ਸਿਵਲ ਹਸਪਤਾਲ ’ਚ ਜਣੇਪੇ ਤੋਂ ਬਾਅਦ 24 ਸਾਲਾ ਮਹਿਲਾ ਦੀ ਹਾਲਤ ਵਿਗੜੀ, ਪਰਿਵਾਰ ਨੇ ਲਾਪਰਵਾਹੀ ਦੇ ਲਾਏ ਦੋਸ਼
Wednesday, Sep 23, 2026 - 08:43 PM (IST)
ਖੰਨਾ (ਬਿਪਨ): ਖੰਨਾ ਦੇ ਸਿਵਲ ਹਸਪਤਾਲ ਵਿਚ ਜਣੇਪੇ ਤੋਂ ਬਾਅਦ 24 ਸਾਲਾ ਔਰਤ ਦੀ ਹਾਲਤ ਬੇਹੱਦ ਗੰਭੀਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਹਸਪਤਾਲ ਵਿਚ ਇਲਾਜ ਦੌਰਾਨ ਕਥਿਤ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ ਹਨ। ਔਰਤ ਨੂੰ ਹੁਣ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਪਰਿਵਾਰ ਮੁਤਾਬਕ ਉਸ ਦੇ ਗੁਰਦੇ ਕੰਮ ਕਰਨਾ ਬੰਦ ਕਰ ਚੁੱਕੇ ਹਨ ਅਤੇ ਡਾਇਲਸਿਸ ਕੀਤੀ ਜਾ ਰਹੀ ਹੈ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਮੈਡੀਕਲ ਜਾਂਚ ਅਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ।
ਪੀੜਤ ਔਰਤ ਦੀ ਪਛਾਣ ਗਾਰਗੀ ਸਾਹਨੀ (24), ਵਾਸੀ ਫਤਿਹਗੜ੍ਹ ਨਿਊਆਂ ਵਜੋਂ ਹੋਈ ਹੈ। ਉਸ ਦੇ ਭਰਾ ਮਯੰਕ ਸਾਹਨੀ ਨੇ ਦੱਸਿਆ ਕਿ ਗਾਰਗੀ ਨੂੰ ਜਣੇਪੇ ਲਈ 17 ਸਤੰਬਰ ਨੂੰ ਖੰਨਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਮੁਤਾਬਕ ਇੱਥੇ ਡਾ. ਗਰਿਮਾ ਅਗਰਵਾਲ ਵੱਲੋਂ ਆਪਰੇਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਬੱਚੇ ਦਾ ਜਨਮ ਹੋਇਆ।
ਮਯੰਕ ਨੇ ਦੋਸ਼ ਲਗਾਇਆ ਕਿ ਆਪਰੇਸ਼ਨ ਤੋਂ ਬਾਅਦ ਗਾਰਗੀ ਦੀ ਨਿਯਮਿਤ ਤੌਰ ’ਤੇ ਜਾਂਚ ਨਹੀਂ ਕੀਤੀ ਗਈ। ਉਸਦੇ ਮੁਤਾਬਕ ਪਰਿਵਾਰ ਵੱਲੋਂ ਸਿਹਤ ਬਾਰੇ ਪੁੱਛਣ ’ਤੇ ਸਟਾਫ ਵੱਲੋਂ ਡਾਕਟਰ ਦੇ ਛੁੱਟੀ ’ਤੇ ਹੋਣ ਦੀ ਗੱਲ ਕਹੀ ਜਾਂਦੀ ਰਹੀ। 18 ਸਤੰਬਰ ਨੂੰ ਔਰਤ ਦਾ ਯੂਰੀਨ ਬੈਗ ਉਤਾਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਮੁਤਾਬਕ ਉਸਦਾ ਯੂਰੀਨ ਆਉਣਾ ਬੰਦ ਹੋ ਗਿਆ ਅਤੇ ਹਾਲਤ ਹੌਲੀ-ਹੌਲੀ ਵਿਗੜਦੀ ਗਈ।
ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਵੱਲੋਂ ਕਈ ਵਾਰ ਸਟਾਫ ਨੂੰ ਔਰਤ ਦੀ ਵਿਗੜ ਰਹੀ ਸਿਹਤ ਬਾਰੇ ਦੱਸਿਆ ਗਿਆ, ਪਰ ਉਨ੍ਹਾਂ ਨੂੰ ਕਿਹਾ ਜਾਂਦਾ ਰਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜਣੇਪੇ ਤੋਂ ਬਾਅਦ ਅਜਿਹਾ ਹੋ ਸਕਦਾ ਹੈ। ਪਰਿਵਾਰ ਮੁਤਾਬਕ 18 ਸਤੰਬਰ ਦੀ ਰਾਤ ਗਾਰਗੀ ਦਾ ਸਰੀਰ ਪੀਲਾ ਪੈ ਗਿਆ ਸੀ, ਪਰ ਇਸ ਦੇ ਬਾਵਜੂਦ ਉਸਦੀ ਹਾਲਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਮਯੰਕ ਮੁਤਾਬਕ 19 ਸਤੰਬਰ ਦਾ ਪੂਰਾ ਦਿਨ ਅਤੇ ਰਾਤ ਵੀ ਗਾਰਗੀ ਦੀ ਹਾਲਤ ਖਰਾਬ ਰਹੀ। ਪਰਿਵਾਰ ਦਾ ਕਹਿਣਾ ਹੈ ਕਿ 20 ਸਤੰਬਰ ਦੀ ਸਵੇਰ ਜਦੋਂ ਹਾਲਤ ਬੇਹੱਦ ਗੰਭੀਰ ਹੋ ਗਈ, ਤਾਂ ਡਾ. ਗਰਿਮਾ ਅਗਰਵਾਲ ਨੇ ਮਰੀਜ਼ ਨੂੰ ਦੇਖਿਆ ਅਤੇ ਕੇਸ ਨੂੰ ਗੰਭੀਰ ਦੱਸਦਿਆਂ ਉਸਨੂੰ ਰੈਫਰ ਕਰਨ ਦੀ ਗੱਲ ਕਹੀ।
ਇਸ ਤੋਂ ਬਾਅਦ ਪਰਿਵਾਰ ਗਾਰਗੀ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ। ਮਯੰਕ ਦੇ ਮੁਤਾਬਕ ਉੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਗਾਰਗੀ ਦੇ ਗੁਰਦੇ ਕੰਮ ਨਹੀਂ ਕਰ ਰਹੇ ਅਤੇ ਉਸਦੀ ਡਾਇਲਸਿਸ ਕੀਤੀ ਜਾ ਰਹੀ ਹੈ। ਪਰਿਵਾਰ ਮੁਤਾਬਕ ਉਸਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਕਈ ਅੰਗਾਂ ’ਤੇ ਵੀ ਅਸਰ ਪੈਣ ਦਾ ਖਦਸ਼ਾ ਹੈ।
ਪਰਿਵਾਰਕ ਮੈਂਬਰ ਰਮਨਜੋਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਹਸਪਤਾਲ ਦੇ ਐਸਐਮਓ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਗਾਰਗੀ ਵਿੱਚ ਪੀਲੀਆ ਵਰਗੇ ਲੱਛਣ ਨਜ਼ਰ ਆਉਣ ਦੇ ਬਾਵਜੂਦ ਉਸਦੀ ਲੋੜੀਂਦੀ ਜਾਂਚ ਨਹੀਂ ਕਰਵਾਈ ਗਈ। ਉਨ੍ਹਾਂ ਮੁਤਾਬਕ ਜਦੋਂ ਸਟਾਫ ਨੂੰ ਔਰਤ ਦਾ ਸਰੀਰ ਪੀਲਾ ਪੈਣ ਅਤੇ ਸਿਹਤ ਵਿਗੜਨ ਬਾਰੇ ਦੱਸਿਆ ਗਿਆ ਤਾਂ ਇਸਨੂੰ ਜਣੇਪੇ ਤੋਂ ਬਾਅਦ ਆਮ ਗੱਲ ਦੱਸਿਆ ਗਿਆ।
ਰਮਨਜੋਤ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ ਸ਼ਨੀਵਾਰ ਨੂੰ ਡਾ. ਗਰਿਮਾ ਛੁੱਟੀ ’ਤੇ ਸਨ ਅਤੇ ਐਤਵਾਰ ਨੂੰ ਐਮਰਜੈਂਸੀ ਵੱਲੋਂ ਫੋਨ ਕਰਕੇ ਉਨ੍ਹਾਂ ਨੂੰ ਹਸਪਤਾਲ ਬੁਲਾਇਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਸ ਸਮੇਂ ਤੱਕ ਔਰਤ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ।
ਪਰਿਵਾਰ ਨੇ ਨਰਸਿੰਗ ਸਟਾਫ, ਸਬੰਧਤ ਡਾਕਟਰ ਅਤੇ ਹਸਪਤਾਲ ਪ੍ਰਬੰਧਨ ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਨਿਰਪੱਖ ਮੈਡੀਕਲ ਜਾਂਚ ਕਰਕੇ ਜੇਕਰ ਕਿਸੇ ਪੱਧਰ ’ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਉੱਧਰ, ਐੱਸ.ਐੱਮ.ਓ. ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਹੁਕਮ ਮਿਲਣਗੇ, ਉਸੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਗਾਏ ਜਾ ਰਹੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
