ਕੁਮਾਰ ਨੇ ਆਪਣੇ ਖਾਤੇ ’ਚੋਂ 50 ਹਜ਼ਾਰ ਰੁਪਏ ਉਸਨੂੰ ਹੋਰ ਟਰਾਂਸਫਰ ਕੀਤੇ। ਉਸਦੇ ਜਵਾਈ ਨੂੰ ਜੋਗਿੰਦਰ ਕੁਮਾਰ ਵੱਲੋਂ 1 ਲੱਖ 20 ਹਜ਼ਾਰ ਰੁਪਏ ਵਾਪਸ ਕੀਤੇ ਗਏ। 

ਸ਼ਿਕਾਇਤਕਰਤਾ ਨੇ ਦੱਸਿਆ ਕਿ ਜੋਗਿੰਦਰ ਕੁਮਾਰ ਪਾਸ ਮੇਰੇ ਲੜਕਿਆਂ ਦੇ ਪਰਮਿਟ ਲਈ ਦਿੱਤੇ 3 ਲੱਖ 20 ਹਜ਼ਾਰ ਰੁਪਏ ਜਦਕਿ ਉਸਦੇ ਜਵਾਈ ਦੇ 90 ਹਜ਼ਾਰ ਰੁਪਏ ਸਹਿਤ ਕੁੱਲ 4 ਲੱਖ 10 ਹਜ਼ਾਰ ਰੁਪਏ ਬਕਾਇਆ ਰਹਿੰਦੇ ਹਨ। ਜਿਸਨੂੰ ਅਦਾ ਕਰਨ ’ਚ ਜੋਗਿੰਦਰ ਕੁਮਾਰ ਟਾਲ-ਮਟੋਲ ਕਰ ਰਿਹਾ ਹੈ। ਉਸਨੇ ਕਿਹਾ ਕਿ ਏਜੰਟ ਜੋਗਿੰਦਰ ਕੁਮਾਰ ਨੇ ਉਸਦੇ ਲੜਕਿਆਂ ਤੇ ਜਵਾਈ ਨੂੰ ਵਿਦੇਸ਼ ਨਾ ਭੇਜ ਕੇ ਅਤੇ ਪੈਸੇ ਵਾਪਿਸ ਨਾ ਕਰਕੇ ਉਸ ਨਾਲ ਲੱਖਾਂ ਦੀ ਠੱਗੀ ਮਾਰੀ ਹੈ। ਉਪ ਕਪਤਾਨ ਪੁਲਸ ਸਬ-ਡਵੀਜ਼ਨ ਰੂਪਨਗਰ ਦੀ ਪੜਤਾਲ ਉਪਰੰਤ ਸਥਾਨਕ ਪੁਲਸ ਨੇ ਕਥਿਤ ਦੋਸ਼ੀ ਜੋਗਿੰਦਰ ਕੁਮਾਰ ਪੁੱਤਰ ਲਛਮਣ ਦਾਸ ਨਿਵਾਸੀ ਮਕਾਨ ਨੰਬਰ 549, ਵਾਰਡ ਨੰਬਰ 5, ਕਾਈਨੌਰ ਰੋਡ ਮੋਰਿੰਡਾ ਸਾਹਮਣੇ ਸੂਗਰ ਮਿੱਲ ਖ਼ਿਲਾਫ ਧਾਰਾ 406, 420 ਆਈ.ਪੀ.ਸੀ. ਅਤੇ 24 ਇੰਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।


Gurminder Singh

Content Editor

Related News