ਸ੍ਰੀ ਮੁਕਤਸਰ ਸਾਹਿਬ ਦੇ ਟਰਾਂਸਪੋਰਟ ਦੇ ਘਰ ਛਾਪਾਮਾਰੀ, ਜਾਣੋ ਕੀ ਹੈ ਪੂਰਾ ਮਾਮਲਾ

Wednesday, Aug 05, 2026 - 05:44 PM (IST)

ਸ੍ਰੀ ਮੁਕਤਸਰ ਸਾਹਿਬ ਦੇ ਟਰਾਂਸਪੋਰਟ ਦੇ ਘਰ ਛਾਪਾਮਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਆਰ.ਟੀ.ਏ. ਫਿਰੋਜ਼ਪੁਰ ਦੇ ਨਾਂ ’ਤੇ ਟਰਾਂਸਪੋਰਟਰਾਂ ਤੋਂ ਗੈਰ-ਕਾਨੂੰਨੀ ਉਗਰਾਹੀ (ਰਿਸ਼ਵਤਖੋਰੀ) ਦੇ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਵਿਜੀਲੈਂਸ ਬਿਊਰੋ (ਫਲਾਇੰਗ ਸਕੁਐਡ-1, ਮੋਹਾਲੀ) ਨੇ ਅਦਾਲਤ ਵੱਲੋਂ ਜਾਰੀ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਮੁਕਤਸਰ ਜ਼ਿਲ੍ਹੇ ’ਚ ਇਕ ਟਰਾਂਸਪੋਰਟਰ ਦੇ ਮੁਕਤਸਰ ਲਾਗਲੇ ਪਿੰਡ ਵਿਖੇ ਸਥਿਤ ਘਰ ਅਤੇ ਬੱਸ ਅੱਡਾ ਮੁਕਤਸਰ ਲਾਗਲੇ ਦਫਤਰ ’ਤੇ ਛਾਪਾਮਾਰੀ ਕੀਤੀ। ਛਾਪਾਮਾਰੀ ਦੌਰਾਨ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਤਾਂ ਨਹੀਂ ਹੋਈ ਪਰ ਕੁੱਝ ਕਾਗਜ਼ਾਤ ਜ਼ਰੂਰ ਟੀਮ ਦੇ ਹੱਥ ਲੱਗੇ ਹਨ।ਵਿਜੀਲੈਂਸ ਅਧਿਕਾਰੀਆਂ ਅਨੁਸਾਰ ਇਸ ਸਾਜ਼ਿਸ਼ ਵਿਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਮਾਮਲੇ ਨਾਲ ਸਬੰਧਤ ਹੋਰ ਠੋਸ ਸਬੂਤ ਇਕੱਠੇ ਕਰਨ ਲਈ ਜਾਂਚ ਤੇਜ਼ੀ ਨਾਲ ਜਾਰੀ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੂੰ ਮਾਨਸਾ ਦੇ ਇਕ ਟਰਾਂਸਪੋਰਟ ਵੱਲੋਂ ਸ਼ਕਾਇਤ ਕੀਤੀ ਗਈ ਕਿ ਕੋਟਕਪੂਰਾ (ਫਰੀਦਕੋਟ) ਦਾ ਰਹਿਣ ਵਾਲਾ ਬਾਜ ਸਿੰਘ ਉਸ ਕੋਲੋਂ ਆਰ ਟੀ ਏ ਫਿਰੋਜ਼ਪੁਰ ਦੇ ਅਧਿਕਾਰ ਖੇਤਰ ਜਿਸ ਵਿਚ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਤੇ ਫਾਜ਼ਿਲਕਾ ਜ਼ਿਲ੍ਹੇ ਸ਼ਾਮਲ ਹਨ, ਵਿਚ ਟਰੱਕ ਤੇ ਹੋਰ ਵਾਹਨ ਚਲਾਉਣ ਲਈ 12 ਸੌ ਰੁਪਏ ਪ੍ਰਤੀ ਗੱਡੀ ਦੇ ਰਿਸ਼ਵਤ ਵਜੋਂ ਮੰਗਦਾ ਹੈ। ਜੇ ਬਾਜ ਸਿੰਘ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਉਹ ਗੱਡੀਆਂ ਦਾ ਭਾਰੀ ਰਕਮ ਦਾ ਚਲਾਨ ਕਰ ਦਿੰਦਾ ਹੈ। ਇਸ ਸ਼ਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਬਠਿੰਡਾ ਵਿਖੇ ਬਾਜ ਸਿੰਘ ਨੂੰ ਟਰਾਂਸਪੋਰਟਰ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਅਦਾਲਤ ’ਚ ਪੇਸ਼ ਕੀਤਾ। ਪੁੱਛਗਿੱਛ ਦੌਰਾਨ ਉਸਨੇ ਮੁਕਤਸਰ ਦੇ ਇਕ ਟਰਾਂਸਪੋਰਟਰ ਦੀ ਜਾਣਕਾਰੀ ਦਿੱਤੀ ਜਿਹੜੇ ਆਰਟੀਏ ਦੇ ਨਾਂ ’ਤੇ ਰਿਸ਼ਵਤ ਦਾ ਧੰਦਾ ਕਰਦਾ ਹੈ।
ਵਿਜੀਲੈਂਸ ਬਿਊਰੋ ਨੇ ਇਸ ਵਿਅਕਤੀ ਨੂੰ ਕੇਸ ਵਿਚ ਨਾਮਜ਼ਦ ਕਰਦਿਆਂ ਪੇਸ਼ ਹੋਣ ਲਈ ਸੰਮਨ ਭੇਜੇ ਪਰ ਮੁਲਜ਼ਮ ਵੱਲੋਂ ਸ਼ਾਮਲ ਨਾ ਹੋਣ ’ਤੇ ਹੁਣ ਬਿਊਰੋ ਉਸਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕਰ ਰਿਹਾ ਹੈ। ਇਸ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਆਰ ਟੀ ਏ ਫਿਰੋਜ਼ਪੁਰ ਦੇ ਨਾਂ ’ਤੇ ਰਿਸ਼ਵਤ ਲੈਣ ਸਬੰਧੀ ਕੋਈ ਮਾਮਲਾ ਹੋਵੇ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।


author

Gurminder Singh

Content Editor

Related News