ਦੁਕਾਨਦਾਰ ਵੇਚਦਾ ਸੀ ਨਾਮੀ ਕੰਪਨੀ ਦੇ ਨਾਮ ''ਤੇ ਡੁਪਲੀਕੇਟ ਸਮਾਨ, ਮਾਮਲਾ ਦਰਜ
Thursday, Jul 24, 2025 - 09:57 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਦੀਨਾਨਗਰ ਵਿਖੇ ਇੱਕ ਕਰਿਆਨੇ ਦੀ ਦੁਕਾਨ ਤੇ ਇੱਕ ਨਾਮੀ ਕੰਪਨੀ ਨੇ ਛਾਪਾ ਮਾਰਿਆ। ਦੁਕਾਨਦਾਰ ਉਸ ਨਾਮੀ ਕੰਪਨੀ ਦੇ ਨਾਂ 'ਤੇ ਡੁਪਲੀਕੇਟ ਸਮਾਨ ਵੇਚ ਰਿਹਾ ਸੀ। ਨਾਮੀ ਕੰਪਨੀ ਦੇ ਸਟਾਫ ਨੇ ਮਗਰਾਲੀ ਬਜਾਰ ਸਥਿਤ ਇਕ ਕਰਿਆਨੇ ਦੀ ਦੁਕਾਨ ਉੱਤੇ ਪੁਲਸ ਦੇ ਸਹਿਯੋਗ ਨਾਲ ਰੇਡ ਕਰਕੇ ਦੁਕਾਨ ਦੇ ਅੰਦਰੋਂ ਕੰਪਨੀ ਦਾ ਲੇਬਲ ਲੱਗੇ ਨਕਲੀ ਮਾਲ ਨੂੰ ਜਬਤ ਕੀਤਾ ਹੈ।
ਟੀਮ ਦੀ ਅਗਵਾਈ ਕਰ ਰਹੇ ਕੰਪਨੀ ਦੇ ਫੀਲਡ ਅਫਸਰ ਸੰਨੀ ਅਹੂਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੀਨਾਨਗਰ ਦੀ ਇਕ ਕਰਿਆਨੇ ਦੀ ਦੁਕਾਨ ਟੇਕ ਚੰਦ ਐਂਡ ਸੰਨਜ਼ ਵੱਲੋਂ ਉਨ੍ਹਾਂ ਦੀ ਕੰਪਨੀ ਦੇ ਨਾਂ ਹੇਠ ਲੋਕਾਂ ਨੂੰ ਨਕਲੀ ਸਮਾਨ ਵੇਚਿਆ ਜਾ ਰਿਹਾ ਹੈ। ਜਿਸ ਮਗਰੋਂ ਪਹਿਲਾਂ ਤਾਂ ਉਨ੍ਹਾਂ ਨੇ ਲਗਾਤਾਰ ਤਿੰਨ ਦਿਨ ਇਸ ਕੰਮ ਦੀ ਨਿਗਰਾਨੀ 'ਤੇ ਤਸਦੀਕ ਕੀਤੀ ਅਤੇ ਦੁਕਾਨ ਤੋਂ ਕੰਪਨੀ ਦੇ ਨਾਂ 'ਤੇ ਵੇਚਿਆ ਜਾ ਰਿਹਾ ਨਕਲੀ ਸਮਾਨ ਖਰੀਦ ਕੇ ਉਸਦੀ ਜਾਂਚ ਕੀਤੀ। ਜਿਸ ਤੋਂ ਸਾਫ ਹੋ ਗਿਆ ਕਿ ਉਕਤ ਦੁਕਾਨਦਾਰ ਵੱਲੋਂ ਉਨ੍ਹਾਂ ਦੀ ਕੰਪਨੀ ਦੇ ਲੇਬਲ ਹੇਠ ਗੈਰ ਮਿਆਰੀ ਨਕਲੀ ਸਮਾਨ ਵੇਚਿਆ ਜਾ ਰਿਹਾ ਹੈ। ਜਿਸ ਮਗਰੋਂ ਉਨ੍ਹਾਂ ਨੇ ਪੁਲਸ ਦੀ ਸਹਾਇਤਾ ਨਾਲ ਦੁਕਾਨ 'ਤੇ ਰੇਡ ਕਰਕੇ ਦੁਕਾਨ ਦੇ ਅੰਦਰੋਂ ਭਾਰੀ ਮਾਤਰਾ ਵਿੱਚ ਕੰਪਨੀ ਦੇ ਲੇਬਲ ਲੱਗਾ ਨਕਲੀ ਮਾਲ ਬਰਾਮਦ ਕੀਤਾ ਹੈ।
ਸੰਨੀ ਅਹੂਜਾ ਨੇ ਦੱਸਿਆ ਕਿ ਫਿਲਹਾਲ ਕੰਪਨੀ ਵੱਲੋਂ ਪੁਲਸ ਨੂੰ ਦੁਕਾਨਦਾਰ ਦੇ ਖਿਲ਼ਾਫ ਬਣਦੀ ਕਾਰਵਾਈ ਲਈ ਕਿਹਾ ਗਿਆ ਹੈ ਅਤੇ ਕੰਪਨੀ ਇਸ ਗੱਲ ਦਾ ਵੀ ਪਤਾ ਲਗਾਏਗੀ ਕਿ ਉਕਤ ਨਕਲੀ ਮਾਲ ਦੁਕਾਨਦਾਰ ਵੱਲੋਂ ਕਿਸ ਵਿਅਕਤੀ ਕੋਲੋਂ ਖਰੀਦਿਆ ਜਾ ਰਿਹਾ ਸੀ। ਜਿਸ ਮਗਰੋਂ ਕੰਪਨੀ ਦੇ ਨਾਂ ਹੇਠ ਨਕਲੀ ਮਾਲ ਸਪਲਾਈ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਧਰ ਇਸ ਸਬੰਧੀ ਜਦ ਥਾਣਾ ਮੁਖੀ ਦੀਨਾਨਗਰ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੰਪਨੀ ਅਤੇ ਮੈਨੇਜਰ ਦੇ ਬਿਆਨਾਂ ਦੇ ਅਧਾਰ 'ਤੇ ਦੁਕਾਨਦਾਰ ਵਿਰੁੱਧ ਮਾਮਲਾ ਦਰਜ ਕਰਕੇ ਮੌਕੇ ਤੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।