ਏ.ਟੀ.ਪੀ. ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਨਾਜਾਇਜ਼ ਉਸਾਰੀਆਂ ’ਤੇ ਤਾਬੜਤੋੜ ਕਾਰਵਾਈ

Sunday, Sep 13, 2026 - 01:21 PM (IST)

ਏ.ਟੀ.ਪੀ. ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਨਾਜਾਇਜ਼ ਉਸਾਰੀਆਂ ’ਤੇ ਤਾਬੜਤੋੜ ਕਾਰਵਾਈ

ਲੁਧਿਆਣਾ (ਹਿਤੇਸ਼)- ਨਗਰ ਨਿਗਮ ਵੱਲੋਂ ਜ਼ੋਨ ਸੀ ਦੇ ਏਰੀਆ ਵਿਚ ਨਾਜਾਇਜ਼ ਉਸਾਰੀਆਂ ਦੇ ਖਿਲਾਫ ਤਾਬੜਤੋੜ ਕਾਰਵਾਈ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਡ੍ਰਾਈਵ ਨੂੰ ਦੋ ਦਿਨ ਪਹਿਲਾਂ ਕਮਿਸ਼ਨਰ ਵੱਲੋਂ ਏ.ਟੀ.ਪੀ. ਰਣਧੀਰ ਸਿੰਘ ਨੂੰ ਨੋਟਿਸ ਜਾਰੀ ਹੋਣ ਦਾ ਨਤੀਜਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨੋਟਿਸ ਵਿਚ ਉਸ ਨੂੰ ਨਾਜਾਇਜ਼ ਇਮਾਰਤਾਂ ਦੀਆਂ ਸ਼ਿਕਾਇਤਾਂ ’ਤੇ ਐਕਸ਼ਨ ਨਾ ਲੈਣ ਸਬੰਧੀ ਫਿਟਕਾਰ ਲਗਾਈ ਗਈ ਸੀ ਕਿ ਉਸ ਵੱਲੋਂ ਡਿਊਟੀ ਵਿਚ ਕੋਤਾਹੀ ਵਰਤਣ ਕਾਰਨ ਨਗਰ ਨਿਗਮ ਦਾ ਅਕਸ ਖਰਾਬ ਹੋਣ ਸਮੇਤ ਰੈਵੇਨਿਊ ਦਾ ਨੁਕਸਾਨ ਹੋ ਰਿਹਾ ਹੈ।

ਇਸ ਮਾਮਲੇ ਵਿਚ ਜੁਆਇੰਟ ਕਮਿਸ਼ਨਰ ਵੱਲੋਂ ਸੋਮਵਾਰ ਨੂੰ ਮੰਗੀ ਗਈ ਰਿਪੋਰਟ ਪੇਸ਼ ਕਰਨ ਦੇ ਲਈ ਉਕਤ ਏ.ਟੀ.ਪੀ. ਵੱਲੋਂ ਹਫੜਾ ਦਫੜੀ ਵਿਚ ਜ਼ੋਨ ਸੀ ਦੇ ਏਰੀਆ ਵਿਚ ਨਾਜਾਇਜ਼ ਉਸਾਰੀਆਂ ’ਤੇ 8 ਥਾਵਾਂ ਤੇ ਕਾਰਵਾਈ ਕੀਤੀ ਗਈ ਜਿਥੇ ਵੱਖ ਵੱਖ ਇਲਾਕਿਆਂ ਵਿਚ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਇਮਾਰਤਾਂ ਤੋੜਨ ਦੀ ਰਿਪੋਰਟ ਨਗਰ ਨਿਗਮ ਵੱਲੋਂ ਜਾਰੀ ਕੀਤੀ ਗਈ ਹੈ।

ਇਨ੍ਹਾਂ ਇਲਾਕਿਆਂ ਵਿਚ ਹੋਇਆ ਐਕਸ਼ਨ :

-33 ਫੁੱਟਾ ਰੋਡ।

-ਸਟਾਰ ਰੋਡ ।

-ਜਸਪਾਲ ਬਾਂਗਰ।

-ਸਤਿਸੰਗ ਰੋਡ।

-ਹੀਰੋ ਸੁਮਲ ਰੋਡ।

ਪਿਕ ਐਂਡ ਚੂਜ਼ ਦੇ ਲੱਗੇ ਦੋਸ਼

ਨਗਰ ਨਿਗਮ ਵੱਲੋਂ ਜ਼ੋਨ ਸੀ ਖਾਸ ਕਰਕੇ ਹਲਕਾ ਦੱਖਣੀ ਦੇ ਏਰੀਆ ਵਿਚ ਨਾਜਾਇਜ਼ ਉਸਾਰੀਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਸਬੰਧੀ ਪਿਕ ਐਂਡ ਚੂਜ਼ ਦੇ ਦੋਸ਼ ਲਗ ਰਹੇ ਹਨ। ਇਸ ਸਬੰਧੀ ਆਲਾ ਅਫਸਰਾਂ ਦੇ ਕੋਲ ਪੁੱਜੀ ਸ਼ਿਕਾਇਤ ਵਿਚ ਪਿੱਪਲ ਚੌਕ, ਸਤਿਸੰਗ ਘਰ ਦੇ ਸਾਹਮਣੇ ਬਣ ਰਹੀ ਮਲਟੀ ਸਟੋਰੀ ਇਮਾਰਤ ਦੀ ਫੋਟੋ ਵੀ ਲਗਾਈ ਗਈ ਹੈ ਜਿਥੇ ਇੰਸਪੈਕਟਰ ਕਮਲ ਧੀਰ ਕੋਈ ਕਾਰਵਾਈ ਕੀਤੇ ਬਿਨਾਂ ਵਾਪਸ ਪਰਤ ਆਇਆ।

ਇਸੇ ਤਰ੍ਹਾਂ 33 ਫੁੱਟ ਰੋਡ ਗਿਆਸਪੁਰਾ, ਡਾਬਾ ਦੀ ਮੌਜੀ ਕਾਲੋਨੀ ਵਿਚ ਮਾਤਾ ਰਾਣੀ ਮੰਦਰ ਵਾਲੀ ਗਲੀ ਵਿਚ ਬਣ ਰਹੀਆਂ ਇਮਾਰਤਾਂ ਦਾ ਮੁੱਦਾ ਚੁੱਕਿਆ ਗਿਆ। ਇਨ੍ਹਾਂ ਇਮਾਰਤਾਂ ਵੱਲੋਂ ਹਾਊਸ ਲੇਨ ਜਾਂ ਪਾਰਕਿੰਗ ਦੇ ਲਈ ਕੋਈ ਜਗ੍ਹਾ ਨਹੀਂ ਛੱਡੀ ਗਈ ਤੇ ਓਵਰ ਕਵਰੇਜ ਕਾਰਨ ਇਹ ਇਮਾਰਤਾਂ ਨਾਨ ਕੰਪਾਊਂਡੇਬਲ ਕੈਟਾਗਰੀ ਵਿਚ ਆਉਂਦੀਆਂ ਹਨ ਜਿਨ੍ਹਾਂ ’ਤੇ ਕੋਈ ਐਕਸ਼ਨ ਲੈਣ ਦੀ ਬਜਾਏ ਦਿਖਾਵੇ ਲਈ ਛੋਟੀਆਂ ਦੁਕਾਨਾਂ ਜਾਂ ਘਰਾਂ ਨੂੰ ਤੋੜਨ ਦਾ ਦੋਸ਼ ਨਗਰ ਨਿਗਮ ਜ਼ੋਨ ਸੀ ਦੀ ਇਮਾਰਤੀ ਸ਼ਾਖਾ ਦੇ ਅਫਸਰਾਂ ’ਤੇ ਲੱਗਾ ਹੈ।
 


author

Anmol Tagra

Content Editor

Related News