ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਔਰਤ ਸਣੇ ਕਈਆਂ ਖ਼ਿਲਾਫ਼ ਮਾਮਲਾ ਦਰਜ
Saturday, Jul 19, 2025 - 04:30 PM (IST)

ਅਬੋਹਰ (ਸੁਨੀਲ) : ਫਾਜ਼ਿਲਕਾ ਸਾਈਬਰ ਕ੍ਰਾਈਮ ਪੁਲਸ ਨੇ 28 ਲੱਖ 79 ਹਜ਼ਾਰ 275 ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਇਕ ਔਰਤ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਇੰਸਪੈਕਟਰ ਜੋਤੀ ਨੇ ਦੱਸਿਆ ਕਿ ਸੁਖਦੀਪ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਾਸੀ ਪਿੰਡ ਭੰਗਾਲਾ ਨੇ 7 ਮਈ ਅਤੇ 30 ਜੂਨ ਨੂੰ ਉੱਚ ਅਧਿਕਾਰੀਆਂ ਨੂੰ ਅਰਜ਼ੀ ਦੇ ਕੇ ਦੱਸਿਆ ਸੀ ਕਿ ਇਕ ਔਰਤ ਨੇ ਅਪ੍ਰੈਲ 2025 ’ਚ ਫੋਨ ਕੀਤਾ ਸੀ।
ਉਸ ਨੇ ਆਪਣਾ ਨਾਂ ਏਰਿਕਾ ਅਰੋੜਾ ਦੱਸਿਆ ਅਤੇ ਕਿਹਾ ਕਿ ਉਸ ਨੇ ਉਸ ਦਾ ਨੰਬਰ ਇਕ ਟਰੇਡ ਐਪ ਤੋਂ ਲਿਆ ਹੈ। ਉਸ ਨੇ ਕਿਹਾ ਕਿ ਜਿਸ ਟਰੇਡ ਐਪ ’ਤੇ ਤੁਸੀਂ ਵਪਾਰ ਕਰਦੇ ਹੋ ਉਹ ਬਹੁਤ ਘੱਟ ਲਾਭ ਦਿੰਦਾ ਹੈ ਅਤੇ ਜਿਸ ਟਰੇਡ ਐਪ ’ਤੇ ਅਸੀਂ ਵਪਾਰ ਕਰਦੇ ਹਾਂ, ਉਹ ਵਧੇਰੇ ਲਾਭ ਦਿੰਦਾ ਹੈ। ਹੁਣ ਤੁਸੀਂ ਮੇਰੀਆਂ ਹਦਾਇਤਾਂ ਅਨੁਸਾਰ ਵਪਾਰ (ਸ਼ੇਅਰ ਮਾਰਕੀਟ) ਕਾਰੋਬਾਰ ਕਰਦੇ ਹੋ, ਜਿਸ ’ਚ ਮੈਂ ਤੁਹਾਨੂੰ ਬਹੁਤ ਜ਼ਿਆਦਾ ਲਾਭ ਦੇਵਾਂਗੀ।
ਇਸ ਤੋਂ ਬਾਅਦ ਉਸ ਨੇ 1 ਮਾਰਚ 25 ਤੋਂ 29 ਅਪ੍ਰੈਲ 25 ਤੱਕ ਵੱਖ-ਵੱਖ ਖਾਤਿਆਂ ’ਚ ਛੋਟੀਆਂ-ਛੋਟੀਆਂ ਰਕਮਾਂ ’ਚ ਕੁੱਲ 28 ਲੱਖ 79 ਹਜ਼ਾਰ 275 ਰੁਪਏ ਭੇਜੇ। ਕੁੱਝ ਦਿਨਾਂ ਬਾਅਦ ਏਰਿਕਾ ਅਰੋੜਾ ਨੇ ਫੋਨ ਕਰ ਕੇ ਕਿਹਾ ਕਿ ਤੁਹਾਨੂੰ ਸ਼ੇਅਰ ਮਾਰਕੀਟ ਟ੍ਰੇਡਿੰਗ ’ਚ ਬਹੁਤ ਵੱਡਾ ਨੁਕਸਾਨ ਹੋਇਆ ਹੈ। ਫਿਰ ਉਸ ਨੇ ਆਪਣੀ ਜਾਅਲੀ ਸਾਈਟ ਅਤੇ ਫੋਨ ਬੰਦ ਕਰ ਦਿੱਤਾ। ਫਿਰ ਉਸ ਨੂੰ ਪਤਾ ਲੱਗਾ ਕਿ ਏਰਿਕਾ ਅਰੋੜਾ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਧੋਖਾ ਕੀਤਾ ਹੈ। ਇਸ ’ਤੇ ਸਾਈਬਰ ਕ੍ਰਾਈਮ ਨੇ ਏਰਿਕਾ ਅਰੋੜਾ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।