ਗੋਸਾਈਂ ਦੇ ਘਰ ਪਹੁੰਚੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖ

Monday, Nov 06, 2017 - 07:32 AM (IST)

ਲੁਧਿਆਣਾ,  (ਮਹੇਸ਼)-  ਆਰ. ਐੱਸ. ਐੱਸ. ਸੰਘ ਦੇ ਰਵਿੰਦਰ ਗੋਸਾਈਂ ਹੱਤਿਆਕਾਂਡ ਦੇ ਮਾਮਲੇ ਵਿਚ 20 ਦਿਨ ਬੀਤ ਜਾਣ ਦੇ ਬਾਵਜੂਦ ਕਾਨੂੰਨ ਦੇ ਲੰਮੇ ਹੱਥ ਹੁਣ ਤੱਕ ਕਾਤਲਾਂ ਤਕ ਨਹੀਂ ਪਹੁੰਚ ਸਕੇ, ਜਿਸ ਨੂੰ ਲੈ ਕੇ ਹਿੰਦੂ ਸੰਗਠਨਾਂ 'ਚ ਭਾਰੀ ਰੋਸ ਹੈ। 
ਗੋਸਾਈਂ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਕੁਮਾਰ ਗੁਪਤਾ ਅਤੇ ਪ੍ਰਦੇਸ਼ ਪ੍ਰਧਾਨ ਕ੍ਰਿਸ਼ਨ ਸ਼ਰਮਾ ਨੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਗੋਸਾਈਂ ਦੇ ਕਾਤਲਾਂ ਨੂੰ ਜ਼ਮੀਨ ਖਾ ਗਈ ਜਾਂ ਆਸਮਾਨ ਨਿਗਲ ਗਿਆ। ਜੋ ਹੁਣ ਤੱਕ ਪੁਲਸ ਉਨ੍ਹਾਂ ਨੂੰ ਫੜ ਨਹੀਂ ਸਕੀ। ਪੁਖਤਾ ਸਬੂਤ ਹੋਣ ਦੇ ਬਾਵਜੂਦ ਰਾਜ ਦੀਆਂ ਸਾਰੀਆਂ ਏਜੰਸੀਆਂ ਕਾਤਲਾਂ ਨੂੰ ਗ੍ਰਿਫਤਾਰ ਕਰਨ 'ਚ ਹੁਣ ਤੱਕ ਨਾਕਾਮ ਸਾਬਿਤ ਹੋਈਆਂ ਹਨ। ਪੁਲਸ ਦਾ ਖੁਫੀਆ ਤੰਤਰ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਹਿੰਦੂ ਨੇਤਾਵਾਂ ਨੂੰ ਟਾਰਗੇਟ ਕਰ ਕੇ ਪੰਜਾਬ ਨੂੰ ਫਿਰ ਅੱਤਵਾਦ ਦੀ ਭੱਟੀ 'ਚ ਝੋਕਣ ਦਾ ਯਤਨ ਕੀਤਾ ਜਾ ਰਿਹਾ ਹੈ। ਹਿੰਦੂ ਸੰਗਠਨਾਂ ਦੇ ਰਹਿੰਦੇ ਦਹਿਸ਼ਤਗਰਦ ਆਪਣੇ ਨਾਪਾਕ ਮਨਸੂਬਿਆਂ 'ਚ ਕਦੇ ਕਾਮਯਾਬ ਨਹੀਂ ਹੋ ਸਕਣਗੇ। ਗੁਪਤਾ ਨੇ ਰਾਜ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਤੇ ਸੰਜੀਦਗੀ ਦਿਖਾਉਣ ਅਤੇ ਗੋਸਾਈਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਧਕੇਲਣ। 
ਇਸ ਮੌਕੇ ਪ੍ਰਦੇਸ਼ ਉਪ ਪ੍ਰਧਾਨ ਸੰਜੀਵ ਦੇਮ, ਮਨੋਜ ਟਿੰਕੂ, ਵਪਾਰ ਸੈਨਾ ਦੇ ਪ੍ਰਦੇਸ਼ ਪ੍ਰਧਾਨ ਚੰਦਰਕਾਂਤ ਚੱਡਾ, ਯੁਵਾ ਪ੍ਰਦੇਸ਼ ਸਹਿ ਇੰਚਾਰਜ ਮਨੀ ਸ਼ੇਰਾ, ਆਰ. ਟੀ. ਆਈ. ਸੇਲ ਦੇ ਪ੍ਰਦੇਸ਼ ਪ੍ਰਧਾਨ ਰਜਿੰਦਰ ਸਿੰਘ ਭਾਟੀਆ, ਮਜ਼ਦੂਰ ਸੈਨਾ ਦੇ ਪ੍ਰਦੇਸ਼ ਪ੍ਰਧਾਨ ਨਰਿੰਦਰ ਭਾਰਦਵਾਜ, ਜ਼ਿਲਾ ਚੇਅਰਮੈਨ ਚੰਦਰ ਕਾਲੜਾ, ਜ਼ਿਲਾ ਪ੍ਰਧਾਨ ਬੌਬੀ ਮਿਤਲ, ਆਰ. ਕੇ. ਭਾਟੀਆ, ਕੁਨਾਲ ਸੂਦ, ਰਾਹੁਲ ਧਵਨ, ਨਰਿੰਦਰ ਸ਼ਰਮਾ, ਨੀਰਜ ਅਰੋੜਾ, ਕੁਨਾਲ ਸ਼ਰਮਾ, ਮਾਨਕ ਸ਼ਰਮਾ ਆਦਿ ਮੌਜੂਦ ਸਨ।


Related News