ਦਾਗੀ ਉਮੀਦਵਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਸਿਸੋਦੀਆ ਦੀ ਵੀਡੀਓ ਭਖੀ

11/23/2017 1:50:46 AM

ਜਲੰਧਰ  (ਬੁਲੰਦ) - ਅੱਜਕਲ ਕਥਿਤ ਤੌਰ 'ਤੇ ਨਸ਼ਾ ਸਮੱਗਲਰਾਂ ਨਾਲ ਸਬੰਧਾਂ ਨੂੰ ਲੈ ਕੇ ਵਿਵਾਦਾਂ 'ਚ ਘਿਰੇ  ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਵਿਰੋਧੀਆਂ ਦੇ ਹਮਲੇ ਰੁਕ ਨਹੀਂ ਰਹੇ। ਇਸ ਮਾਮਲੇ 'ਚ ਸੋਸ਼ਲ ਮੀਡੀਆ ਰਾਹੀਂ ਵਿਸ਼ੇਸ਼ ਤੌਰ 'ਤੇ ਭੜਾਸ ਕੱਢੀ ਜਾ ਰਹੀ ਹੈ। 'ਆਪ' ਦੇ ਕਿਸੇ ਸਮੇਂ ਜਲੰਧਰ ਤੋਂ ਅਤਿਅੰਤ ਸਰਗਰਮ ਯੂਥ ਨੇਤਾ ਤੇ ਮੌਜੂਦਾ ਤ੍ਰਿਣਮੂਲ ਕਾਂਗਰਸ ਦੇ ਜ਼ਿਲਾ ਪ੍ਰਧਾਨ ਤਰਨਦੀਪ ਸਿੰਘ ਸੰਨੀ ਨੇ ਵੀ ਫੇਸਬੁੱਕ 'ਤੇ ਇਕ ਪੋਸਟ ਪਾਈ ਹੈ, ਜਿਸ ਵਿਚ ਇਕ ਵੀਡੀਓ 'ਚ ਇਕ ਨਿੱਜੀ ਚੈਨਲ 'ਤੇ ਚੱਲ ਰਹੀ ਬਹਿਸ ਨੂੰ ਦਿਖਾਇਆ ਗਿਆ ਹੈ। ਇਸ ਬਹਿਸ 'ਚ ਬਾਲੀਵੁੱਡ ਸਟਾਰ ਆਮਿਰ ਖਾਨ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਬੈਠੇ ਹੋਏ ਹਨ।
ਇਹ ਵੀਡੀਓ 2014 ਦੀ ਹੈ। ਵੀਡੀਓ 'ਚ ਮਨੀਸ਼ ਸਿਸੋਦੀਆ ਕੋਲੋਂ ਆਮਿਰ ਖਾਨ ਪੁੱਛਦੇ ਹਨ ਕਿ ਤੁਸੀਂ ਲੋਕ ਸਭਾ ਦੀਆਂ ਚੋਣਾਂ 'ਚ 10 ਅਜਿਹੇ ਉਮੀਦਵਾਰ ਮੈਦਾਨ 'ਚ ਉਤਾਰੇ ਹਨ ਜੋ ਦਾਗੀ ਹਨ ਅਤੇ ਉਨ੍ਹਾਂ 'ਤੇ ਗੰਭੀਰ ਮਾਮਲਿਆਂ ਸਬੰਧੀ ਕੇਸ ਚੱਲ ਰਹੇ ਹਨ। ਜਵਾਬ 'ਚ ਮਨੀਸ਼ ਕਹਿੰਦੇ ਹਨ ਕਿ ਅਸੀਂ ਅਜੇ ਤੱਕ 426 ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ 'ਚੋਂ 10 ਉਮੀਦਵਾਰਾਂ ਦੇ ਦਾਗੀ ਹੋਣ ਦੀ ਖਬਰ ਮਿਲਣ ਪਿੱਛੋਂ ਅਸੀਂ 2 ਉਮੀਦਵਾਰਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ, ਬਾਕੀ 8 ਉਮੀਦਵਾਰਾਂ ਦੀ ਜਾਂਚ ਜਾਰੀ ਹੈ, ਜਿਨ੍ਹਾਂ 2 ਉਮੀਦਵਾਰਾਂ ਦੀਆਂ ਟਿਕਟਾਂ ਨੂੰ ਰੱਦ ਕੀਤਾ ਗਿਆ ਹੈ, ਉਹ ਓਡਿਸ਼ਾ ਤੇ ਬਿਹਾਰ ਦੇ ਹਨ। ਅਸੀਂ ਕਲੀਨ ਪਾਲੀਟਿਕਸ ਕਰਦੇ ਹਾਂ। ਕਿਸੇ ਵੀ ਉਮੀਦਵਾਰ 'ਤੇ ਜੇ ਗੰਭੀਰ ਦੋਸ਼ ਹੈ ਤਾਂ ਭਾਵੇਂ ਉਸ ਨੂੰ ਲੱਗਦਾ ਹੈ ਕਿ ਉਹ ਨਿਰਦੋਸ਼ ਹੈ ਪਰ ਗੰਭੀਰ ਦੋਸ਼ਾਂ ਕਾਰਨ ਜਦ ਤੱਕ ਅਦਾਲਤ ਦਾ ਫੈਸਲਾ ਨਹੀਂ ਆ ਜਾਂਦਾ, ਅਸੀਂ ਉਸ ਨੂੰ ਚੋਣ ਨਹੀਂ ਲੜਨ ਦਿਆਂਗੇ। ਨਾਲ ਹੀ ਸਿਆਸਤ ਵਿਚ ਵੀ ਨਹੀਂ ਆਉਣ ਦਿਆਂਗੇ।
ਇਸ ਵੀਡੀਓ ਨਾਲ ਸੰਨੀ ਨੇ ਸੋਸ਼ਲ ਮੀਡੀਆ 'ਤੇ ਕੁਮੈਂਟ ਕੀਤਾ ਹੈ ਕਿ ਹੁਣ ਸਿਸੋਦੀਆ ਪਾਰਟੀ ਏਜੰਡੇ ਨੂੰ ਭੁੱਲ ਚੁੱਕੇ ਹਨ ਅਤੇ ਦਾਗੀ ਆਗੂਆਂ ਦੇ ਮਾਮਲੇ 'ਚ ਖਹਿਰਾ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਖਹਿਰਾ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਨ ਦੇ ਨੇਤਾ ਹੀ ਖਹਿਰਾ ਨਾਲ ਮਿਲੇ ਹੋਏ ਹਨ। ਖਹਿਰਾ ਉਨ੍ਹਾਂ ਨੂੰ ਭਾਰੀ ਪੈਸੇ ਚੜ੍ਹਾ ਕੇ ਪੰਜਾਬ 'ਚ ਆਪਣੀ ਮਨਮਰਜ਼ੀ ਚਲਾ ਰਹੇ ਹਨ। ਇਹੀ ਕਾਰਨ ਹੈ ਕਿ ਗੁਰਦਾਸਪੁਰ ਦੀਆਂ ਚੋਣਾਂ 'ਚ ਪਾਰਟੀ ਸਿੱਧੇ ਤੌਰ 'ਤੇ ਦੋਫਾੜ ਨਜ਼ਰ ਆਈ। ਖਹਿਰਾ ਨੂੰ ਹੁਣ ਪਾਰਟੀ ਨੂੰ ਬਰਤਰਫ ਕਰਨਾ ਚਾਹੀਦਾ ਹੈ ਅਤੇ ਪੰਜਾਬ ਪੁਲਸ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।


Related News