ਸ਼ੈਲਰ ਮਾਲਕਾਂ ਨੇ ਕੁਆਲਿਟੀ ਯੂਨਿਟ ''ਤੇ ਲਗਾਏ ਖੱਜਲ ਖੁਆਰ ਕਰਨ ਦੇ ਦੋਸ਼

Thursday, Feb 15, 2018 - 04:52 PM (IST)

ਬਰੇਟਾ (ਬਾਂਸਲ) : ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਰੋੜਾਂ  ਰੁਪਏ ਦੀ ਜੀਰੀ ਮਿੰਲੀਗ ਲਈ ਸ਼ੈਲਰਾਂ 'ਚ ਸਟੋਰ ਕੀਤੀ ਗਈ ਹੈ ਪਰ ਐੱਫ.ਸੀ.ਆਈ. ਵਿਭਾਗ ਦੇ ਅਧਿਕਾਰੀਆਂ ਵੱਲੋਂ ਸਹਿਯੋਗ ਨਾ ਦੇਣ ਕਾਰਨ ਚਾਵਲਾਂ ਦੀ ਮਿਲਿੰਗ ਦਾ ਕੰਮ ਸਮੇਂ ਤੋਂ ਪਹਿਲਾ ਲਟਕ ਗਿਆ ਹੈ, ਜਿਸ ਖਿਲਾਫ ਬਰੇਟਾ ਦੇ ਸਮੂਹ ਸ਼ੈਲਰ ਮਾਲਕਾਂ ਵੱਲੋਂ ਐੱਫ.ਸੀ.ਆਈ. ਦੇ ਏਰੀਆ ਮੇਨੇਜਰ ਦਫਤਰ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜੀ ਕੀਤੀ ਗਈ। ਰਾਇਸ ਮਿੱਲ ਐਸੋਸੀਏਸ਼ਨ ਦੇ ਆਗੂ ਐਡਵੋਕੇਟ ਸੁਰਿੰਦਰ ਕੁਮਾਰ ਬਾਂਸਲ ਨੇ ਕਿਹਾ ਕਿ ਚਾਵਲਾ ਦੀ ਮਿਲਿੰਗ ਲਈ ਬਰੇਟਾ ਐੱਫ.ਸੀ.ਆਈ. ਡਿੱਪੂ 'ਚ ਨਿਰੀਖਣ ਅਧਿਕਾਰੀਆਂ ਦੀ ਲੰਬੇ ਸਮੇਂ ਤੋਂ ਘਾਟ ਹੋਣ ਕਾਰਨ ਮਿਲਿੰਗ ਦਾ ਕੰਮ ਕਾਫੀ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ 31 ਮਾਰਚ ਤੱਕ ਸਮੂਹ ਸ਼ੈਲਰ ਮਾਲਕਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਾਵਲਾਂ ਦੀ ਮਿਲਿੰਗ ਕਰਕੇ ਚਾਵਲ ਐੱਫ.ਸੀ.ਆਈ. ਨੂੰ ਸੋਪਣਾ ਹੈ ਪਰ ਹੁਣ ਤੱਕ 30 ਫੀਸਦੀ ਕੰਮ ਹੀ ਮੁਕੰਮਲ ਕੀਤਾ ਗਿਆ ਹੈ, ਜਿਸ ਕਾਰਨ ਸ਼ੈਲਰ ਸੰਨਤ ਨੂੰ ਜਿੱਥੇ ਆਰਥਿਕ ਤੌਰ 'ਤੇ ਮਾਰ ਝੱਲਣੀ ਪੈ ਰਹੀ ਹੈ, ਉਥੇ ਕਾਫੀ ਮੁਸ਼ਕਲਾਂ ਆ ਰਹੀਆ ਹਨ। ਉਨ੍ਹਾਂ ਕਿਹਾ ਕਿ ਟੈਕਨੀਕਲ ਅਧਿਕਾਰੀ ਨਮੀ ਦੀ ਆੜ ਹੇਠ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਨਿਰੀਖਣ ਅਧਿਕਾਰੀਆਂ ਦੀ ਸਮਰੱਥਾ 25 ਗੱਡੀ ਚਾਵਲ ਦਾ ਨਿਰੀਖਣ ਕਰਨਾ ਹੈ ਪਰ ਫਿਰ ਵੀ ਚਾਵਲਾਂ ਦੀ ਕੁਆਲਿਟੀ ਸਮੇਂ ਅਣਦੇਖੀ ਕੀਤੀ ਜਾਂਦੀ ਹੈ। ਉਨ੍ਹਾਂ ਐੱਫ. ਸੀ. ਆਈ. ਦੇ ਏਰੀਆਂ ਮੇਨੈਜਰ ਤੋਂ ਮੰਗ ਕੀਤੀ ਹੈ ਕਿ ਬਰੇਟਾ ਡਿੱਪੂ 'ਚ ਕੁਆਲਟੀ ਸਟਾਫ ਦੀ ਘਾਟ ਨੂੰ ਪੂਰਾ ਕਰਕੇ 31 ਮਾਰਚ ਤੋਂ ਪਹਿਲਾ ਚਾਵਲਾਂ ਦੀ ਮਿਲਿੰਗ ਦਾ ਕੰਮ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸੀਤਾ ਰਾਮ ਸਿੰਗਲਾ, ਤਰਸੇਮ ਗੋਇਲ, ਸੁਰੇਸ਼ ਕੁਮਾਰ, ਪਾਲ ਸਿੰਘ ਧਰਮਪੁਰਾ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਡੀ.ਐੱਮ. ਦੇ ਦਫਤਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
 


Related News