ਰਿਸ਼ੀ ਨਗਰ ''ਚ ਚੱਲੀਆਂ ਗੋਲੀਆਂ: ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਤੇ ਪਰਿਵਾਰ ''ਤੇ ਜਾਨਲੇਵਾ ਹਮਲਾ

Tuesday, May 05, 2026 - 07:33 AM (IST)

ਰਿਸ਼ੀ ਨਗਰ ''ਚ ਚੱਲੀਆਂ ਗੋਲੀਆਂ: ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਤੇ ਪਰਿਵਾਰ ''ਤੇ ਜਾਨਲੇਵਾ ਹਮਲਾ

ਜਲੰਧਰ (ਜ.ਬ.) : ਰੇਲਵੇ ਸਟੇਸ਼ਨ ਨਜ਼ਦੀਕ ਰਿਸ਼ੀ ਨਗਰ ਵਿਚ ਐਤਵਾਰ ਰਾਤ ਨੂੰ ਪੁਰਾਣੀ ਰੰਜਿਸ਼ ਕਾਰਨ ਕੁਝ ਨੌਜਵਾਨਾਂ ਨੇ ਭਗਵਾਨ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਦੇ ਪ੍ਰਧਾਨ ਅਜੈ ਖੋਸਲਾ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਹਿਲਾਂ ਪੱਥਰਬਾਜ਼ੀ ਅਤੇ ਸੋਢੇ ਦੀਆਂ ਬੋਤਲਾਂ ਸੁੱਟੀਆਂ, ਫਿਰ ਫਾਇਰਿੰਗ ਕੀਤੀ ਅਤੇ ਬਾਅਦ ਵਿਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਈ ਲੋਕਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਘਟਨਾ ਵਿਚ ਅਜੈ ਖੋਸਲਾ, ਉਨ੍ਹਾਂ ਦੀ ਪਤਨੀ, ਚਾਚਾ ਅਤੇ ਭਾਣਜਾ ਜ਼ਖਮੀ ਹੋਏ ਹਨ। ਅਜੈ ਦੇ ਚਾਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : 3 ਘੰਟਿਆਂ ਲਈ ਫ਼ਰੀ ਹੋਇਆ ਲਾਡੋਵਾਲ ਟੋਲ ਪਲਾਜ਼ਾ, ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਪੀੜਤ ਅਜੈ ਖੋਸਲਾ ਅਨੁਸਾਰ ਇਲਾਕੇ ਦੇ ਰਹਿਣ ਵਾਲੇ ਜੀਵੇਸ਼ ਸ਼ੇਰਗਿੱਲ, ਉਸ ਦੇ ਭਰਾ ਗੌਰਵ ਗਿੱਲ ਉਰਫ਼ ਗੋਰੀ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਦੋਸ਼ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਵਿਵਾਦ ਵਧਦਾ ਜਾ ਰਿਹਾ ਸੀ। ਐਤਵਾਰ ਰਾਤ ਨੂੰ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ ਪੱਥਰਬਾਜ਼ੀ ਕੀਤੀ ਅਤੇ ਫਿਰ ਲੱਗਭਗ ਅੱਧੀ ਦਰਜਨ ਗੋਲੀਆਂ ਚਲਾਈਆਂ। ਖੁਸ਼ਕਿਸਮਤੀ ਨਾਲ ਕਿਸੇ ਨੂੰ ਗੋਲੀ ਨਹੀਂ ਲੱਗੀ, ਪਰ ਇਕ ਗੋਲੀ ਨੇੜੇ ਖੜ੍ਹੀ ਕਾਰ ਵਿਚ ਜਾ ਲੱਗੀ। ਇਸ ਤੋਂ ਬਾਅਦ ਹਮਲਾਵਰ ਘਰ ਦੇ ਗੇਟ ਤੱਕ ਪਹੁੰਚ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਰੇਲਵੇ ਬੋਰਡ ਦਾ ਵੱਡਾ ਇਤਿਹਾਸਕ ਫੈਸਲਾ: ਹੁਣ ਇਨ੍ਹਾਂ ਮੁਲਾਜ਼ਮਾਂ ਦਾ ਵੀ ਅਫਸਰ ਬਣਨ ਦਾ ਸੁਪਨਾ ਹੋਵੇਗਾ ਪੂਰਾ

ਅਜੈ ਖੋਸਲਾ ਨੇ ਦੱਸਿਆ ਕਿ ਜਦੋਂ ਉਹ ਗੇਟ ਬੰਦ ਕਰ ਰਹੇ ਸਨ, ਉਦੋਂ ਹੀ ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ’ਤੇ ਵਾਰ ਕੀਤਾ। ਬਚਾਅ ਕਰਨ ਆਈ ਉਨ੍ਹਾਂ ਦੀ ਪਤਨੀ, ਚਾਚੇ ਅਤੇ ਭਾਣਜੇ ’ਤੇ ਵੀ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਾਰੇ ਜ਼ਖਮੀਆਂ ਦੇ ਸਿਰ ’ਤੇ ਟਾਂਕੇ ਲੱਗੇ ਹਨ, ਜਦਕਿ ਚਾਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ। ਥਾਣਾ ਨੰਬਰ 3 ਦੇ ਇੰਚਾਰਜ ਜਤਿੰਦਰ ਸਿੰਘ ਅਤੇ ਏ. ਐੱਸ. ਪੀ. ਨਾਰਥ ਅਸ਼ੋਕ ਮੀਣਾ ਨੇ ਟੀਮ ਸਮੇਤ ਜਾਂਚ ਸ਼ੁਰੂ ਕੀਤੀ। ਐੱਫ. ਐੱਸ. ਐੱਲ. ਦੀ ਟੀਮ ਨੇ ਵੀ ਮੌਕੇ ਤੋਂ ਸਬੂਤ ਜੁਟਾਏ ਹਨ। ਪੁਲਸ ਨੇ ਜੀਵੇਸ਼ ਸ਼ੇਰਗਿੱਲ, ਗੌਰਵ ਗਿੱਲ ਉਰਫ਼ ਗੋਰੀ, ਸਾਹਿਲ ਸਹੋਤਾ, ਵਿਵੇਕ ਗਿੱਲ, ਕਰਣ ਅਤੇ ਹਰਸ਼ ਸਮੇਤ ਹੋਰ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਇਕ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦਕਿ ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ, ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਫਾਇਰਿੰਗ ਵਿਚ ਵਰਤਿਆ ਗਿਆ ਹਥਿਆਰ ਲਾਇਸੈਂਸੀ ਸੀ ਜਾਂ ਗੈਰ-ਕਾਨੂੰਨੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News