ਰਿਸ਼ਵਤ ਕੇਸ ਦੀ ਜਾਂਚ ਦੌਰਾਨ ਸਰਕਾਰੀ ਰਿਕਾਰਡ ਸਾੜਿਆ, ਰੀਡਰ ਨੇ ਕਿਹਾ ''ਫਾਲਤੂ ਕਾਗਜ਼''
Saturday, Jul 12, 2025 - 05:52 PM (IST)

ਬਠਿੰਡਾ (ਵਿਜੈ ਵਰਮਾ) : ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਧਰਿਆਂ ਗਏ ਡੀਐੱਸਪੀ ਭੁੱਚੋ ਦੇ ਗੰਨਮੈਨ ਰਾਜ ਕੁਮਾਰ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਦੌਰਾਨ ਹੁਣ ਨਵਾਂ ਮੋੜ ਆ ਗਿਆ ਹੈ। ਸ਼ਨੀਵਾਰ ਨੂੰ ਡੀਐੱਸਪੀ ਦਫ਼ਤਰ ਦੇ ਪਿੱਛੇ ਸਥਿਤ ਚੋਰੀ ਰਸਤੇ ਰਾਹੀਂ ਸਰਕਾਰੀ ਰਿਕਾਰਡ ਸਾੜਨ ਦੀ ਘਟਨਾ ਸਾਹਮਣੇ ਆਈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਮੀਡੀਆ ਨੇ ਮੌਕੇ 'ਤੇ ਪਹੁੰਚ ਕੇ ਕਵਰੇਜ ਕੀਤੀ, ਜਿੱਥੇ ਅੱਗ ਵਿਚ ਸਾੜੇ ਜਾ ਰਹੇ ਕਾਗਜ਼ਾਂ 'ਤੇ 2023 ਦੀਆਂ ਸ਼ਿਕਾਇਤ ਨੰਬਰ ਦਰਜ ਹੋਈਆਂ ਮਿਲੀਆਂ। ਜਾਣਕਾਰੀ ਮੁਤਾਬਕ, ਡੀਐੱਸਪੀ ਭੁੱਚੋ ਰਵਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦੇ ਦਫ਼ਤਰ 'ਚ ਪਹਿਲਾਂ ਵੀ ਵਿਜੀਲੈਂਸ ਦੀ ਰੇਡ ਪਈ ਸੀ, ਉਸ ਤੋਂ ਬਾਅਦ ਤੋਂ ਦਫ਼ਤਰ 'ਚ ਘੱਟ ਹੀ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਵੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਉਸੇ ਦਰਮਿਆਨ ਸ਼ਨੀਵਾਰ ਨੂੰ ਆਚਾਨਕ ਰਿਕਾਰਡ ਸਾੜਨ ਦੀ ਘਟਨਾ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਜਦ ਮੀਡੀਆ ਵਲੋਂ ਡੀਐੱਸਪੀ ਦਫ਼ਤਰ ਦੇ ਰੀਡਰ ਗੁਰਪ੍ਰੀਤ ਸਿੰਘ ਨਾਲ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਫਾਲਤੂ ਕਾਗਜ਼ ਸਨ, ਇਸ ਕਰਕੇ ਉਨ੍ਹਾਂ ਨੂੰ ਸਾੜਿਆ ਗਿਆ ਪਰ ਜਿਵੇਂ ਕਿ ਕਾਗਜ਼ਾਂ 'ਤੇ ਸਰਕਾਰੀ ਸ਼ਿਕਾਇਤ ਨੰਬਰ ਦਰਜ ਸਨ, ਇਸ ਨੇ ਪ੍ਰਸ਼ਾਸਨ ਦੀ ਨੀਅਤ 'ਤੇ ਸਵਾਲ ਖੜੇ ਕਰ ਦਿੱਤੇ ਹਨ। ਸਥਾਨਕ ਲੋਕਾਂ ਅਤੇ ਰਾਜਨੀਤਕ ਹਲਕਿਆਂ 'ਚ ਚਰਚਾ ਬਣੀ ਹੋਈ ਹੈ ਕਿ ਕੀ ਇਹ ਰਿਕਾਰਡ ਜਾਂਚ ਤੋਂ ਬਚਣ ਲਈ ਜਾਨ ਬੁੱਝ ਕੇ ਸਾੜਿਆ ਗਿਆ ਹੈ? ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਵਿਜੀਲੈਂਸ ਵਿਭਾਗ ਇਸ ਨਵੇਂ ਵਾਅਕਏ ਨੂੰ ਕਿਵੇਂ ਲੈਂਦਾ ਹੈ ਅਤੇ ਅਗੇ ਕੀ ਕਾਰਵਾਈ ਕੀਤੀ ਜਾਂਦੀ ਹੈ।