ਮਾਮੂਲੀ ਬਹਿਸਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦੇ ਸਿਰ ’ਚ ਗੋਲ਼ੀਆਂ ਮਾਰ ਕੇ ਕੀਤਾ ਕਤਲ
Monday, Mar 13, 2023 - 10:32 AM (IST)
ਬਟਾਲਾ (ਬੇਰੀ, ਸਾਹਿਲ, ਯੋਗੀ, ਅਸ਼ਵਨੀ)- ਬੀਤੀ ਦੇਰ ਰਾਤ ਬਟਾਲਾ ਦੇ ਹਰਨਾਮ ਨਗਰ ਬਖੇਵਾਲ ਵਿਖੇ ਮਾਮੂਲੀ ਬਹਿਸਬਾਜ਼ੀ ਦੌਰਾਨ ਇਕ ਨੌਜਵਾਨ ਨੇ ਆਪਣੇ ਪਿਸਟਲ ਨਾਲ ਦੂਜੇ ਨੌਜਵਾਨ ਦੇ ਸਿਰ ’ਚ ਦੋ ਗੋਲੀਆਂ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਤੀਰਥ ਸਿੰਘ ਵਾਸੀ ਨਵੀਂ ਆਬਾਦੀ ਨੇੜੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਮੁਹੱਲਾ ਸ਼ੁਕਰਪੁਰਾ ਦੀ ਪਤਨੀ ਸੁਖਬੀਰ ਕੌਰ ਨੇ ਦੱਸਿਆ ਕਿ ਉਸਦੇ ਦਿਓਰ ਦੀਦਾਰ ਸਿੰਘ, ਜੋ ਹਰਨਾਮ ਨਗਰ ਬਖੇਵਾਲ ਵਿਖੇ ਰਹਿੰਦਾ ਹੈ, ਨਾਲ ਸੁਰਿੰਦਰ ਕੁਮਾਰ ਉਰਫ ਲੱਬੂ ਵਾਸੀ ਹਰਨਾਮ ਨਗਰ ਬਖੇਵਾਲ ਰੋਜ਼ਾਨਾ ਬਿਨਾਂ ਕਾਰਨ ਝਗੜਾ ਕਰਦਾ ਸੀ। ਦੀਦਾਰ ਸਿੰਘ ਨੇ ਇਸ ਸਬੰਧੀ ਉਸਦੇ ਪਤੀ ਤੀਰਥ ਸਿੰਘ ਨਾਲ ਗੱਲ ਕੀਤੀ ਸੀ। ਲੰਘੇ ਸ਼ਨੀਵਾਰ ਨੂੰ ਉਹ ਅਤੇ ਉਸ ਦਾ ਪਤੀ ਤੀਰਥ ਸਿੰਘ, ਦਿਓਰ ਦੀਦਾਰ ਸਿੰਘ ਅਤੇ ਦਰਾਣੀ ਗਗਨਦੀਪ ਕੌਰ, ਸੁਰਿੰਦਰ ਕੁਮਾਰ ਦੇ ਘਰ ਉਲਾਂਭਾ ਦੇਣ ਲਈ ਜਾ ਰਹੇ ਸਨ ਕਿ ਰਸਤੇ ’ਚ ਸੁਰਿੰਦਰ ਕੁਮਾਰ ਆਪਣੇ ਇਕ ਸਾਥੀ ਨਾਲ ਆਪਣੀ ਐਕਟਿਵਾ ਦੇ ਨਾਲ ਖੜ੍ਹਾ ਮਿਲਿਆ।
ਇਹ ਵੀ ਪੜ੍ਹੋ- ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਨਾਂ ਪਾਸਪੋਰਟ ਤੋਂ ਜਾਣ ਦੀ ਮੰਗ ਨੇ ਫੜਿਆ ਜ਼ੋਰ, ਸੰਗਤਾਂ ਨੇ ਦੋਵਾਂ ਸਰਕਾਰਾਂ ਨੂੰ ਕੀਤੀ ਅਪੀਲ
ਇਸ ਦੌਰਾਨ ਉਸ ਦੇ ਪਤੀ ਤੀਰਥ ਸਿੰਘ ਅਤੇ ਦੀਦਾਰ ਸਿੰਘ ਨੇ ਸੁਰਿੰਦਰ ਕੁਮਾਰ ਨੂੰ ਰੋਜ਼ਾਨਾ ਝਗੜਾ ਕਰਨ ਬਾਰੇ ਪੁੱਛਿਆ ਤਾਂ ਸੁਰਿੰਦਰ ਕੁਮਾਰ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁੱਸੇ ’ਚ ਆ ਕੇ ਆਪਣੀ ਡੱਬ ’ਚੋਂ ਪਿਸਟਲ ਕੱਢ ਕੇ 2 ਫਾਇਰ ਕੀਤੇ, ਜੋ ਉਸਦੇ ਪਤੀ ਤੀਰਥ ਸਿੰਘ ਦੇ ਸਿਰ ’ਚ ਜਾ ਲੱਗੇ। ਇਸ ਤੋਂ ਬਾਅਦ ਉਸਦਾ ਪਤੀ ਜ਼ਮੀਨ ’ਤੇ ਡਿੱਗ ਗਿਆ। ਜਦੋਂ ਉਸ ਨੇ ਰੌਲਾ ਪਾਇਆ ਤਾਂ ਸੁਰਿੰਦਰ ਕੁਮਾਰ ਆਪਣੇ ਸਾਥੀ ਸਮੇਤ ਐਕਟਿਵਾ ’ਤੇ ਫਰਾਰ ਹੋ ਗਿਆ। ਉਸ ਨੇ ਤੀਰਥ ਸਿੰਘ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ, ਜਿਥੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਦਿਲ ਦਹਿਲਾਉਣ ਵਾਲੀ ਘਟਨਾ, 9 ਸਾਲ ਦੀ ਦਿਵਿਆਂਗ ਬੱਚੀ ਦਾ ਜਬਰ-ਜ਼ਿਨਾਹ ਕਰ ਕੀਤਾ ਕਤਲ
ਐੱਸ. ਐੱਚ. ਓ. ਕੁਲਵੰਤ ਮਾਨ ਨੇ ਦੱਸਿਆ ਕਿ ਪੁਲਸ ਨੇ ਤੀਰਥ ਸਿੰਘ ਦੀ ਪਤਨੀ ਸੁਖਬੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਸੁਰਿੰਦਰ ਕੁਮਾਰ ਅਤੇ ਉਸ ਦੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।