ਬੇਅਦਬੀ ਕਰਨ ਵਾਲਿਆਂ ਨੂੰ 10 ਸਾਲ ਦੀ ਕੈਦ ਜਾਂ ਉਮਰਕੈਦ! ਮੰਤਰੀ ਹਰਜੋਤ ਬੈਂਸ ਨੇ ਦੱਸੀ DETAIL
Tuesday, Jul 15, 2025 - 11:27 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਬਿੱਲ 'ਤੇ ਜ਼ੋਰਦਾਰ ਬਹਿਸ ਚੱਲ ਰਹੀ ਹੈ। ਇਸ ਬਿੱਲ 'ਤੇ ਵੱਖ-ਵੱਖ ਆਗੂਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਸਦਨ ਅੰਦਰ ਬੋਲਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਬਿੱਲ ਨਾਲ ਕਰੋੜਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਲਈ ਵੱਡੀ ਗਿਣਤੀ 'ਚ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਮੰਤਰੀ ਬੈਂਸ ਨੇ ਕਿਹਾ ਅਕਾਲੀ ਦਲ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਅਤੇ ਕਹਿੰਦੇ ਸੀ ਕਿ ਅਸੀਂ ਪੰਥ ਦੀ ਰੱਖਿਆ ਕਰਾਂਗੇ, ਉਨ੍ਹਾਂ ਨੇ ਹੀ ਸਾਡੇ ਗੁਰੂਆਂ ਦੇ ਅੰਗ ਰੋਲ ਦਿੱਤੇ ਅਤੇ ਆਪਣੀਆਂ ਜਾਇਦਾਦਾਂ ਬਣਾ ਲਈਆਂ।
ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਸਰਕਾਰੀ ਛੁੱਟੀਆਂ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਹਰਜੋਤ ਬੈਂਸ ਨੇ ਕਿਹਾ ਕਿ ਜਿਹੜੀ ਸੰਗਤ ਰੋਸ 'ਤੇ ਬੈਠੀ ਸੀ, ਸਿਰਫ ਆਪਣੀ ਸਿਆਸਤ ਖ਼ਾਤਰ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਇਹ ਅਜੇ ਵੀ ਨਹੀਂ ਹਟਦੇ। ਪਿਛਲੀਆਂ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ, ਗੁਰੂ ਸਾਹਿਬਾਨਾਂ ਦੀ ਬੇਅਦਬੀ ਕਰੋ। ਉਨ੍ਹਾਂ ਕਿਹਾ ਕਿ ਇਹ ਸਿੱਖੀ ਖ਼ਿਲਾਫ਼ ਇਕ ਬਹੁਤ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਨੇ ਬਿੱਲ ਦੇ ਕਾਨੂੰਨੀ ਪੱਖ ਸਦਨ ਅੱਗੇ ਰੱਖਦਿਆਂ ਕਿਹਾ ਕਿ ਇਸ 'ਚ ਸਾਰੇ ਧਾਰਮਿਕ ਗ੍ਰੰਥਾਂ ਬਾਰੇ ਚਰਚਾ ਕੀਤੀ ਗਈ ਹੈ। ਇਨ੍ਹਾਂ ਗ੍ਰੰਥਾਂ ਨਾਲ ਕਿਸੇ ਵੀ ਤਰ੍ਹਾਂ ਤਰੀਕੇ ਦੀ ਛੇੜਛਾੜ ਸਾੜਨਾ, ਗਾਲਣਾ, ਫਾੜ੍ਹਨਾ ਆਦਿ ਹੋਵੇਗਾ ਤਾਂ ਇਸ ਜ਼ੁਰਮ ਨੂੰ ਗੈਰ-ਜ਼ਮਾਨਤ ਯੋਗ ਅਤੇ ਨਾ-ਮੁਆਫ਼ੀਯੋਗ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਮੁਫ਼ਤ ਇਲਾਜ ਤੋਂ ਪਹਿਲਾਂ ਪੰਜਾਬੀਆਂ ਨੂੰ ਲੈ ਕੇ ਹੈਰਾਨ ਕਰਦਾ ਖ਼ੁਲਾਸਾ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਇਸ ਦਾ ਟ੍ਰਾਇਲ ਸੈਸ਼ਨ ਅਦਾਲਤ 'ਚ ਹੋਵੇਗਾ। ਡੀ. ਐੱਸ. ਪੀ. ਅਤੇ ਇਸ ਤੋਂ ਸੀਨੀਅਰ ਪੱਧਰ ਦਾ ਪੁਲਸ ਅਫ਼ਸਰ ਹੀ ਇਸ ਦੀ ਜਾਂਚ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਇਹ ਜ਼ੁਰਮ ਕਰਦਾ ਹੈ, ਉਸ ਨੂੰ ਘੱਟੋ-ਘੱਟ 10 ਸਾਲ ਦੀ ਸਜ਼ਾ ਜਾਂ ਉਮਰਕੈਦ ਅਤੇ 5 ਤੋਂ 10 ਲੱਖ ਦੇ ਜੁਰਮਾਨੇ ਦਾ ਨਿਯਮ ਹੈ, ਜਿਹੜਾ ਵੀ ਇਸ ਘਿਨਾਉਣੀ ਸਾਜ਼ਿਸ 'ਚ ਕਿਸੇ ਵੀ ਤਰ੍ਹਾਂ ਨਾਲ ਸ਼ਾਮਲ ਹੈ, ਉਸ ਨੂੰ 3-5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਬਿੱਲ ਨੂੰ ਸਿਲੈਕਟ ਕਮੇਟੀ 'ਚ ਭੇਜਣ ਦਾ ਸਾਰੇ ਸਦਨ ਦਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਇਹ ਬਿੱਲ ਪਾਸ ਹੁੰਦਾ ਹੈ ਤਾਂ ਬੇਅਦਬੀ ਦੇ ਮਾਮਲਿਆਂ 'ਤੇ ਕਾਫ਼ੀ ਹੱਦ ਤੱਕ ਰੋਕ ਲੱਗ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8