ਕੋਟਕਪੂਰਾ ਪੁਲਸ ਵੱਲੋਂ ਲੁੱਟ ਦੀ ਯੋਜਨਾ ਬਣਾ ਰਹੇ ਗੈਂਗ ਦੇ ਚਾਰ ਮੈਂਬਰ ਹਥਿਆਰਾਂ ਸਮੇਤ ਗ੍ਰਿਫਤਾਰ
Saturday, May 02, 2026 - 06:05 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਥਾਣਾ ਸਦਰ ਕੋਟਕਪੂਰਾ ਅਧੀਨ ਆਉਂਦੀ ਪੁਲਸ ਚੌਂਕੀ ਪੰਜਗਰਾਈ ਕਲਾਂ ਨੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਇਕ ਗੈਂਗ ਦੇ ਚਾਰ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਪਿੰਡ ਢਿੱਲਵਾਂ ਕਲਾਂ ਨਿਵਾਸੀ ਰੋਮੀਓ, ਪਿੰਡ ਪੰਜਗਰਾਈ ਕਲਾਂ ਨਿਵਾਸੀ ਅਵਤਾਰ ਸਿੰਘ, ਕੋਟਕਪੂਰਾ ਨਿਵਾਸੀ ਅਜੇ ਅਤੇ ਪਿੰਡ ਕੋਠੇ ਧਾਲੀਵਾਲ ਨਿਵਾਸੀ ਰਜਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਚੌਂਕੀ ਪੰਜਗਰਾਈ ਕਲਾਂ ਦੀ ਟੀਮ ਏ.ਐਸ.ਆਈ ਸੁਖਚੈਨ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ ਅਤੇ ਇਸ ਵੇਲੇ ਡੇਰਾ ਬਾਬਾ ਪ੍ਰੇਮ ਦਾਸ ਦੇ ਨੇੜੇ ਸਫੈਦਿਆਂ ਦੀ ਆੜ ਵਿਚ ਲੁਕ ਕੇ ਬੈਠੇ ਹਨ ਅਤੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਸੂਚਨਾ ਦੇ ਆਧਾਰ ''ਤੇ ਪੁਲਸ ਨੇ ਤੁਰੰਤ ਛਾਪੇਮਾਰੀ ਕਰਕੇ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ ਇਕ ਕਾਪਾ, ਇਕ ਕਿਰਪਾਨ ਤੇ ਲੱਕੜੀ ਦਾ ਦਸਤਾ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਇਸ ਸਬੰਧੀ ਡੀ.ਐਸ.ਪੀ ਕੋਟਕਪੂਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਚਾਰਾਂ ਵਿੱਚੋਂ ਦੋ ਮੁਲਜ਼ਮਾਂ ਖ਼ਿਲਾਫ ਪਹਿਲਾਂ ਵੀ ਕੇਸ ਦਰਜ ਹਨ ਅਤੇ ਹੁਣ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਵੱਲੋਂ ਇਲਾਕੇ ਵਿੱਚ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ।
