ਸ਼ਾਸਤਰੀ ਨਗਰ ਵਾਲੇ ਲੋਹੇ ਦੇ ਪੁਲ ਦੀ ਹਾਲਤ ਖਸਤਾ

Friday, Mar 09, 2018 - 01:28 AM (IST)

ਸ਼ਾਸਤਰੀ ਨਗਰ ਵਾਲੇ ਲੋਹੇ ਦੇ ਪੁਲ ਦੀ ਹਾਲਤ ਖਸਤਾ

ਬਟਾਲਾ,  (ਬੇਰੀ)-  ਸੇਂਟ ਫਰਾਂਸਿਸ ਸਕੂਲ ਦੀ ਬੈਕਸਾਈਡ 'ਤੇ ਸ਼ਾਸਤਰੀ ਨਗਰ ਕਾਲੋਨੀ ਦੇ ਕੋਲ ਬਣੇ ਲੋਹੇ ਵਾਲੇ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਸ਼ਹਿਰੀਆਂ ਅਤੇ ਰਾਹਗੀਰਾਂ 'ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਦਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। 
ਇਸ ਸਬੰਧੀ ਬੀਤੇ ਦਿਨ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਸਥਾਨਕ ਲੋਕਾਂ ਨੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਸ ਪੁਲ ਦਾ ਨਿਰਮਾਣ ਆਮ ਲੋਕਾਂ ਦੇ ਗੁਜ਼ਰਨ ਲਈ ਕਰਵਾਇਆ ਗਿਆ ਸੀ ਪਰ ਇਸ ਪੁਲ ਤੋਂ ਫੋਰ-ਵ੍ਹੀਲਰ ਅਤੇ ਭਾਰੀ ਵਾਹਨ ਦੇ ਗੁਜ਼ਰਨ ਨਾਲ ਇਹ ਪੁਲ ਟੁੱਟਦਾ ਜਾ ਰਿਹਾ ਹੈ, ਜਿਸ ਕਾਰਨ ਕਈ ਵਾਰ ਵਾਹਨ ਇਸ 'ਚ ਫਸ ਚੁੱਕੇ ਹਨ ਅਤੇ ਵਾਹਨ ਚਾਲਕ ਡਿੱਗ ਕੇ ਸੱਟਾਂ ਵੀ ਲਗਵਾ ਚੁੱਕੇ ਹਨ। ਇਸ ਲਈ ਸਾਡੀ ਮੰਗ ਹੈ ਕਿ ਇਸ ਪੁਲ ਦਾ ਨਿਰਮਾਣ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ। 
ਇਸ ਦੌਰਾਨ ਵਿਧਾਇਕ ਲਾਡੀ ਨੇ ਪੁਲ ਦਾ ਜਾਇਜ਼ਾ ਲੈਣ ਦੇ ਬਾਅਦ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਸ ਪੁਲ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਸ਼ਹਿਰੀਆਂ ਨੂੰ ਕੋਈ ਪ੍ਰੇਸ਼ਾਨੀ ਆਦਿ ਪੇਸ਼ ਨਹੀਂ ਆਉਣ ਦੇਵਾਂਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲ ਕਰ ਕੇ ਸਮੂਚਾ ਮਸਲਾ ਉਨ੍ਹਾਂ ਦੇ ਸਾਹਮਣੇ ਚੁੱਕਿਆ ਜਾਵੇਗਾ ਤਾਂ ਜੋ ਜਲਦ ਤੋਂ ਜਲਦ ਇਸ ਲੋਹੇ ਵਾਲੇ ਪੁਲ ਦਾ ਫਿਰ ਨਿਰਮਾਣ ਕਰਵਾਇਆ ਜਾ ਸਕੇ। ਇਸ ਮੌਕੇ ਸੇਂਟ ਫਰਾਂਸਿਸ ਸਕੂਲ ਦੇ ਪ੍ਰਿੰ. ਜੋਸਫ ਵੀ ਹਾਜ਼ਰ ਸਨ। 


Related News