PRTC ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿਚਾਲੇ ਵਿਅਕਤੀ ਦੀ ਮੌਤ, ਮਾਮਲਾ ਦਰਜ

04/28/2024 2:24:42 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ 'ਤੇ ਪੀ. ਆਰ. ਟੀ. ਸੀ ਦੀ ਬੱਸ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦਾ ਸ਼ਿਕਾਰ ਹੋਏ ਮੋਟਰਸਾਈਕਲ ਚਾਲਕ ਮ੍ਰਿਤਕ ਸਰਬਜੀਤ ਸਿੰਘ ਦੇ ਭਰਾ ਜਿੰਦਰ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਪਿੰਡ ਜਲਾਹਖੇੜੀ ਪਟਿਆਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਭਰਾ ਸਰਬਜੀਤ ਸਿੰਘ ਤੇ ਭਰਜਾਈ ਗੁਰਪ੍ਰੀਤ ਕੌਰ ਲੰਘੀ 26 ਅਪ੍ਰੈਲ 2024 ਨੂੰ ਜਦੋਂ ਆਪਣੇ ਮੋਟਰਸਾਈਕਲ ਰਾਹੀ ਆਪਣੀ ਰਿਸ਼ਤੇਦਾਰਾਂ ਦੇ ਘਰ ਸੁਨਾਮ ਨੂੰ ਜਾ ਰਹੇ ਸਨ।

ਉਹ ਵੀ ਆਪਣੇ ਵੱਖਰੇ ਮੋਟਰਸਾਈਕਲ ਰਾਹੀ ਉਨ੍ਹਾਂ ਦੇ ਪਿੱਛੇ ਹੀ ਸੁਨਾਮ ਨੂੰ ਜਾ ਰਿਹਾ ਸੀ। ਜਦੋਂ ਉਹ ਸ਼ਾਮ ਦੇ ਕਰੀਬ ਸਵਾ 7 ਵਜੇ ਫੱਗੂਵਾਲਾ ਕੈਂਚੀਆਂ ਤੋਂ ਕਰੀਬ ਅੱਧਾ ਕਿਲੋਮੀਟਰ ਅੱਗੇ ਸੁਨਾਮ ਮੁੱਖ ਸੜਕ ’ਤੇ ਪੁੱਜੇ ਤਾਂ ਸਾਹਮਣੇ ਤੋਂ ਆਉਂਦੀ ਇਕ ਪੀ. ਆਰ. ਟੀ. ਸੀ ਦੀ ਤੇਜ਼ ਰਫ਼ਤਾਰ ਬੱਸ ਦੇ ਚਾਲਕ ਨੇ ਕਥਿਤ ਤੌਰ ’ਤੇ ਲਾਪਰਵਾਹੀ ਨਾਲ ਆਪਣੀ ਬੱਸ ਗਲਤ ਸਾਈਡ ਲਿਆ ਕੇ ਉਸ ਦੇ ਭਰਾ ਸਰਬਜੀਤ ਸਿੰਘ ਦੇ ਮੋਟਰਸਾਈਕਲ ’ਚ ਮਾਰੀ।

ਇਸ ਕਾਰਨ ਉਸ ਦਾ ਭਰਾ ਸਰਬਜੀਤ ਸਿੰਘ ਤੇ ਭਰਜਾਈ ਗੁਰਪ੍ਰੀਤ ਕੌਰ ਦੋਵੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਸਰਬਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਗੁਰਪ੍ਰੀਤ ਕੌਰ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਪੀ. ਆਰ. ਟੀ. ਸੀ. ਬੱਸ ਦੇ ਚਾਲਕ ਬਾਵਾ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਟਿਆਲਾ ਖ਼ਿਲਾਫ਼ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Babita

Content Editor

Related News