ਸਿਮਰਨਜੀਤ ਬੈਂਸ ਦੇ ਖਿਲਾਫ ਦਰਜ ਕੇਸ ਰੱਦ ਕਰਨ ਤੇ ਲੰਗਾਹ ''ਤੇ ਨਵਾਂ ਕੇਸ ਦਰਜ ਕਰਨ ਦੀ ਸਿਫਾਰਿਸ਼
Monday, Oct 23, 2017 - 10:26 AM (IST)

ਚੰਡੀਗੜ੍ਹ (ਰਮਨਜੀਤ) — ਪਿਛਲੇ 10 ਸਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਦਫਤਰ 'ਚ ਦਕਜ ਕੀਤੇ ਗਏ ਝੂਠੇ ਪੁਲਸ ਕੇਸਾਂ ਦੀ ਜਾਂਚ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਗਠਿਤ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਨੇ ਆਪਣੀ ਤੀਜੀ ਅੰਤਰਿਮ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਅੰਤਰਿਮ ਰਿਪੋਰਟ 'ਚ ਜਿਥੇ ਡੇਰਾ ਬਾਬਾ ਨਾਨਕ ਥਾਣੇ 'ਚ ਦਰਜ ਇਕ ਝੂਠੇ ਕੇਸ ਦੇ ਸੰਬੰਧ 'ਚ ਤਤਕਾਲੀਨ ਐੱਸ. ਐੱਚ. ਓ. 'ਤੇ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ, ਉਥੇ ਇਸ ਮਾਮਲੇ 'ਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਵੀ ਨਵਾਂ ਕੇਸ ਦਰਜ ਕਰਨ ਨੂੰ ਕਿਹਾ ਗਿਆ ਹੈ।
ਉਥੇ ਹੀ ਆਮ ਆਦਮੀ ਪਾਰਟੀ ਨਾਲ ਗਠਬੰਧਨ ਕਰਕੇ ਵਿਰੋਧੀ ਧਿਰ 'ਚ ਸ਼ਾਮਲ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਦੇ ਖਿਲਾਫ ਲੁਧਿਆਣਾ 'ਚ ਦਰਜ ਇਕ ਮਾਮਲੇ ਨੂੰ ਸਿਆਸੀ ਰੰਜਿਸ਼ ਦਾ ਮਾਮਲਾ ਮੰਨਦੇ ਹੋਏ, ਉਸ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਡੇਰਾ ਬਾਬਾ ਨਾਨਕ ਪੁਲਸ ਥਾਣੇ 'ਚ 29 ਅਕਤੂਬਰ 2015 ਨੂੰ ਦਰਜ ਹੋਏ ਐੱਨ. ਡੀ. ਪੀ. ਐੱਸ. ਐਕਟ ਮਾਮਲੇ ਨੂੰ ਸਿਆਸੀ ਰੰਜਿਸ਼ ਦੇ ਤਹਿਤ ਦਰਜ ਮਾਮਲਾ ਕਰਾਰ ਦਿੰਦੇ ਹੋਏ ਬਟਾਲਾ ਜ਼ਿਲੇ ਨਾਲ ਸੰਬੰਧਿਤ ਇਕ ਪੁਰਾਣੇ ਕਾਂਗਰਸ ਆਗੂ ਤਰਸੇਮ ਰਾਜ ਨੇ ਕਮਿਸ਼ਨ ਦੇ ਕੋਲ ਸ਼ਿਕਾਇਤ ਦਿੱਤੀ ਸੀ। ਸੁਣਵਾਈ ਦੌਰਾਨ ਤਰਸੇਮ ਰਾਜ ਤੇ ਹੋਰ ਗਵਾਹਾਂ ਨੇ ਕਮਿਸ਼ਨ ਨੂੰ ਦੱਸਿਆ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਪਣੀ ਰਾਜਸੀ ਪਹੁੰਚ ਦਾ ਇਸਤੇਮਾਲ ਕਰਦੇ ਹੋਏ। ਉਨ੍ਹਾਂ ਨੂੰ ਜ਼ਬਰਨ ਕਾਂਗਰਸ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਤਰਸੇਮ ਰਾਜ ਨੇ ਕਿਹਾ ਕਿ ਸਫਲਤਾ ਨਾ ਮਿਲਦੀ ਦੇਖ ਲੰਗਾਹ ਨੇ ਪੁਲਸ ਦੇ ਜ਼ਰੀਏ ਉਨ੍ਹਾਂ ਦੇ ਪੁੱਤਰ ਸੰਦੀਪ ਕੁਮਾਰ ਨੂੰ ਉਨ੍ਹਾਂ ਦੇ ਟ੍ਰਾਂਸਪੋਰਟ ਦਫਤਰ ਤੋਂ ਜ਼ਬਰਦਸਤੀ ਚੁੱਕਵਾ ਲਿਆ ਤੇ ਬਾਅਦ 'ਚ ਉਸ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਨਸ਼ਾ ਤਸਕਰੀ ਦਾ ਕੇਸ ਬਣਾ ਦਿੱਤਾ।
ਤਰਸੇਮ ਰਾਜ ਨੇ ਆਪਣੇ ਦਫਤਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁੱਟੇਜ ਵੀ ਸਬੂਤ ਦੇ ਤੌਰ 'ਤੇ ਪੇਸ਼ ਕੀਤੀ, ਜਿਸ 'ਚ ਸਾਫ ਤੌਰ 'ਤੇ ਕੁਝ ਬਿਨ੍ਹਾਂ ਵਰਦੀ ਵਾਲੇ ਪੁਲਸ ਮੁਲਾਜ਼ਮ ਸੰਦੀਪ ਨੂੰ ਬਿਨ੍ਹਾਂ ਕਿਸੇ ਬਰਾਮਦਗੀ ਦੇ ਜ਼ਬਰਦਸਤੀ ਆਪਣੇ ਨਾਲ ਲੈ ਗਏ ਸਨ। ਗਵਾਹਾਂ ਦੇ ਬਿਆਨਾਂ ਨੂੰ ਪੁਖਤਾ ਮੰਨਦੇ ਹੋਏ ਜਸਟਿਸ ਮਹਿਤਾਬ ਕਮਿਸ਼ਨ ਨੇ ਸਿਆਸਤ ਲਈ ਪੁਲਸ ਦਾ ਇਸਤੇਮਾਲ ਕਰਨ ਲਈ ਸਾਜਿਸ਼ਕਰਤਾ ਦੇ ਤੌਰ 'ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਕੇਸ ਦਰਜ ਕਰਨ ਨੂੰ ਕਿਹਾ ਹੈ। ਬਠਿੰਡਾ ਦੇ ਪੁਲਸ ਸਟੇਸ਼ਨ ਮੌੜ 'ਚ ਅਧਿਆਪਕ ਆਗੂਆਂ ਦੇ ਖਿਲਾਫ ਦਰਜ ਮਾਮਲੇ ਨੂੰ ਵੀ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਨੇ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ।