ਬੰਗਾ ਤੇ ਸਰਾਰੇ ਰੋਡ ਦੇ ਕਈ ਦੁਕਾਨਦਾਰਾਂ ਨੂੰ ਨਗਰ ਨਿਗਮ ਵੱਲੋਂ ਨੋਟਿਸ ਜਾਰੀ, ਕਬਜ਼ੇ ਹਟਾਉਣ ਦੇ ਹੁਕਮ
Thursday, Aug 06, 2026 - 01:51 AM (IST)
ਫਗਵਾੜਾ (ਜਲੋਟਾ) : ਹਲਕੀ ਜਿਹੀ ਬਾਰਿਸ਼ ਹੋਣ ਕਾਰਨ ਸ਼ਹਿਰ ਦੇ ਮੁੱਖ ਵਪਾਰਕ ਖੇਤਰ ਬੰਗਾ ਰੋਡ ’ਤੇ ਸਥਿਤ ਚੱਢਾ ਮਾਰਕੀਟ ’ਚ ਜਲ-ਭਰਾਅ ਦੀ ਗੰਭੀਰ ਜਨ-ਸਮੱਸਿਆ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਨੇ ਹੁਣ ਬੇਹੱਦ ਸਖ਼ਤ ਰੁੱਖ ਅਪਣਾਉਂਦੇ ਹੋਏ ਬੰਗਾ ਰੋਡ, ਚੱਢਾ ਮਾਰਕੀਟ ਦੇ ਦੁਕਾਨਦਾਰਾਂ ਨੂੰ ਅਧਿਕਾਰਤ ਤੌਰ ’ਤੇ ਨਵੇਂ ਸਿਰੇ ਤੋਂ ਨੋਟਿਸ ਜਾਰੀ ਕਰ ਦਿੱਤੇ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਮੇਅਰ ਰਾਮਪਾਲ ਉੱਪਲ ਅਤੇ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਉਕਤ ਜਨ-ਸਮੱਸਿਆ ਦਾ ਹਰ ਹਾਲ ’ਚ ਪੱਕਾ ਹੱਲ ਕੀਤਾ ਜਾਵੇਗਾ। ਨਿਗਮ ਪ੍ਰਸ਼ਾਸਨ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਦੁਕਾਨਾਂ ਦੇ ਬਾਹਰ ਬਣਾਏ ਗਏ ਨਾਜਾਇਜ਼ ਥੜ੍ਹੇ, ਰੈਂਪ ਜਾਂ ਹੋਰ ਗੈਰ-ਕਾਨੂੰਨੀ ਨਿਰਮਾਣ ਨਾਲੀਆਂ ਦੀ ਸਾਫ ਸਫ਼ਾਈ ਅਤੇ ਗੰਦੇ ਪਾਣੀ ਦੀ ਨਿਕਾਸੀ ’ਚ ਰੁਕਾਵਟ ਬਣ ਰਹੇ ਹਨ, ਉਨ੍ਹਾਂ ਨੂੰ ਨੋਟਿਸ ’ਚ ਦਿੱਤੇ ਗਏ ਮਿਥੇ ਸਮੇਂ ਦੇ ਅੰਦਰ ਖ਼ੁਦ ਹਟਾਇਆ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਨਗਰ ਨਿਗਮ ਆਪਣੇ ਪੱਧਰ ’ਤੇ ਕਾਰਵਾਈ ਕਰਦੇ ਹੋਏ ਇਹ ਨਾਜਾਇਜ਼ ਨਿਰਮਾਣ ਹਟਾਏਗਾ ਅਤੇ ਇਸ ਦਾ ਸਾਰਾ ਖ਼ਰਚਾ ਵੀ ਸਬੰਧਤ ਦੁਕਾਨਦਾਰਾਂ ਤੋਂ ਹੀ ਵਸੂਲਿਆ ਜਾਵੇਗਾ।
ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਹੋਈ ਹਲਕੀ ਬਾਰਿਸ਼ ਕਾਰਨ ਚੱਢਾ ਮਾਰਕੀਟ, ਬੰਗਾ ਰੋਡ ਆਦਿ ਸਮੇਤ ਆਲੇ-ਦੁਆਲੇ ਦੇ ਖੇਤਰਾਂ ’ਚ ਗੰਦਾ ਪਾਣੀ ਜਮ੍ਹਾਂ ਹੋਣ ਨਾਲ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਚੱਢਾ ਮਾਰਕੀਟ ’ਚ ਜਲ-ਭਰਾਅ ਦੀ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਕਈ ਦੁਕਾਨਾਂ ਨੂੰ ਮਜਬੂਰੀਵੱਸ ਬੀਤੇ ਦੋ ਦਿਨ ਬੰਦ ਰੱਖਣਾ ਪਿਆ। ਬਾਜ਼ਾਰ ’ਚ ਗੋਡਿਆਂ ਤੱਕ ਭਰੇ ਪਾਣੀ ਕਾਰਨ ਗਾਹਕਾਂ ਦੀ ਆਵਾਜਾਈ ਪ੍ਰਭਾਵਿਤ ਰਹੀ, ਜਿਸ ਨਾਲ ਵਪਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਚੁੱਕਣਾ ਪਿਆ। ਬੱਸ ਸਟੈਂਡ ਤੋਂ ਮੇਨ ਬਾਜ਼ਾਰ ਵੱਲ ਆਉਣ ਵਾਲੇ ਲੋਕਾਂ, ਸਕੂਲੀ ਵਿਦਿਆਰਥਣਾਂ ਨੂੰ ਵੀ ਜਲ-ਭਰਾਅ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਪੈਦਲ ਚੱਲਣਾ ਤੱਕ ਮੁਸ਼ਕਿਲ ਹੋ ਗਿਆ। ਦੱਸ ਦੇਈਏ ਕਿ ਇਸ ਗੰਭੀਰ ਜਨ-ਸਮੱਸਿਆ ਨੂੰ ਲੈ ਕੇ ਪ੍ਰਭਾਵਿਤ ਦੁਕਾਨਦਾਰਾਂ ਦੇ ਇਕ ਵਫ਼ਦ ਨੇ ਮੇਅਰ ਰਾਮਪਾਲ ਉੱਪਲ ਅਤੇ ਨਗਰ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਨਾਲ ਮੁਲਾਕਾਤ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 4 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ
ਵਪਾਰੀਆਂ ਨੇ ਅਧਿਕਾਰੀਆਂ ਸਾਹਮਣੇ ਮੰਗ ਰੱਖੀ ਕਿ ਵਰ੍ਹਿਆਂ ਤੋਂ ਚੱਲੀ ਆ ਰਹੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਸਰਕਾਰੀ ਨਾਲਿਆਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਅਤੇ ਰੁਕਾਵਟਾਂ ਨੂੰ ਸਰਕਾਰੀ ਤੌਰ ’ਤੇ ਤੁਰੰਤ ਹਟਾਇਆ ਜਾਵੇ। ਦੁਕਾਨਦਾਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕਈ ਥਾਵਾਂ ’ਤੇ ਨਾਲੀਆਂ ਦੇ ਉੱਪਰ ਪੱਕੇ ਨਿਰਮਾਣ ਕਰ ਦਿੱਤੇ ਗਏ ਹਨ ਅਤੇ ਕੁੱਝ ਲੋਕਾਂ ਨੇ ਨਿਗਮ ਦੇ ਸਰਕਾਰੀ ਗੰਦੇ ਨਾਲਿਆਂ ਦੇ ਅੰਦਰ ਵੀ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ, ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ। ਨਗਰ ਨਿਗਮ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪਾਇਆ ਕਿ ਕਈ ਦੁਕਾਨਾਂ ਦੇ ਬਾਹਰ ਬਣਾਏ ਗਏ ਥੜ੍ਹੇ ਅਤੇ ਹੋਰ ਨਿਰਮਾਣ ਨਾਲੀਆਂ ਦੀ ਨਿਯਮਤ ਸਫ਼ਾਈ ’ਚ ਸਭ ਤੋਂ ਵੱਡੀ ਰੁਕਾਵਟ ਬਣ ਰਹੇ ਹਨ। ਇਸੇ ਦੇ ਮੱਦੇਨਜ਼ਰ ਸਬੰਧਤ ਦੁਕਾਨਦਾਰਾਂ ਨੂੰ ਨਿਗਮ ਨੇ ਨੋਟਿਸ ਜਾਰੀ ਕਰਕੇ ਮਿਥੇ ਸਮੇਂ ਅੰਦਰ ਨਾਜਾਇਜ਼ ਨਿਰਮਾਣ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਾਲਿਆਂ ਦੀ ਸਫ਼ਾਈ ਅਤੇ ਜਲ ਨਿਕਾਸੀ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਇਹ ਕਾਰਵਾਈ ਲਾਜ਼ਮੀ ਹੈ ਤਾਂ ਜੋ ਭਵਿੱਖ ''ਚ ਬਾਰਿਸ਼ ਦੌਰਾਨ ਬਾਜ਼ਾਰਾਂ ''ਚ ਜਲ-ਭਰਾਅ ਦੀ ਸਥਿਤੀ ਪੈਦਾ ਨਾ ਹੋਵੇ।
ਨਗਰ ਨਿਗਮ ਪ੍ਰਸ਼ਾਸਨ ਨੇ ਇਹ ਵੀ ਕਿਹਾ ਹੈ ਕਿ ਗੰਦੇ ਪਾਣੀ ਦੀਆਂ ਨਾਲੀਆਂ ਦੀ ਵਿਸ਼ੇਸ਼ ਸਾਫ਼-ਸਫ਼ਾਈ, ਨਾਜਾਇਜ਼ ਪੱਕੇ ਕਬਜੇ ਹਟਾਉਣ ਅਤੇ ਜਲ ਨਿਕਾਸੀ ''ਚ ਰੁਕਾਵਟ ਬਣਨ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਪਹਿਲ ਦੇ ਆਧਾਰ ’ਤੇ ਖ਼ਤਮ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਪਾਰਕ ਖੇਤਰਾਂ ’ਚ ਸਵੱਛ ਅਤੇ ਸੁਰੱਖਿਅਤ ਵਾਤਾਵਰਣ ਉਪਲਬਧ ਕਰਵਾਉਣਾ ਨਿਗਮ ਦੀ ਪਹਿਲ ਹੈ ਅਤੇ ਇਸ ਦਿਸ਼ਾ ’ਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੂਜੇ ਪਾਸੇ ਕਈ ਵਪਾਰੀਆਂ ਨੇ ਵੀ ਪ੍ਰਸ਼ਾਸਨ ਦੇ ਇਸ ਕਦਮ ਦਾ ਦਿਲੋਂ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਜੇਕਰ ਨਿਰਪੱਖ ਅਤੇ ਸਮਾਨ ਰੂਪ ਨਾਲ ਕਾਰਵਾਈ ਕੀਤੀ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਜਲ-ਭਰਾਅ ਦੀ ਸਮੱਸਿਆ ਦਾ ਸਥਾਈ ਹੱਲ ਸੰਭਵ ਹੋ ਸਕੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਕੇਵਲ ਦੁਕਾਨਦਾਰਾਂ ''ਤੇ ਕਾਰਵਾਈ ਕਰਨ ਦੀ ਬਜਾਏ ਸਰਕਾਰੀ ਨਾਲਿਆਂ ''ਤੇ ਹੋਏ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਵੀ ਉੰਨਾ ਹੀ ਜ਼ਰੂਰੀ ਹੈ। ਵਪਾਰੀਆਂ ਨੇ ਉਮੀਦ ਜਤਾਈ ਕਿ ਨਗਰ ਨਿਗਮ ਪ੍ਰਸ਼ਾਸਨ ਆਪਣੇ ਭਰੋਸੇ ਮੁਤਾਬਕ ਜਲਦ ਪ੍ਰਭਾਵੀ ਕਦਮ ਚੁੱਕੇਗਾ, ਜਿਸ ਨਾਲ ਆਗਾਮੀ ਬਾਰਿਸ਼ ਦੌਰਾਨ ਚੱਢਾ ਮਾਰਕੀਟ, ਬੰਗਾ ਰੋਡ ਅਤੇ ਸਰਾਰੇ ਰੋਡ ''ਚ ਜਲ-ਭਰਾਅ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲ ਸਕੇਗੀ ਅਤੇ ਵਪਾਰਕ ਗਤੀਵਿਧੀਆਂ ਆਮ ਵਾਂਗ ਚੱਲ ਸਕਣਗੀਆਂ।
ਇਹ ਵੀ ਪੜ੍ਹੋ: ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਨਗਰ ਨਿਗਮ ਵੱਲੋਂ ਜਾਰੀ ਨਵੇਂ ਨੋਟਿਸ ’ਚ ਸਾਫ ਤੌਰ ’ਤੇ ਕਿਹਾ ਗਿਆ ਹੈ ਕਿ ਬੰਗਾ ਰੋਡ ਅਤੇ ਸਰਾਏ ਰੋਡ ’ਤੇ ਅਨੇਕਾਂ ਥਾਵਾਂ ’ਤੇ ਜਨਤਕ ਗੰਦੀ ਨਾਲੀਆਂ ਨੂੰ ਨਾਜਾਇਜ਼ ਤਰੀਕੇ ਨਾਲ ਢੱਕ ਦਿੱਤਾ ਗਿਆ ਹੈ ਜਾਂ ਉਨ੍ਹਾਂ 'ਤੇ ਪੱਕੇ ਨਿਰਮਾਣ ਕਰ ਦਿੱਤੇ ਗਏ ਹਨ। ਇਨ੍ਹਾਂ ਰੁਕਾਵਟਾਂ ਕਾਰਨ ਨਾਲੀਆਂ ਦੀ ਨਿਯਮਤ ਸਫ਼ਾਈ ਅਤੇ ਰੱਖ-ਰਖਾਅ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਬਾਰਿਸ਼ ਦੇ ਸਮੇਂ ਵਰਖਾ ਦੇ ਪਾਣੀ ਦੀ ਕੁਦਰਤੀ ਨਿਕਾਸੀ ਰੁਕ ਜਾਂਦੀ ਹੈ ਅਤੇ ਸੜਕਾਂ ''ਤੇ ਲੰਮੇ ਸਮੇਂ ਤੱਕ ਪਾਣੀ ਜਮ੍ਹਾਂ ਰਹਿੰਦਾ ਹੈ। ਜਲ-ਭਰਾਅ ਕਾਰਨ ਨਾ ਕੇਵਲ ਆਮ ਲੋਕਾਂ ਅਤੇ ਵਪਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਬਲਕਿ ਸੜਕਾਂ ਵੀ ਖ਼ਰਾਬ ਹੋ ਰਹੀਆਂ ਹਨ। ਨਿਗਮ ਪ੍ਰਸ਼ਾਸਨ ਨੇ ਇਹ ਵੀ ਕਿਹਾ ਹੈ ਕਿ ਨਾਲੀਆਂ ’ਤੇ ਕੀਤੇ ਗਏ ਨਾਜਾਇਜ਼ ਨਿਰਮਾਣਾਂ ਕਾਰਨ ਸਫ਼ਾਈ ਕਰਮਚਾਰੀਆਂ ਨੂੰ ਆਪਣਾ ਕੰਮ ਕਰਨ ’ਚ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਥਾਵਾਂ ’ਤੇ ਨਾਲੀਆਂ ਤੱਕ ਪਹੁੰਚ ਹੀ ਸੰਭਵ ਨਹੀਂ ਹੋ ਪਾਉਂਦੀ, ਜਿਸ ਦੇ ਚੱਲਦਿਆਂ ਗੰਦਗੀ ਜਮ੍ਹਾਂ ਹੁੰਦੀ ਹੈ ਅਤੇ ਜਲ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ। ਇਸ ਨਾਲ ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਵੀ ਮਾੜਾ ਅਸਰ ਪੈਂਦਾ ਹੈ।
ਨੋਟਿਸ ਅਨੁਸਾਰ ਸਬੰਧਤ ਦੁਕਾਨਦਾਰਾਂ ਨੂੰ ਪਹਿਲਾਂ ਵੀ ਪੱਤਰ ਸੰਖਿਆ 3228 ਮਿਤੀ 6 ਸਤੰਬਰ 2025 ਦੇ ਮਾਧਿਅਮ ਨਾਲ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਕਈ ਥਾਵਾਂ ’ਤੇ ਨਾਜਾਇਜ਼ ਨਿਰਮਾਣ ਨਹੀਂ ਹਟਾਏ ਗਏ। ਹੁਣ ਨਿਗਮ ਨੇ ਇਸ ਨੂੰ ਅੰਤਿਮ ਚੇਤਾਵਨੀ ਦਿੰਦੇ ਹੋਏ ਤਿੰਨ ਦਿਨਾਂ ਦੇ ਅੰਦਰ ਸਥਿਤੀ ਸੁਧਾਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਨਾਲੀਆਂ ਦੀ ਸਫ਼ਾਈ ਅਤੇ ਰੱਖ-ਰਖਾਅ ਬਿਨਾਂ ਕਿਸੇ ਰੁਕਾਵਟ ਦੇ ਕੀਤਾ ਜਾ ਸਕੇ। ਨਗਰ ਨਿਗਮ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਿਥੇ ਸਮੇਂ ਅੰਦਰ ਨਾਜਾਇਜ਼ ਨਿਰਮਾਣ ਨਾ ਹਟਾਏ ਗਏ ਤਾਂ ਨਿਗਮ ਆਪਣੇ ਪੱਧਰ ’ਤੇ ਕਾਰਵਾਈ ਕਰੇਗਾ। ਇਸ ਦੌਰਾਨ ਨਾਜਾਇਜ਼ ਢਾਂਚੇ ਹਟਾਉਣ, ਮਲਬਾ ਚੁੱਕਣ, ਖ਼ਰਚੇ ਦੀ ਵਸੂਲੀ ਅਤੇ ਜ਼ਰੂਰੀ ਜੁਰਮਾਨਾ ਲਗਾਉਣ ਦੀ ਕਾਰਵਾਈ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ ਤਹਿਤ ਕੀਤੀ ਜਾਵੇਗੀ। ਇਸ ਨੋਟਿਸ ਨੂੰ ਅੰਤਿਮ ਸਮਝਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
