''ਡ੍ਰੋਨ'' ਰਾਹੀਂ ਬਾਰਡਰ ਪੱਟੀ ’ਤੇ ਹੁੰਦੀ ਚਿੱਟੇ ਦੀ ਤਸਕਰੀ ਬਣੀ ਵੱਡੀ ਚੁਣੌਤੀ
Thursday, Feb 06, 2025 - 08:59 AM (IST)
ਜਲਾਲਾਬਾਦ (ਮਿੱਕੀ) : ਸੂਬੇ ਲਈ ਚੁਣੌਤੀ ਬਣ ਚੁੱਕਿਆ ਨਸ਼ੀਲਾ ਪਦਾਰਥ ‘ਚਿੱਟਾ’ ਜਿੱਥੇ ਆਏ ਦਿਨ ਪੰਜਾਬ ਦੀ ਜਵਾਨੀ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ, ਉਥੇ ਹੀ ਧੁੰਦ ਦੇ ਦਿਨਾਂ ਵਿੱਚ ਬਾਰਡਰ ਪਾਰ ਤੋਂ ‘ਡ੍ਰੋਨ’ ਰਾਹੀਂ ਚਿੱਟੇ ਦੀ ਤਸਕਰੀ ਵਧਣ ਨਾਲ ਸਰਹੱਦੀ ਖੇਤਰ ਵਿੱਚ ‘ਚਿੱਟੇ’ ਦੀ ਆਮਦ ਦਾ ਮੁੱਖ ਮਾਰਗ ਬਣ ਚੁੱਕਾ ਹੈ ਅਤੇ ਦਿਨੋਂ-ਦਿਨ ਵਿਸ਼ਾਲ ਹੁੰਦੇ ਜਾ ਰਹੇ ਇਸ ਨੈੱਟਵਰਕ ਨੂੰ ਤੋੜਣਾ ਪੰਜਾਬ ਪੁਲਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਜਦਕਿ ਇਸ ਨੈੱਟਵਰਕ ਨੂੰ ਤੋੜਣ ਲਈ ਹੁਣ ਪੰਜਾਬ ਪੁਲਸ ਵੱਲੋਂ ਵੀ ਸਰਗਰਮੀ ਵਿਖਾਉਂਦੇ ਹੋਏ ਪੁਲਸ ਪ੍ਰਸ਼ਾਸਨ ਦੇ ਉਚਅਧਿਕਾਰੀਆਂ ਦੁਆਰਾ ਹੇਠਲੇ ਪੱਧਰ ਦੇ ਪੁਲਸ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਹਥਿਆਰਾਂ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 5 ਮੈਂਬਰ ਕਾਬੂ, 7 ਮੋਬਾਈਲ ਵੀ ਬਰਾਮਦ
ਭਰੋਸੇਯੋਗ ਸਤੂਰਾਂ ਦੇ ਮੁਤਾਬਕ, ਚਿੱਟੇ ਦਾ ਵੱਡਾ ਨੈੱਟਵਰਕ ਸਰਹੱਦੀ ਪੱਟੀ ਦੇ ਦਮ ’ਤੇ ਪੂਰੇ ਸੂਬੇ ਵਿੱਚ ਫੈਲਿਆ ਹੋਇਆ ਹੈ ਤੇ ਧੁੰਦ ਦੇ ਦਿਨਾਂ ਵਿੱਚ ਇਹ ਨੈੱਟਵਰਕ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ। ਧੁੰਦ ਕਾਰਨ ਆਸਮਾਨ ਵਿੱਚ ਉੱਡਦਾ ‘ਡ੍ਰੋਨ’ ਨਜ਼ਰੀਂ ਨਹੀਂ ਪੈਂਦਾ ਤੇ ਇਸ ਸਥਿਤੀ ਦਾ ਫਾਇਦਾ ਉਠਾ ਕੇ ਗੁਆਂਢੀ ਮੁਲਕ ਪਾਕਿਸਤਾਨ ’ਚ ਬੈਠੇ ਨਸ਼ਾ ਤਸਕਰ ਇੱਥੋਂ ਦੇ ਨਸ਼ਾ ਤਸਕਰਾਂ ਨਾਲ ਸਾਜ-ਬਾਜ ਹੋ ਕੇ ਵੱਡੀ ਮਾਤਰਾ ਵਿੱਚ ਚਿੱਟੇ ਦੀ ਤਸਕਰੀ ਨੂੰ ਅੰਜਾਮ ਦਿੰਦੇ ਹਨ।
ਭਾਵੇਂ ਕਈ ਵਾਰ ਪੰਜਾਬ ਪੁਲਸ ਦੇ ਹੱਥ ਵੱਡੀ ਕਾਮਯਾਬੀ ਵੀ ਲੱਗੀ ਹੈ, ਪਰ ਨਸ਼ੇ ਦੀ ਤਸਕਰੀ ਦੇ ਮੁਕਾਬਲੇ ਇਹ ਕਾਮਯਾਬੀ ਕੋਈ ਵੱਡਾ ਮਾਰਕਾ ਨਹੀਂ ਰੱਖਦੀ। ਨਤੀਜੇ ਵਜੋਂ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਸਰਹੱਦ ਪਾਰ ਤੋਂ ‘ਡ੍ਰੋਨ’ ਰਾਹੀਂ ਚਿੱਟਾ ਆਉਣ ਦੀਆਂ ਗਤੀਵਿਧੀਆਂ ਧੁੰਦੇ ਦੇ ਦਿਨਾਂ ਵਿੱਚ ਹੋਰ ਵੀ ਤੇਜ਼ ਹੋ ਜਾਂਦੀਆਂ ਹਨ। ਪਰ ਪੁਲਸ ਪ੍ਰਸ਼ਾਸਨ ਇਸ ਨੈੱਟਵਰਕ ਨੂੰ ਪੂਰਨ ਤੌਰ ’ਤੇ ਤੋੜਣ ਵਿੱਚ ਅਸਮਰੱਥ ਹੀ ਰਿਹਾ ਹੈ। ਜਿਸ ਦੇ ਚੱਲਦਿਆਂ ‘ਚਿੱਟਾ’ ਨਾਂਅ ਦਾ ਇਹ ਨਸ਼ੀਲਾ ਪਦਾਰਥ ਅਨੇਕਾਂ ਘਰਾਂ ਦੇ ਰੋਸ਼ਨ ਚਿਰਾਗਾਂ ਨੂੰ ਬੁਝਾ ਕੇ ਪੰਜਾਬ ਦਾ ਭਵਿੱਖ ਤੇ ਵਰਤਮਾਨ ‘ਹਨੇਰੇ’ ਵੱਲ ਧੱਕ ਰਿਹਾ ਹੈ ਜਿਸ ’ਤੇ ਕਾਬੂ ਪਾਉਣਾ ਸਮੇਂ ਦੀ ਜ਼ਰੂਰਤ ਬਣ ਚੁੱਕਾ ਹੈ।
ਇਹ ਵੀ ਪੜ੍ਹੋ : ਚਾਰਧਾਮ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਸ ਪ੍ਰਸ਼ਾਸਨ ਦੇ ਉਚਅਧਿਕਾਰੀਆਂ ਸਮੇਤ ਸਮੂਹ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਸਾਹਿਬਾਨ ਨਾਲ ਮੀਟਿੰਗ ਕਰਦੇ ਹੋਏ ਨਸ਼ੇ ਦੇ ਖਾਤਮੇ ਲਈ ਅਹਿਮ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਸ ਉਪਰੰਤ ਹੁਣ ਉਚਅਧਿਕਾਰੀਆਂ ਵੱਲੋਂ ਹੇਠਲੇ ਪੱਧਰ ’ਤੇ ਵੀ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਨਸ਼ਾ ਤਸਕਰੀ ’ਤੇ ਰੋਕ ਲਾਉਣ ਲਈ ਰਣਨੀਤੀ ਬਣਾਈ ਜਾ ਰਹੀ ਹੈ ਤਾਂ ਜੋ ਨਸ਼ੇ ਦਾ ਲੱਕ ਤੋੜਿਆ ਜਾ ਸਕੇ। ਇਸ ਸਭ ਦੇ ਚੱਲਦਿਆਂ ਇਲਾਕੇ ਦੇ ਸਮਾਜ ਸੇਵੀ ਆਗੂਆਂ ਵੱਲ ਸਰਹੱਦੀ ਖੇਤਰ ’ਚ ਵਧ ਰਹੇ ਨਸ਼ੇ ਦੇ ਨੈੱਟਵਰਕ ਨੂੰ ਤੋੜਣ ਤੇ ਖਾਸ ਤੌਰ ’ਤੇ ਡਰੋਨ ਰਾਹੀਂ ਵਧੀ ਤਸਕਰੀ ’ਤੇ ਨੱਥ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਤੇ ਪੰਜਾਬ ਦੇ ਭਵਿੱਖ ਨੂੰ ਨਸ਼ੇ ਦੀ ਮਾਰ ਤੋਂ ਬਚਾਅ ਕੇ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8