ਬੱਸ ਚਾਲਕਾਂ ਤੇ ਮਾਲਕਾਂ ਵੱਲੋਂ ਅਕੈਡਮੀ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ

08/22/2017 7:44:17 AM

ਢਿਲਵਾਂ, (ਜਗਜੀਤ)- ਅਕਾਲ ਅਕੈਡਮੀ ਬੜੂ ਸਾਹਿਬ ਦੀ ਬ੍ਰਾਂਚ ਧਾਲੀਵਾਲ ਬੇਟ ਵਿਖੇ ਅੱਜ ਅਕੈਡਮੀ ਟਰਾਂਸਪੋਰਟ ਪ੍ਰਸ਼ਾਸਨ ਅਤੇ ਬੱਸਾਂ ਦੇ ਮਾਲਕ, ਡਰਾਈਵਰਾਂ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਝਗੜਾ ਹੋਣ ਕਾਰਨ ਬੱਸ ਮਾਲਕਾਂ ਨੇ ਹੜਤਾਲ ਕਰਕੇ ਸਕੂਲ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਹੜਤਾਲ 'ਤੇ ਚਲੇ ਗਏ। ਜਾਣਕਾਰੀ ਦਿੰਦਿਆਂ ਬੱਸ ਮਾਲਕ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ, ਹਰਵਿੰਦਰ ਸਿੰਘ ਨੇ ਆਪਣੀਆਂ ਹੱਕੀ ਮੰਗਾਂ ਬਾਰੇ ਕਿਹਾ ਕਿ ਸਕੂਲ ਟਰਾਂਸਪੋਰਟ ਇੰਚਾਰਜ ਜਥੇਦਾਰ ਜਗਦੀਪ ਸਿੰਘ ਤੇ ਜਥੇਦਾਰ ਤਰਲੋਕ ਸਿੰਘ ਅਤੇ ਇਨ੍ਹਾਂ ਦੇ ਇਕ ਹੋਰ ਸਾਥੀ ਰਾਏਪੁਰ ਪੀਰਬਖਸ਼ ਅਕੈਡਮੀ ਇੰਚਾਰਜ ਰਘਵੀਰ ਸਿੰਘ ਵੀ ਉਨ੍ਹਾਂ ਨਾਲ ਮਿਲ ਕੇ ਕਥਿਤ ਤੌਰ 'ਤੇ ਬੱਸ ਮਾਲਕਾਂ ਨਾਲ ਧੱਕੇਸ਼ਾਹੀ 'ਤੇ ਉਤਰੇ ਹੋਏ ਹਨ ਅਤੇ ਸਾਨੂੰ ਆਪਣੀਆਂ ਬੱਸਾਂ ਲੈ ਕੇ ਦੌੜ ਜਾਣ ਦੀਆਂ ਧਮਕੀਆਂ ਦਿੰਦੇ ਹਨ। ਇਹ ਵੀ ਕਹਿੰਦੇ ਹਨ ਕਿ ਸਾਡੀਆਂ 129 ਬ੍ਰਾਂਚਾਂ ਚੱਲ ਰਹੀਆਂ ਹਨ ਅਤੇ ਲੋਕਾਂ ਨੇ ਫ੍ਰੀ 'ਚ ਜਗ੍ਹਾ ਦਾਨ ਕੀਤੀ ਹੋਈ ਹੈ ਅਤੇ ਸਾਡੀਆਂ ਅਕੈਡਮੀਆਂ, ਜਿਸ ਤਰ੍ਹਾਂ ਚਾਹੁੰਣ ਹਰ ਕੰਮ ਕਰਵਾ ਸਕਦੀਆਂ ਹਨ ਅਤੇ ਸਾਡੀਆਂ ਅਕੈਡਮੀਆਂ ਤੋਂ ਪ੍ਰਸ਼ਾਸਨ ਵੀ ਡਰਦਾ ਹੈ। ਬੱਸ ਮਾਲਕਾਂ ਅਤੇ ਚਾਲਕਾਂ ਨੇ ਕਿਹਾ ਕਿ ਸਾਡੀ ਮੁੱਖ ਮੰਗ ਇਹ ਹੈ ਕਿ ਅਸੀਂ ਆਪਣੀਆਂ ਬੱਸਾਂ 'ਚ ਜਿੰਨੀਆਂ ਸੀਟਾਂ ਹਨ, ਉਸ ਉਪਰ ਇਕ-ਇਕ ਬੱਚਾ ਹੀ ਬੈਠਾ ਕੇ ਲਿਆਉਣਾ ਹੈ ਪਰ ਸਾਨੂੰ ਸਕੂਲ ਪ੍ਰਸ਼ਾਸਨ ਹਰ ਬੱਸ 'ਚ 60 ਤੋਂ 70 ਬੱਚੇ ਲਿਆਉਣ ਦਾ ਹੁਕਮ ਚਾੜ੍ਹੀ ਰੱਖਦਾ ਹੈ, ਜਿਸ ਕਰਕੇ ਸਾਨੂੰ ਭਾਰੀ ਗਰਮੀ 'ਚ ਵੀ ਬੱਚਿਆਂ ਨੂੰ ਬੱਸਾਂ 'ਚ ਠੁਸ-ਠੁਸ ਕੇ ਲਿਆਉਣ 'ਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਨਾਲ ਸਕੂਲ ਟੀਚਰ ਵੀ ਬੱਸ 'ਚ ਹੀ ਆਉਂਦੇ ਹਨ, ਜਿਸ ਕਰਕੇ ਬੱਚੇ ਬੇਹਾਲ ਹੋ ਜਾਂਦੇ ਹਨ, ਜੇਕਰ ਕੋਈ ਬੱਸ ਡਰਾਈਵਰ ਕੁੱਝ ਬੋਲਦਾ ਹੈ ਤਾਂ ਇਹ ਉਸ ਨਾਲ ਗਾਲੀ-ਗਲੋਚ ਕਰਦੇ ਹਨ ਅਤੇ ਉਸ 'ਤੇ ਡਰੱਗਜ਼ ਆਦਿ ਦਾ ਝੂਠਾ ਮਾਮਲਾ ਪਵਾ ਦੇਣ ਦੀਆਂ ਧਮਕੀਆਂ ਤਕ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਬੱਸ ਮਾਲਕ ਵੀ ਇਨ੍ਹਾਂ ਅੱਗੇ ਬੇਵੱਸ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਕਤ ਜਥੇਦਾਰਾਂ ਦੇ ਕਹਿਣ ਕਰਕੇ ਪਹਿਲਾਂ ਹੀ ਲੋਨ ਲੈ ਕੇ ਬੱਸਾਂ ਪਾਈਆਂ ਹਨ ਅਤੇ ਉਪਰੋਂ ਕਿਸ਼ਤ ਵੀ ਕੱਢਣੀ ਹੁੰਦੀ ਹੈ। ਬੱਸ ਮਾਲਕਾਂ ਨੇ ਆਪਣਾ ਦੁੱਖੜਾ ਰੋਂਦਿਆਂ ਦੱਸਿਆ ਕਿ ਇਨ੍ਹਾਂ ਜਥੇਦਾਰਾਂ ਨੇ ਕਿਹਾ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਬੱਸ 'ਚ ਜਿੰਨੇ ਬੱਚੇ ਚਾਹੀਏ ਬਿਠਾ ਸਕਦੇ ਹਾਂ । ਇਸ ਸੰਬੰਧੀ ਇਕ ਮੀਟਿੰਗ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਦੀ ਹਾਜ਼ਰੀ ਵਿਚ ਦੋ ਜੂਨ ਨੂੰ ਵੀ ਹੋਈ ਸੀ, ਜਿਸ ਵਿਚ ਜ਼ੋਨਲ ਇੰਚਾਰਜ  ਜਗਦੀਪ ਸਿੰਘ ਅਤੇ ਤਰਲੋਕ ਸਿੰਘ ਵੀ ਹਾਜ਼ਰ ਹੋਏ ਸਨ ਅਤੇ ਉਥੇ ਵੀ ਸਾਡੀ ਇਹੋ ਮੰਗ ਸੀ ਕਿ ਇਕ ਸੀਟ ਉਪਰ ਇਕ ਹੀ ਬੱਚਾ ਬੈਠੇਗਾ, ਜਿਸ 'ਤੇ ਡੀ. ਸੀ. ਸਾਹਿਬ ਨੇ ਵੀ ਇਨ੍ਹਾਂ ਜਥੇਦਾਰਾਂ ਨੂੰ ਹਦਾਇਤ ਕੀਤੀ ਸੀ ਪਰ ਇਨ੍ਹਾਂ ਨੇ ਕਥਿਤ ਤੌਰ 'ਤੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਹਾਈਕੋਰਟ ਦੇ ਸਕੂਲ ਸੇਫਟੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹੋਈਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਨੇ ਸਾਡੀ ਤੈਅਸ਼ੁਦਾ 65 ਕਿਲੋਮੀਟਰ ਤੋਂ ਜੇਕਰ ਬੱਸ ਜ਼ਿਆਦਾ ਚੱਲਦੀ ਹੈ ਤਾਂ ਉਸ ਸੰਬੰਧੀ ਡੀਜ਼ਲ ਵੱਧ ਪੁਆ ਕੇ ਦੇਣਾ ਕੀਤਾ ਹੈ ਪਰ ਇਹ ਉਲਟਾ ਬੱਸ ਮਾਲਕਾਂ ਦੇ ਹੀ ਅਪ੍ਰੈਲ ਮਹੀਨੇ ਦੇ 32 ਹਜ਼ਾਰ ਰੁਪਏ ਅਤੇ ਜੁਲਾਈ ਮਹੀਨੇ ਦੇ 40 ਹਜ਼ਾਰ ਰੁਪਏ ਕੱਟ ਚੁੱਕੇ ਹਨ । ਬੱਸ ਮਾਲਕਾਂ ਦੀ ਮੰਗ ਹੈ ਕਿ ਜੋ ਕੰਟਰੈਕਟ ਚਾਰ ਸਾਲ ਪਹਿਲਾਂ ਤੈਅ ਹੋਇਆ ਸੀ, ਉਸ ਨੂੰ ਹੀ ਸਕੂਲ ਟਰਾਂਸਪੋਰਟ ਪ੍ਰਸ਼ਾਸਨ ਬਹਾਲ ਰੱਖੇ। ਬੱਸ ਮਾਲਕਾਂ ਦਾ ਕਹਿਣਾ ਸੀ ਕਿ ਅਕਾਲ ਅਕੈਡਮੀ ਧਾਲੀਵਾਲ ਬੇਟ ਹਰ ਸਾਲ ਦੋ ਕਰੋੜ ਰੁਪਏ ਮੁਨਾਫਾ ਕੱਢ ਕੇ ਬੜੂ ਸਾਹਿਬ ਹੈੱਡ ਆਫਿਸ ਨੂੰ ਭੇਜਦੀ ਹੈ । 
ਇਸ ਮੌਕੇ ਬੱਸ ਮਾਲਕ ਪਰਮਜੀਤ ਸਿੰਘ ਚਕਰਾਲਾ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਧਾਲੀਵਾਲ ,ਚਰਨਜੀਤ ਸਿੰਘ ਚੰਨਾ, ਸਰਬਜੀਤ ਸਿੰਘ, ਲਖਵਿੰਦਰ ਸਿੰਘ ਆਪਣੀਆਂ ਮੰਗਾਂ ਨੂੰ ਲੈ ਕੇ ਅਕੈਡਮੀ ਦੇ ਗੇਟ ਉਪਰ ਡਟੇ ਹੋਏ ਸਨ । ਇਸ ਸੰਬੰਧੀ ਜਦ ਸਕੂਲ ਟਰਾਂਸਪੋਰਟ ਜ਼ੋਨਲ ਇੰਚਾਰਜ ਜਥੇਦਾਰ ਜਗਦੀਪ ਸਿੰਘ ਅਤੇ ਤਰਲੋਕ ਸਿੰਘ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਹਰ ਮਹੀਨੇ ਟਰਾਂਸਪੋਰਟ ਵਿਚੋਂ ਤਿੰਨ ਲੱਖ ਦਾ ਘਾਟਾ ਝੱਲਣਾ ਪੈ ਰਿਹਾ ਹੈ।  


Related News