ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੱਤਿਆ ਦੀ ਕੋਸ਼ਿਸ਼ ਤਹਿਤ ਕੇਸ ਦਰਜ

08/21/2018 6:20:39 AM

ਜਲੰਧਰ,  (ਸ਼ੋਰੀ)-  ਬੀਤੀ ਦੇਰ ਰਾਤ ਬਸਤੀ ਦਾਨਿਸ਼ਮੰਦਾਂ ਦੀ ਦੁਸਹਿਰਾ ਗਰਾਊਂਡ ਕੋਲ  ਫੈਕਟਰੀ ਤੋਂ ਕੰਮ ਖਤਮ ਕਰ ਕੇ ਪੈਦਲ ਘਰ ਜਾ ਰਹੇ  ਨੌਜਵਾਨ ’ਤੇ 2 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸਦੇ ਸਿਰ ਤੇ  ਸਰੀਰ ’ਤੇ ਕਈ ਵਾਰ ਕੀਤੇ ਤੇ ਉਸਨੂੰ ਖੂਨ ਨਾਲ ਲੱਥਪੱਥ ਬੇਹੋਸ਼ੀ ਦੀ ਹਾਲਤ ਵਿਚ ਛੱਡ ਕੇ  ਫਰਾਰ ਹੋ ਗਏ। ਜ਼ਖਮੀ ਰਾਹੁਲ ਪੁੱਤਰ ਨਿਰਮਲ ਵਾਸੀ ਨਿਊ ਰਸੀਲਾ ਨਗਰ ਬਸਤੀ ਦਾਨਿਸ਼ਮੰਦਾਂ  ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਾਹੁਲ ਨੇ ਦੱਸਿਆ ਕਿ ਮਾਂ-ਬਾਪ ਦੀ ਮੌਤ ਹੋਣ  ਤੋਂ ਬਾਅਦ ਉਹ ਆਪਣੀ ਦਾਦੀ ਨਾਲ ਕਿਰਾਏ ਦੇ ਮਕਾਨ ਵਿਚ ਰਹਿਣ ਲੱਗਾ ਤੇ ਫੈਕਟਰੀ ਵਿਚ ਕੰਮ  ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। 
 ਰਾਤ ਨੂੰ ਉਹ ਘਰ ਵਾਪਸ ਜਾ ਰਿਹਾ ਸੀ ਕਿ ਅਚਾਨਕ  ਦੋ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਕਤ ਨੌਜਵਾਨਾਂ ਉਹ ਨਹੀਂ ਜਾਣਦਾ ਤੇ ਨਾ ਹੀ  ਸਾਹਮਣੇ ਆਉਣ ’ਤੇ ਪਛਾਣ ਸਕਦਾ ਹੈ। ਉਥੇ ਥਾਣਾ ਨੰਬਰ 5 ਦੇ ਐੈੱਸ. ਐੱਚ. ਓ. ਨਿਰਮਲ  ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ  ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਪੁਲਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ  ਮਾਮਲਾ ਟ੍ਰੇਸ ਕਰ ਲਵੇਗੀ। 
ਪ੍ਰੇਮ ਪ੍ਰਸੰਗਾਂ ਦੀ ਰਹੀ ਚਰਚਾ
ਉਥੇ  ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਹੁਲ  ਦਾ ਮੰਗੂ ਬਸਤੀ ਵਾਸੀ ਕਿਸੇ ਲੜਕੀ ਨਾਲ ਅਫੇਅਰ ਸੀ ਤੇ ਹੁਣ ਦੋਵਾਂ ਵਿਚ ਅਣਬਣ ਹੈ। ਉਕਤ  ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਸੀ ਤੇ ਰਾਹੁਲ ਨੂੰ ਪਹਿਲਾਂ ਵੀ ਧਮਕੀਆਂ  ਮਿਲ ਚੁੱਕੀਆਂ ਹਨ। ਪੁਲਸ ਉਨ੍ਹਾਂ ਨੂੰ ਵੀ ਜਾਂਚ ਵਿਚ ਸ਼ਾਮਲ ਕਰਨ ਦੀ ਤਿਆਰੀ ਵਿਚ ਹੈ। 
 


Related News