ਸ਼੍ਰੋਮਣੀ ਕਮੇਟੀ ਨੇ ਕਰਫਿਊ ਦੌਰਾਨ ਫਸੇ ਲੋਕਾਂ ਨੂੰ ਘਰ ਭੇਜਣ ਦਾ ਕੀਤਾ ਪ੍ਰਬੰਧ
Sunday, Mar 29, 2020 - 12:07 AM (IST)
ਅੰਮ੍ਰਿਤਸਰ, (ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਫਿਊ ਦੌਰਾਨ ਫਸੇ ਲੋਕਾਂ ਨੂੰ ਘਰ-ਘਰ ਪਹੁੰਚਾਉਣ ਲਈ ਉਪਰਾਲਾ ਕੀਤਾ ਹੈ। ਕਰਫਿਊ ਕਾਰਣ ਸ੍ਰੀ ਦਰਬਾਰ ਸਾਹਿਬ ਵਿਖੇ ਪਿਛਲੇ ਕੁਝ ਦਿਨਾਂ ਤੋਂ ਠਹਿਰੇ ਸ਼ਰਧਾਲੂਆਂ ਸਮੇਤ ਹੋਰ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਬੱਸਾਂ ਰਾਹੀਂ ਭੇਜਿਆ ਗਿਆ ਹੈ, ਜਿਸ ਤਹਿਤ ਅੱਜ ਸ਼੍ਰੋਮਣੀ ਕਮੇਟੀ ਵੱਲੋਂ 4 ਬੱਸਾਂ ਵੱਖ-ਵੱਖ ਇਲਾਕਿਆਂ ਨੂੰ ਰਵਾਨਾ ਕੀਤੀਆਂ ਗਈਆਂ। ਇਨ੍ਹਾਂ ਬੱਸਾਂ ਨੂੰ ਤੋਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਆਦਿ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬੰਦ ਕਾਰਣ ਬੀਤੇ ਦਿਨਾਂ ਤੋਂ ਕੁਝ ਸ਼ਰਧਾਲੂ ਇਥੇ ਹੀ ਰੁਕੇ ਹੋਏ ਸਨ। ਇਸ ਤੋਂ ਇਲਾਵਾ ਸ਼ਹਿਰ ’ਚ ਰੁਕੇ ਕੁਝ ਹੋਰ ਲੋਕਾਂ ਨੇ ਵੀ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕੀਤੀ ਸੀ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਘਰ-ਘਰ ਭੇਜਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ। ਅੱਜ 4 ਬੱਸਾਂ ਰਵਾਨਾਂ ਕੀਤੀਆਂ ਗਈਆਂ, 5 ਬੱਸਾਂ 2 ਦਿਨ ਪਹਿਲਾਂ ਵੀ ਭੇਜੀਆਂ ਗਈਆਂ ਸਨ। ਅੱਜ ਭੇਜੀਆਂ ਬੱਸਾਂ ’ਚੋਂ 2 ਬੱਸਾਂ ਦਿੱਲੀ, ਇਕ ਸ਼ਾਹਜਹਾਨਪੁਰ ਅਤੇ ਇਕ ਬਠਿੰਡਾ ਲਈ ਸੰਗਤ ਲੈ ਕੇ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਕੁਝ ਲੋਕ ਗੁਜਰਾਤ ਦੇ ਵੀ ਸਨ। ਮੁੱਖ ਸਕੱਤਰ ਅਨੁਸਾਰ ਸ਼੍ਰੋਮਣੀ ਕਮੇਟੀ ਕੋਲ ਕੁਝ ਹੋਰ ਲੋਕਾਂ ਨੇ ਵੀ ਪਹੁੰਚ ਕੀਤੀ ਹੈ। ਅਜੇ ਕੁਝ ਬਿਹਾਰ ਦੀਆਂ ਸੰਗਤਾਂ ਨੂੰ ਵੀ ਸਰਾਵਾਂ ’ਚ ਠਹਿਰਾਇਆ ਗਿਆ ਹੈ। ਇਨ੍ਹਾਂ ਦਾ ਵੀ ਬਾਅਦ ’ਚ ਪ੍ਰਬੰਧ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਲੋਡ਼ਵੰਦਾਂ ਤੱਕ ਲੰਗਰ ਸੇਵਾਵਾਂ ਭੇਜਣ ਦਾ ਸਿਲਸਿਲਾ ਵੀ ਜਾਰੀ ਹੈ। ਅੱਜ ਵੀ ਰੋਜ਼ਾਨਾ ਵਾਂਗ ਸ੍ਰੀ ਦਰਬਾਰ ਸਾਹਿਬ ਤੋਂ ਵੱਖ-ਵੱਖ ਇਲਾਕਿਆਂ ਲਈ ਲੰਗਰ ਭੇਜਿਆ ਗਿਆ। ਵੱਖ-ਵੱਖ ਜ਼ਿਲਿਆਂ ’ਚ ਹੋਰ ਗੁਰਦੁਆਰਾ ਸਾਹਿਬਾਨ ਤੋਂ ਵੀ ਸੇਵਾ ਕਾਰਜ ਜਾਰੀ ਰਹੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਕੁਝ ਥਾਵਾਂ ’ਤੇ ਜਾ ਕੇ ਲੰਗਰ ਸੇਵਾਵਾਂ ਦਾ ਖੁਦ ਜਾਇਜ਼ਾ ਲਿਆ। ਸੰਗਰੂਰ ਅਤੇ ਬਰਨਾਲਾ ਨਾਲ ਸਬੰਧਤ ਇਲਾਕਿਆਂ ’ਚ ਭਾਈ ਲੌਂਗੋਵਾਲ ਨੇ ਲੰਗਰ ਦੀ ਸੇਵਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦਾ ਹੌਸਲਾ ਵਧਾਇਆ। ਉਨ੍ਹਾਂ ਖੁਦ ਵੀ ਲੋਕਾਂ ਨੂੰ ਲੰਗਰ ਵਰਤਾਇਆ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਪ੍ਰੇਰਨਾ ਕੀਤੀ। ਇਸੇ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਮਾਰਗਾਂ ਨੂੰ ਸੈਨੀਟਾਈਜ਼ ਕੀਤਾ ਗਿਆ। ਰਸਤਿਆਂ ਦੀ ਸਾਫ-ਸਫਾਈ ਵੀ ਕਰਵਾਈ ਗਈ। ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਮਾਰਗਾਂ ਸਮੇਤ ਪਾਰਕਾਂ, ਸਰਾਵਾਂ ਆਦਿ ਨੂੰ ਸੈਨੀਟਾਈਜ਼ ਕਰਨ ਲਈ ਛਿਡ਼ਕਾਅ ਕੀਤਾ ਗਿਆ ਹੈ।