ਪਤੀ ਤੇ ਸਹੁਰੇ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਈ ਗੁਰਲੀਨ ਚੋਪੜਾ; ਸਾਂਝੀਆਂ ਕੀਤੀਆਂ ਤਸਵੀਰਾਂ
Friday, Dec 26, 2025 - 01:24 PM (IST)
ਸ੍ਰੀ ਫਤਿਹਗੜ੍ਹ ਸਾਹਿਬ/ਚੰਡੀਗੜ੍ਹ- ਪੰਜਾਬੀ ਫਿਲਮ ਇੰਡਸਟਰੀ ਦੀ ਜਾਣੀ-ਪਛਾਣੀ ਅਦਾਕਾਰਾ ਗੁਰਲੀਨ ਚੋਪੜਾ, ਜੋ ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੀ ਹੈ। ਅਦਾਕਾਰਾ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਈ। ਵਿਆਹ ਤੋਂ ਬਾਅਦ ਗੁਰਲੀਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ ਅਤੇ ਉਸ ਨੇ ਇਸ ਧਾਰਮਿਕ ਯਾਤਰਾ ਦੀਆਂ ਖੂਬਸੂਰਤ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।
ਪਰਿਵਾਰ ਨਾਲ ਟੇਕਿਆ ਮੱਥਾ
ਗੁਰਲੀਨ ਚੋਪੜਾ ਦੇ ਨਾਲ ਉਨ੍ਹਾਂ ਦੇ ਪਤੀ ਦਵਿੰਦਰ ਰੰਧਾਵਾ ਅਤੇ ਉਨ੍ਹਾਂ ਦੇ ਸਹੁਰਾ ਸਾਹਿਬ ਵੀ ਮੌਜੂਦ ਸਨ। ਅਦਾਕਾਰਾ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਨ੍ਹਾਂ ਤਸਵੀਰਾਂ ਦੇ ਪਿਛੋਕੜ ਵਿੱਚ ਇੱਕ ਅਜਿਹਾ ਧਾਰਮਿਕ ਗੀਤ ਚੱਲ ਰਿਹਾ ਹੈ ਜੋ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੇਸ਼ ਅਤੇ ਕੌਮ ਦੀ ਰੱਖਿਆ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਦਰਸਾਉਂਦਾ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ
ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਪਹੁੰਚ ਕੇ ਗੁਰਲੀਨ ਕਾਫੀ ਭਾਵੁਕ ਨਜ਼ਰ ਆਈ। ਉਨ੍ਹਾਂ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਵਿਆਹ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ
ਜ਼ਿਕਰਯੋਗ ਹੈ ਕਿ ਗੁਰਲੀਨ ਚੋਪੜਾ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ, ਜਿਸ ਵਿੱਚ ਪੰਜਾਬੀ ਇੰਡਸਟਰੀ ਦੀਆਂ ਕਈ ਨਾਮਵਰ ਹਸਤੀਆਂ ਸ਼ਾਮਲ ਹੋਈਆਂ ਸਨ। ਇਸ ਵਿਆਹ ਸਮਾਗਮ ਵਿੱਚ ਸਤਵਿੰਦਰ ਬਿੱਟੀ, ਸਤਿੰਦਰ ਸੱਤੀ ਅਤੇ ਸ਼ਮਸ਼ੇਰ ਸੰਧੂ ਵਰਗੇ ਦਿੱਗਜ ਸਿਤਾਰਿਆਂ ਨੇ ਪਹੁੰਚ ਕੇ ਨਵ-ਵਿਆਹੀ ਜੋੜੀ ਨੂੰ ਅਸੀਸਾਂ ਦਿੱਤੀਆਂ ਸਨ।
ਵਰਕ ਫਰੰਟ ਦੀ ਚਰਚਾ
ਗੁਰਲੀਨ ਚੋਪੜਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹਨ। ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਉਦੋਂ ਮਿਲੀ ਸੀ ਜਦੋਂ ਉਨ੍ਹਾਂ ਨੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਸੁਪਰਹਿੱਟ ਗੀਤ "ਸਾਲੀ ਆਂ ਮੈਂ ਥਾਣੇਦਾਰ ਦੀ" ਵਿੱਚ ਬਤੌਰ ਮਾਡਲ ਕੰਮ ਕੀਤਾ।
