ਕਹਿਰ ਓ ਰੱਬਾ! ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਪੈਟਰੋਲ ਪਾ ਕੇ ਸਾੜ'ਤੀ ਲਾੜੀ, ਪੰਜਾਬ 'ਚ ਰੂਹ ਕੰਬਾਊ ਵਾਰਦਾਤ
Thursday, Apr 02, 2026 - 11:33 AM (IST)
ਲੁਧਿਆਣਾ (ਰਾਜ): ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਇਲਾਕੇ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਵ-ਵਿਆਹੁਤਾ ਨੂੰ ਉਸ ਦੇ ਹੀ ਸਹੁਰਿਆਂ ਨੇ ਪੈਟਰੋਲ ਪਾ ਕੇ ਜਿਉਂਦਾ ਸਾੜਨ ਦੀ ਕੋਸ਼ਿਸ਼ ਕੀਤੀ। ਕਰੀਬ 90 ਫ਼ੀਸਦੀ ਤੱਕ ਝੁਲਸੀ ਪੀੜਤਾ ਇਸ ਸਮੇਂ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਦਿਲ ਦਹਿਲਾ ਦੇਣ ਵਾਲੀ ਇਸ ਵਾਰਦਾਤ ਨੇ ਪੂਰੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਹੈ। ਥਾਣਾ ਮੇਹਰਬਾਨ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ, ਸੱਸ ਅਤੇ ਸਹੁਰੇ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਰੋਡ ਦੀ ਰਹਿਣ ਵਾਲੀ ਕਾਂਤਾ ਕੌਰ ਦਾ ਵਿਆਹ ਕਰੀਬ 4 ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਘਰ ਵਿਚ ਕਲੇਸ਼ ਸ਼ੁਰੂ ਹੋ ਗਿਆ। ਪੀੜਤਾ ਦਾ ਦੋਸ਼ ਹੈ ਕਿ ਉਹ ਆਪਣੇ ਪਤੀ ਨਾਲ ਅਲੱਗ ਰਹਿਣਾ ਚਾਹੁੰਦੀ ਸੀ, ਪਰ ਉਸ ਦੇ ਸੱਸ-ਸਹੁਰੇ ਇਸ ਗੱਲ ਦੇ ਸਖ਼ਤ ਖ਼ਿਲਾਫ਼ ਸਨ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੂੰ ਲਗਾਤਾਰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਸੀਹੇ ਦਿੱਤੇ ਜਾ ਰਹੇ ਸਨ। ਵਾਰਦਾਤ ਵਾਲੇ ਦਿਨ ਵੀ ਇਸੇ ਗੱਲ ਨੂੰ ਲੈ ਕੇ ਘਰ ਵਿਚ ਕਾਫ਼ੀ ਬਹਿਸ ਹੋਈ। ਝਗੜਾ ਇੰਨਾ ਵਧ ਗਿਆ ਕਿ ਗੁੱਸੇ ਵਿਚ ਆਏ ਪਤੀ ਨੇ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਕਾਂਤਾ 'ਤੇ ਪੈਟਰੋਲ ਛਿੜਕ ਦਿੱਤਾ ਤੇ ਫ਼ਿਰ ਅੱਗ ਲਗਾ ਦਿੱਤੀ।
ਥਾਣਾ ਮੇਹਰਬਾਨ ਦੇ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ 25 ਮਾਰਚ ਨੂੰ ਸੀ.ਐੱਮ.ਸੀ. ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇਕ ਮੁਟਿਆਰ ਗੰਭੀਰ ਰੂਪ ਵਿਚ ਸੜੀ ਹੋਈ ਹਾਲਤ ਵਿਚ ਦਾਖਲ ਕਰਵਾਈ ਗਈ ਹੈ। ਮੁਟਿਆਰ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਇਸ ਤੋਂ ਬਾਅਦ 31 ਮਾਰਚ ਨੂੰ ਜਦੋਂ ਪੀੜਤਾ ਦੀ ਹਾਲਤ ਵਿਚ ਥੋੜ੍ਹਾ ਸੁਧਾਰ ਹੋਇਆ, ਤਾਂ ਮਾਨਯੋਗ ਜੱਜ ਦੀ ਮੌਜੂਦਗੀ ਵਿਚ ਉਸ ਦੇ ਬਿਆਨ ਦਰਜ ਕੀਤੇ ਗਏ। ਆਪਣੇ ਬਿਆਨਾਂ ਵਿਚ ਕਾਂਤਾ ਕੌਰ ਨੇ ਸਹੁਰੇ ਪੱਖ 'ਤੇ ਸਿੱਧੇ ਤੌਰ 'ਤੇ ਅੱਗ ਲਗਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੀੜਤਾ ਦੇ ਪੇਕੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
