ਰਾਜ ਸੂਚਨਾ ਕਮਿਸ਼ਨ ਨੇ SHO ਥਾਣਾ ਦਾਖਾ ਨੂੰ ਕੀਤਾ 10 ਹਜ਼ਾਰ ਰੁਪਏ ਦਾ ਜੁਰਮਾਨਾ
Sunday, Oct 30, 2022 - 01:15 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਰਾਜ ਸੂਚਨਾ ਕਮਿਸ਼ਨ ਵੱਲੋਂ ਥਾਣਾ ਦਾਖਾ ਦੇ ਐੱਸ. ਐੱਚ. ਓ. ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਅਸਲ 'ਚ ਇਹ ਜੁਰਮਾਨਾ ਅਪੀਲਕਰਤਾ ਵੱਲੋਂ ਲੋਕ ਸੂਚਨਾ ਅਫ਼ਸਰ ਕਮ ਐੱਸ. ਐੱਚ. ਓ. ਥਾਣਾ ਦਾਖਾ ਤੋਂ ਮੰਗੀ ਗਈ ਸੂਚਨਾ ਨਾ ਦੇਣ ਦੇ ਮਾਮਲੇ ਸਬੰਧੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪੰਡੋਰੀ ਅਤੇ ਆਰ. ਟੀ. ਆਈ. ਐਕਟੀਵਿਸਟ ਜਗਸੀਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥਾਣਾ ਦਾਖਾ ਨਾਲ ਸਬੰਧਿਤ ਜਾਣਕਾਰੀ ਹਾਸਲ ਕਰਨ ਲਈ ਸੂਚਨਾ ਦਾ ਅਧਿਕਾਰ ਕਾਨੂੰਨ 2005 ਤਹਿਤ ਦਰਖ਼ਾਸਤ ਦਿੱਤੀ ਗਈ ਸੀ।
ਇਸ ਤੋਂ ਬਾਅਦ 100 ਦਿਨ ਦਾ ਸਮਾਂ ਬੀਤ ਜਾਣ ਉਪਰੰਤ ਵੀ ਉਕਤ ਅਧਿਕਾਰੀਆਂ ਵੱਲੋਂ ਕੋਈ ਸੂਚਨਾ ਨਾ ਦਿੱਤੇ ਜਾਣ 'ਤੇ ਉਨ੍ਹਾਂ ਨੇ ਰਾਜ ਸੂਚਨਾ ਕਮਿਸ਼ਨ ਚੰਡੀਗੜ੍ਹ ਨੂੰ ਅਪੀਲ ਕੀਤੀ ਸੀ। ਇਸ 'ਤੇ ਸੁਣਵਾਈ ਕਰਦਿਆਂ ਕਮਿਸ਼ਨਰ ਮਨਿੰਦਰ ਸਿੰਘ ਪੱਟੀ ਵੱਲੋਂ ਥਾਣਾ ਦਾਖਾ ਦੇ ਮੁਖੀ ਦਲਜੀਤ ਸਿੰਘ ਨੂੰ ਦੋਸ਼ੀ ਮੰਨਦਿਆਂ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸ ਦੇ ਨਾਲ ਹੀ ਡੀ. ਆਈ. ਜੀ. ਲੁਧਿਆਣਾ ਰੇਂਜ ਨੂੰ ਉਕਤ ਅਧਿਕਾਰੀ ਦੀ ਤਨਖ਼ਾਹ ਵਿਚੋਂ ਰਕਮ ਕੱਟ ਕੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਉਪਰੰਤ ਕਮਿਸ਼ਨ ਨੂੰ ਸੂਚਿਤ ਕਰਨ ਦੇ ਹੁਕਮ ਦਿੱਤੇ। ਰਣਜੀਤ ਸਿੰਘ ਅਤੇ ਜਗਸੀਰ ਸਿੰਘ ਨੇ ਕਿਹਾ ਕਿ ਕਾਨੂੰਨ ਨੂੰ ਛਿੱਕੇ ਟੰਗ ਕੇ ਮਨਮਰਜ਼ੀਆਂ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵਿਭਾਗੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਾਨੂੰਨ ਦੀ ਸੰਵਿਧਾਨਕ ਤਰੀਕੇ ਨਾਲ ਪਾਲਣਾ ਯਕੀਨੀ ਬਣਾਈ ਜਾ ਸਕੇ।